ਟਮਾਟਰਾਂ ਦੀ ਬੇਕਦਰੀ, ਕਾਸ਼ਤਕਾਰਾਂ ਦੇ ਚਿਹਰਿਆਂ ਦੇ ਰੰਗ ਉੱਡੇ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਦਿਨੋਂ ਦਿਨ ਵੱਧ ਰਹੀ ਮਹਿੰਗਾਈ ਕਾਰਨ ਜਿਥੇ ਬੀਜ਼, ਖਾਦਾਂ, ਦਵਾਈਆਂ, ਤੇਲ ਅਤੇ ਲੇਬਰਾਂ ਮਹਿੰਗੀਆਂ ਹੋ ਰਹੀਆਂ ਹਨ, ਉਥੇ ਸਖ਼ਤ ਮਿਹਨਤ ਕਰਕੇ ਚੌਖੀ ਆਮਦਨ ਹੋਣ ਦੀਆਂ ਉਮੀਦਾਂ ਨਾਲ ਕਿਸਾਨਾਂ ਵੱਲੋਂ ਬਿਜਾਈ ਕੀਤੀ ਗਈ ਟਮਾਟਰਾਂ ਦੀ ਫ਼ਸਲ ਪੱਕਣ ਉਪਰੰਤ ਟਮਾਟਰਾਂ ਦੀ ਮੰਡੀਆਂ ਵਿੱਚ ਹੋ ਰਹੀ ਬੇਕਦਰੀ ਕਾਰਨ ਟਮਾਟਰ ਕਾਸ਼ਤਕਾਰਾਂ ਦੀਆਂ ਆਸਾਂ ਉਮੀਦਾਂ ਤੇ ਪਾਣੀ ਫਿਰਨ ਕਾਰਨ ਕਿਸਾਨਾਂ ਦੇ ਚਿਹਰਿਆਂ ਦੇ ਰੰਗ ਉੱਡੇ ਹੋਏ ਹਨ। ਟਮਾਟਰ ਕਾਸ਼ਤਕਾਰਾਂ ਦਾ ਕਹਿਣਾ ਹੈ ਕਿ ਜਿੱਥੇ ਟਮਾਟਰਾਂ ਦਾ ਭਾਅ ਵਿੱਚ ਵੱਡੀ ਗਿਰਾਵਟ ਆਈ ਹੈ ਉੱਥੇ ਅੱਤ ਦੀ ਪੈ ਰਹੀ ਗਰਮੀ ਕਾਰਨ ਟਮਾਟਰ ਝੁਲਸ ਰੋਗ ਕਾਰਨ ਗਲਣੇ ਸ਼ੁਰੂ ਹੋ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਟਮਾਟਰ ਕਾਸ਼ਤਕਾਰ ਦਵਿੰਦਰ ਸਿੰਘ ਸੋਨੂ, ਜੋਗਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਨਿੱਜਰਪੁਰ, ਰਣਦੀਪ ਸਿੰਘ ਸਰਪੰਚ, ਸੇਵਾ ਸਿੰਘ, ਨਵਦੀਪ ਆਦਿ ਨੇ ਦੱਸਿਆ ਕਿ ਕੇਵਲ ਪਿੰਡ ਨਿੱਜਰਪੁਰ ਵਿੱਚ 100 ਏਕੜ ਤੋਂ ਵੱਧ ਜ਼ਮੀਨ ਵਿੱਚ ਵੱਖ-ਵੱਖ ਕਿਸਾਨਾਂ ਵੱਲੋਂ ਟਮਾਟਰਾਂ ਦੀ ਕਾਸ਼ਤ ਕੀਤੀ ਹੋਈ ਹੈ। ਉਹਨਾਂ ਦੱਸਿਆ ਕਿ ਇੱਕ ਏਕੜ ਵਿੱਚ ਕਰੀਬ 8 ਹਜ਼ਾਰ ਟਮਾਟਰ ਦੇ ਬੂਟੇ ਪ੍ਰਤੀ ਬੂਟਾ 75 ਪੈਸੇ ਲੈ ਕੇ ਟਮਾਟਰਾਂ ਦੀ ਪਨੀਰੀ ਖੇਤਾਂ ਵਿੱਚ ਲਗਾਈ ਸੀ। ਉਨ੍ਹਾਂ ਦੱਸਿਆ ਕਿ ਟਮਾਟਰ ਦੀ ਬਿਜਾਈ ਦੌਰਾਨ ਵਾਹੀ, ਖਾਦਾਂ, ਗੁਡਾਈ, ਦਵਾਈਆਂ ਦੀ ਸਪਰੇ ਆਦਿ ਲੇਬਰਾਂ ਸਮੇਤ ਪ੍ਰਤੀ ਏਕੜ 25 ਹਜ਼ਾਰ ਦੇ ਕਰੀਬ ਖਰਚਾ ਆਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਜਦੋਂ ਟਮਾਟਰਾਂ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਤਾਂ ਟਮਾਟਰ ਦਾ ਭਾਅ ਇਸ ਵੇਲੇ ਪ੍ਰਤੀ ਕਰੇਟ 1 ਰੁਪਏ ਤੋਂ ਲੈ ਕੇ 150 ਰੁਪਏ ਤੱਕ ਪਠਾਨਕੋਟ ਅਤੇ ਅੰਮ੍ਰਿਤਸਰ ਦੀਆਂ ਵੱਡੀਆਂ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਤਰਲੇ ਮਾਰ-ਮਾਰ ਕੇ ਵੇਚਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪ੍ਰਤੀ ਕਰੇਟ (24 ਕਿੱਲੋ) ਦੀ ਤੁੜਵਾਈ 20 ਤੋਂ 25 ਰੁਪਏ ਲੇਬਰ ਦਿੱਤੀ ਜਾ ਰਹੀ ਹੈ ਜਦਕਿ 80 ਦੇ ਕਰੀਬ ਟਮਾਟਰਾਂ ਦੇ ਭਰੇ ਕਰੇਟ ਪਠਾਨਕੋਟ ਵੇਚਣ ਲਈ ਲਿਜਾਣ ਲਈ ਗੱਡੀ ਦਾ ਖਰਚ 2800 ਦੇ ਕਰੀਬ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਟਮਾਟਰ ਦਾ ਭਾਅ ਘੱਟ ਹੋਣ ਕਾਰਨ ਉਨ੍ਹਾਂ ਨੂੰ ਵੱਡੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਸਰਦੀਆਂ ਦੇ ਮੌਸਮ ਦੌਰਾਨ ਵੀ ਮਟਰ ਅਤੇ ਗੋਭੀ ਦਾ ਭਾਅ ਘੱਟ ਹੋਣ ਕਾਰਨ ਉਨ੍ਹਾਂ ਨੂੰ ਚੋਖਾ ਖਰਚ ਕਰਕੇ ਤਿਆਰ ਕੀਤੀਆਂ ਫਸਲਾਂ ਖੇਤਾਂ ਵਿੱਚ ਹੀ ਵਾਹੁਣੀਆਂ ਪਈਆਂ ਸਨ। ਦਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਹੀ ਰੇਟ ਘੱਟ ਰਿਹਾ ਤਾਂ ਉਹਨਾਂ ਨੂੰ ਮਜਬੂਰਨ ਆਪਣੇ ਖੇਤਾਂ ਵਿੱਚ ਹੀ ਟਮਾਟਰਾਂ ਦੀ ਫਸਲ ਨੂੰ ਵਾਹੁਣਾ ਪਵੇਗਾ। ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਟਮਾਟਰ ਕਾਸ਼ਤਕਾਰਾਂ ਲਈ ਸੌਸ ਅਤੇ ਚੱਟਣੀਆ ਬਣਾਉਣ ਵਾਲੀਆਂ ਕੰਪਨੀਆਂ ਇਸ ਇਲਾਕੇ ਵਿੱਚ ਖੋਲਣ ਤੋਂ ਇਲਾਵਾ ਇਸ ਇਲਾਕੇ ਵਿੱਚ ਸਰਕਾਰ ਵੱਲੋਂ ਬਣਾਏ ਜਾ ਰਹੇ ਚਾਰ ਮਾਰਗੀ ਕਰਤਾਰਪੁਰ ਕੋੜੀਡੋਰ ਡੇਰਾ ਬਾਬਾ ਨਾਨਕ ਦੀ ਸਰਹੱਦ ਤੋਂ ਸਬਜ਼ੀਆਂ ਦਾ ਵਪਾਰ ਖੋਲਿਆ ਜਾਵੇ ਤਾਂ ਜੋ ਕਿਸਾਨਾਂ ਅਤੇ ਸਰਕਾਰਾਂ ਨੂੰ ਆਰਥਿਕ ਤੌਰ ਤੇ ਲਾਭ ਪ੍ਰਾਪਤ ਹੋ ਸਕੇ।