2026 ਨਿਗਮ ਚੋਣਾਂ ਨੂੰ ਲੈ ਕੇ ‘ਆਪ’ ਅਤੇ ਕਾਂਗਰਸ ’ਚ ਤਗੜਾ ਮੁਕਾਬਲਾ
ਜ਼ਰੂਰੀ..........ਬਟਾਲਾ ਨਗਰ ਨਿਗਮ ਚੋਣਾਂ: 2026 ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ’ਚ ਤਗੜਾ ਮੁਕਾਬਲਾ
Publish Date: Sat, 23 May 2026 03:52 PM (IST)
Updated Date: Sun, 24 May 2026 04:02 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਬਟਾਲਾ: ਜਿਉਂ ਜਿਉਂ 26 ਮਈ ਦਾ ਦਿਨ ਨੇੜੇ ਆਉਂਦਾ ਜਾ ਰਿਹਾ ਹੈ, ਤਿਉਂ-ਤਿਉਂ ਨਗਰ ਨਿਗਮ ਬਟਾਲਾ ਦਾ ਚੋਣ ਅਖਾੜਾ ਪੂਰੀ ਤਰ੍ਹਾਂ ਭਖਦਾ ਜਾ ਰਿਹਾ ਹੈ। ਬਟਾਲਾ ਨਗਰ ਨਿਗਮ ਲਈ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ 50 ਵਾਰਡਾਂ ਵਿੱਚ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਜਿੱਥੇ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਗਏ ਹਨ, ਉੱਥੇ ਦੂਜੇ ਪਾਸੇ ਕਈ ਅਜਿਹੇ ਆਗੂ ਵੀ ਹਨ, ਜੋ ਇਨ੍ਹਾਂ ਨਿਗਮ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਨਿੱਤਰੇ ਹੋਏ ਹਨ। ਜੇਕਰ ਝਾਤ ਮਾਰੀਏ ਤਾਂ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਬਣਿਆ ਹੋਇਆ ਹੈ। ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਤੇ ਹਲਕਾ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਚੋਣ ਪ੍ਰਚਾਰ ਦੀ ਖੁਦ ਕਮਾਣ ਸੰਭਾਲੀ ਹੋਈ ਹੈ ਅਤੇ ਦੂਜੇ ਪਾਸੇ ਕਾਂਗਰਸ ਵੱਲੋਂ ਅਮਨਦੀਪ ਜੈਂਤੀਪੁਰ ਆਪਣੇ ਉਮੀਦਵਾਰਾਂ ਦੀ ਪੂਰੀ ਤਰ੍ਹਾਂ ਪੈਰਵਾਈ ਕਰ ਰਹੇ ਹਨ ਅਤੇ ਦੂਜੀ ਵਾਰ ਨਗਰ ਨਿਗਮ ’ਤੇ ਧਾਂਕ ਜਮਾਉਣ ਲਈ ਹਰ ਹੀਲਾ ਵਰਤ ਰਹੇ ਹਨ। ਇਸ ਵੇਲੇ ਨਿਗਮ ਚੋਣਾਂ ਨੂੰ ਲੈ ਕੇ ਸਥਿਤੀ ਬੜੀ ਦਿਲਚਸਪ ਬਣੀ ਹੋਈ ਹੈ ਅਤੇ ਲੱਗਭੱਗ ਚੋਣ ਮੈਦਾਨ ਵਿੱਚ ਉਤਰਿਆ ਹਰੇਕ ਉਮੀਦਵਾਰ ਆਪਣੀ ਜਿੱਤ ਪੱਕੀ ਸਮਝੀ ਬੈਠਾ ਹੈ। ਪ੍ਰੰਤੂ ਇੱਥੇ ਇਹ ਕਹਿਣ ਵਿੱਚ ਕੋਈ ਦੋ ਰਾਵਾਂ ਨਹੀਂ ਹੋਣਗੀਆਂ ਕਿ ਸਿਆਸਤ ਇੱਕ ਅਜਿਹੀ ਤਿਲਕਣਬਾਜ਼ੀ ਹੈ, ਜਿੱਥੇ ਕਿਸੇ ਵੇਲੇ ਕੀ ਹੋ ਜਾਵੇ, ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਬਟਾਲਾ ਨਗਰ ਨਿਗਮ ਤੇ ਜਿੱਥੇ ਕਾਂਗਰਸ ਪਾਰਟੀ ਦਾ ਕਬਜ਼ਾ ਸੀ, ਉੱਥੇ ਹੁਣ ਦੁਬਾਰਾ ਕਾਂਗਰਸ ਪਾਰਟੀ ਆਪਣੀਆਂ ਪੈਣੀ ਨਿਗਾਹਾਂ ਟਿਕਾਈ ਬੈਠੀ ਹੈ ਅਤੇ ਦੂਜੀ ਵਾਰ ਨਿਗਮ ਦੀ ਪ੍ਰਧਾਨਗੀ ਤੇ ਆਪਣਾ ਮੁੜ ਦਬਦਬਾ ਕਾਇਮ ਰੱਖਣ ਲਈ ਹਰ ਹੀਲਾ ਵਰਤਣ ਤੋਂ ਗੁਰੇਜ ਨਹੀਂ ਕਰੇਗੀ। ਪਰ ਸਿਆਸੀ ਮਾਹਿਰਾਂ ਦੀ ਜੇਕਰ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਸ ਕਿਸੇ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਹੋਵੇ ਉਹੀ ਪਾਰਟੀ ਆਪਣਾ ਨਿਗਮ ਜਾਂ ਨਗਰ ਕੌਂਸਲ ਵਿੱਚ ਮੇਅਰ ਜਾਂ ਪ੍ਰਧਾਨ ਬਣਾਉਣ ਵਿੱਚ ਕਾਮਯਾਬ ਹੁੰਦੀ ਹੈ, ਜਦਕਿ ਬਾਕੀ ਪਾਰਟੀਆਂ ਨੂੰ ਹਾਰ ਦੇ ਰੂਪ ਵਿੱਚ ਦਰਕਿਨਾਰ ਹੋਣ ਲਈ ਮਜਬੂਰ ਹੋਣਾ ਪੈਂਦਾ ਹੈ। ਇੱਥੇ ਹੁਣ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਹ ਗੱਲ ਸਪੱਸ਼ਟ ਹੈ ਕਿ ਬਟਾਲਾ ਦੇ ਆਪ ਵਿਧਾਇਕ ਸ਼ੈਰੀ ਕਲਸੀ ਵੱਲੋਂ ਸ਼ਹਿਰ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਵਿੱਚ ਆਪਣਾ ਅਹਿਮ ਰੋਲ ਅਦਾ ਕੀਤਾ ਗਿਆ ਹੈ। ਵਿਧਾਇਕ ਸ਼ੈਰੀ ਕਲਸੀ ਵਿਰੋਧੀ ਪਾਰਟੀਆਂ ਦੇ ਖੇਮੇ ’ਚ ਸੰਨ ਲਗਾਉਣ ’ਚ ਕਾਮਯਾਬ ਹੋਏ ਹਨ ਅਤੇ ਆਮ ਆਦਮੀ ਪਾਰਟੀ ਦਾ ਮੇਅਰ ਬਣਾਉਣ ਲਈ ਪੂਰੀ ਤਿਆਰੀ ਕਰ ਚੁੱਕੇ ਹਨ।ਪਰ ਦੇਖਣਾ ਇਹ ਹੈ ਕਿ ਕੀ ਹੁਣ ਬਟਾਲਾ ਹਲਕੇ ਦਾ ਵੋਟਰ ਨਿਗਮ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣਾਉਣ ਲਈ ਆਪ ਦੇ ਹੱਕ ਵਿੱਚ ਆਪਣੇ ਕੀਮਤੀ ਵੋਟ ਦਾ ਇਸਤੇਮਾਲ ਕਰੇਗਾ। ਇਸੇ ਤਰ੍ਹਾਂ ਜੇਕਰ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ 2021 ਵਿੱਚ ਕਾਂਗਰਸ ਪਾਰਟੀ ਨੇ ਨਗਰ ਨਿਗਮ ਚੋਣਾਂ ’ਚ ਹੂੰਝਾ ਫੇਰ ਜਿੱਤ ਹਾਸਿਲ ਕੀਤੀ ਸੀ ਅਤੇ ਇਸ ਵਾਰ ਫੇਰ ਕਾਂਗਰਸ ਦੇ ਆਗੂਆਂ ਨੇ ਆਪਣੇ ਮਤਭੇਦ ਭੁਲਾ ਕੇ ਨਗਰ ਨਿਗਮ ਚੋਣਾਂ ਨੂੰ ਜਿੱਤਣ ਲਈ ਮਨ ਬਣਾਇਆ ਹੋਇਆ ਹੈ । ਬਟਾਲਾ ਦੀ ਸਿਆਸਤ ਚ ਨਗਰ ਨਿਗਮ ਚੋਣਾਂ ’ਚ ਕੁੱਦੇ ਅਮਨਦੀਪ ਜੈਂਤੀਪੁਰ ਕਾਂਗਰਸ ਦੀ ਹਾਈ \ਕਮਾਂਡ ਦੇ ਆਗੂਆਂ ਦੇ ਥਾਪੜੇ ਨਾਲ ਕਾਂਗਰਸ ਪਾਰਟੀ ਦੇ ਬਟਾਲਾ ਲਈ ਮੁੱਖ ਸੂਤਰ ਬਣੇ ਹੋਏ ਹਨ। ਉਧਰ ਸਵ. ਸ਼੍ਰੀ ਕਸਤੂਰੀ ਲਾਲ ਸੇਠ ਦੇ ਸਪੁੱਤਰ ਗੌਤਮ ਗੁੱਡੂ ਸੇਠ ਆਪਣੇ ਸਾਫ ਸੁਥਰੇ ਅਤੇ ਸਾਊ ਅਕਸ ਵਜੋਂ ਜਾਣੇ ਜਾਂਦੇ ਹਨ ਅਤੇ ਨਗਰ ਨਿਗਮ ਚੋਣਾਂ ’ਚ ਅਹਿਮ ਰੋਲ ਅਦਾ ਕਰ ਰਹੇ ਹਨ। ਸਾਬਕਾ ਮੇਅਰ ਸੁਖਦੀਪ ਸਿੰਘ ਤੇਜਾ ਵੀ ਕਾਂਗਰਸ ਨੂੰ ਜਿਤਾਉਣ ਲਈ ਪੂਰਾ ਯਤਨ ਕਰ ਰਹੇ ਹਨ। ਦੂਜੇ ਪਾਸੇ, ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਨਰੇਸ਼ ਮਹਾਜਨ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੀ ਸ਼ਾਖ ਨੂੰ ਬਰਕਰਾਰ ਰੱਖਣ ਲਈ ਅਕਾਲੀ ਦਲ ਵੱਲੋਂ ਉਤਾਰੇ ਗਏ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਇਸੇ ਤਰ੍ਹਾਂ, ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਬਟਾਲਾ ਦੇ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਭਾਜਪਾ ਦੇ ਰੁੱਸੇ ਆਗੂਆਂ ਨੂੰ ਨਾਲ ਲੈ ਕੇ ਭਾਜਪਾ ਦਾ ਵੋਟ ਆਧਾਰ ਵਧਾਉਣ ਲਈ ਹਰ ਹੀਲਾ ਵਰਤ ਰਹੇ ਹਨ। ਇਸ ਤੋਂ ਇਲਾਵਾ ਜੇਕਰ ਆਜ਼ਾਦ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੁਆਰਾ ਵਿੱਚੋਂ ਜੇਕਰ ਕੋਈ ਉਮੀਦਵਾਰ ਜਿੱਤ ਪ੍ਰਾਪਤ ਕਰ ਜਾਂਦਾ ਹੈ ਤਾਂ ਉਹ ਕਿਸ ਪਾਰਟੀ ਵੱਲ ਜਾਵੇਗਾ ਇਹ ਤਾਂ ਹੁਣ ਨਿਗਮ ਚੋਣਾਂ ਹੋਣ ਉਪਰੰਤ ਆਉਣ ਵਾਲੇ ਨਤੀਜੇ ’ਤੇ ਹੀ ਸਥਿਤੀ ਸਪੱਸ਼ਟ ਹੋਵੇਗੀ। ਬਾਕੀ 26 ਮਈ ਦਾ ਦਿਨ ਹੀ ਦੱਸੇਗਾ ਕਿ ਨਗਰ ਨਿਗਮ ਬਟਾਲਾ ਤੇ ਦੂਜੀ ਵਾਰ ਕਾਂਗਰਸ ਪਾਰਟੀ ਆਪਣਾ ਦਬਦਬਾ ਕਾਇਮ ਰੱਖਦੀ ਹੋਈ ਮੇਅਰ ਬਣਾਉਣ ਵਿੱਚ ਸਫਲ ਹੁੰਦੀ ਹੈ ਜਾਂ ਫਿਰ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਸਮੇਤ ਅਕਾਲੀ ਦਲ ਤੇ ਭਾਜਪਾ ਨੂੰ ਵੀ ਠਿੱਬੀ ਲਾਉਂਦੀ ਹੋਈ ਸਪਸ਼ਟ ਬਹੁਮਤ ਨਾਲ ਆਪਣਾ ਮੇਅਰ ਬਣਾਉਣ ਵਿੱਚ ਕਾਮਯਾਬ ਹੁੰਦੀ ਹੈ।