ਗੁਰਦਾਸਪੁਰ, ਦੀਨਾਨਗਰ ਅਤੇ ਕਾਦੀਆਂ ਨਗਰ ਕੌਂਸਲ ਦੀਆਂ ਚੋਣਾਂ ਦਾ ਵੀ ਐਲਾਨ
ਗੁਰਦਾਸਪੁਰ, ਦੀਨਾਨਗਰ ਅਤੇ ਕਾਦੀਆਂ ਨਗਰ ਕੌਂਸਲ ਦੀਆਂ ਚੋਣਾਂ ਦਾ ਵੀ ਐਲਾਨ
Publish Date: Sat, 23 May 2026 04:33 PM (IST)
Updated Date: Sun, 24 May 2026 04:04 AM (IST)

ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਸਥਾਨਕ ਸਰਕਾਰਾਂ ਵਿਭਾਗ (ਨਗਰ ਨਿਗਮ ਚੋਣ ਸ਼ਾਖਾ) ਨੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਦੀਆਂ ਬਾਕੀ ਬਚੀਆਂ ਤਿੰਨ ਨਗਰ ਕੌਂਸਲਾਂ ਗੁਰਦਾਸਪੁਰ, ਦੀਨਾਨਗਰ ਅਤੇ ਕਾਦੀਆਂ ਦੀਆਂ ਚੋਣਾਂ ਜੂਨ ਦੇ ਪਹਿਲੇ ਹਫ਼ਤੇ ਕਰਵਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਜਦੋਂ ਕਿ ਨਗਰ ਨਿਗਮ ਬਟਾਲਾ, ਨਗਰ ਕੌਂਸਲ ਧਾਰੀਵਾਲ, ਫਤਿਹਗੜ੍ਹ ਚੂੜੀਆਂ ਅਤੇ ਨਗਰ ਕੌਂਸਲ ਸ੍ਰੀਹਰਗੋਬਿੰਦਪੁਰ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ। ਕੁੱਲ ਮਿਲਾ ਕੇ ਹੁਣ ਗੁਰਦਾਸਪੁਰ, ਦੀਨਾਨਗਰ ਅਤੇ ਕਾਦੀਆਂ ਨਗਰ ਕੌਂਸਲ ਦੀਆਂ ਚੋਣਾਂ ਨੂੰ ਸਿਰਫ਼ ਕੁਝ ਹੀ ਦਿਨ ਬਾਕੀ ਰਹਿ ਗਏ ਹਨ ਜਿਸ ਕਾਰਨ ਸਾਰੀਆਂ ਪਾਰਟੀਆਂ ਤਿਆਰੀਆਂ ਵਿੱਚ ਜੁੱਟ ਗਈਆਂ ਹਨ। ਨੋਟੀਫਿਕੇਸ਼ਨ ਮੁਤਾਬਕ ਇਹ ਕਦਮ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਚੁੱਕਿਆ ਗਿਆ ਹੈ ਜਿਸ ਤਹਿਤ ਉਕਤ ਤਿੰਨਾਂ ਨਗਰ ਕੌਂਸਲਾਂ ਦੀਆਂ ਚੋਣਾਂ 10 ਜੂਨ ਤੋਂ ਪਹਿਲਾਂ ਮੁਕੰਮਲ ਕਰਵਾਈਆਂ ਜਾਣਗੀਆਂ। ਇਹ ਨੋਟੀਫਿਕੇਸ਼ਨ ਸਕੱਤਰ ਸਥਾਨਕ ਸਰਕਾਰਾਂ ਵਿਭਾਗ ਮਨਜੀਤ ਸਿੰਘ ਬਰਾੜ ਵੱਲੋਂ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਰਾਜ ਚੋਣ ਕਮਿਸ਼ਨਰ ਨੂੰ ਲੋੜੀਂਦੀ ਕਾਰਵਾਈ ਕਰਨ ਨੂੰ ਕਿਹਾ ਗਿਆ ਹੈ, ਜਦੋਂ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਬੰਧਤ ਨਗਰ ਕੌਂਸਲਾਂ ਦੇ ਕਾਰਜਕਾਰੀ ਅਫ਼ਸਰਾਂ ਨੂੰ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। --ਗੁਰਦਾਸਪੁਰ ਦੀਆਂ ਵਾਰਡਾਂ ਦਾ ਰਾਂਖਵਾਕਰਨ-- ਗੁਰਦਾਸਪੁਰ ਦੇ 29 ਵਾਰਡਾਂ ਵਿੱਚੋਂ 1, 21 ਅਤੇ 23 ਵਾਰਡ ਐੱਸਸੀ ਲਈ ਰਾਖਵੇਂ ਰੱਖੇ ਗਏ ਹਨ। 4, 18, 24 ਅਤੇ 29 ਵਾਰਡ ਐੱਸਸੀ ਮਹਿਲਾ ਲਈ ਰਾਖਵੇਂ ਹਨ ਜਦਕਿ ਵਾਰਡ ਨੰਬਰ 14 ਬੀਸੀ ਲਈ ਰਾਖਵਾਂ ਰੱਖਿਆ ਗਿਆ ਹੈ। ਇਸੇ ਤਰ੍ਹਾਂ ਵਾਰਡ ਨੰਬਰ 2, 6, 8, 10, 12, 16, 20, 22, 26 ਅਤੇ 28 ਜਨਰਲ ਮਹਿਲਾ ਲਈ ਰਾਖਵੇਂ ਹਨ, ਜਦਕਿ 3, 5, 7, 9, 11, 13, 15, 17, 19, 25 ਅਤੇ 27 ਜਨਰਲ ਸ਼੍ਰੇਣੀ ਲਈ ਰਾਖਵੇਂ ਕੀਤੇ ਗਏ ਹਨ। --ਦੀਨਾਨਗਰ ਦੀਆਂ ਵਾਰਡਾਂ ਦਾ ਰਾਂਖਵਾਕਰਨ-- ਇਸੇ ਤਰ੍ਹਾਂ ਦੀਨਾਨਗਰ ਦੇ 15 ਵਾਰਡਾਂ ਵਿਚੋਂ 1 ਅਤੇ 3 ਐੱਸਸੀ ਸ਼੍ਰੇਣੀ, 2, 8 ਅਤੇ 10 ਐੱਸਸੀ ਮਹਿਲਾਵਾਂ, 15 ਬੀਸੀ, 4, 6, 12 ਅਤੇ 14 ਜਨਰਲ ਮਹਿਲਾਵਾਂ ਅਤੇ 5, 7, 9, 11 ਅਤੇ 13 ਜਨਰਲ ਵਰਗ ਲਈ ਰਾਖਵੇਂ ਰੱਖੇ ਗਏ ਹਨ। --ਕਾਦੀਆਂ ਦੀਆਂ ਵਾਰਡਾਂ ਦਾ ਰਾਂਖਵਾਕਰਨ-- ਇਸੇ ਤਰ੍ਹਾਂ ਕਾਦੀਆਂ ਦੇ 15 ਵਾਰਡਾਂ ’ਚੋਂ 1 ਐੱਸਸੀ, 10 ਐੱਸਸੀ ਮਹਿਲਾ, 15 ਬੀਸੀ, 2, 4, 6, 8, 12 ਅਤੇ 14 ਜਨਰਲ ਮਹਿਲਾ ਅਤੇ 3, 5, 7, 9, 11 ਅਤੇ 13 ਆਮ ਵਰਗ ਲਈ ਰਾਖਵੇਂ ਕੀਤੇ ਗਏ ਹਨ। --- ਉਮੀਦਵਾਰ ਤਲਾਸ਼ਣਾ ਵੱਡੀ ਚੁਣੌਤੀ--- ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੀਆਂ ਨਗਰ ਨਿਗਮ ਬਟਾਲਾ ਤੋਂ ਇਲਾਵਾ ਨਗਰ ਕੌਂਸਲ ਧਾਰੀਵਾਲ, ਫਤਿਹਗੜ੍ਹ ਚੂੜੀਆਂ ਅਤੇ ਸ੍ਰੀਹਰਗੋਬਿੰਦਪੁਰ ਦੀਆਂ ਚੋਣਾਂ ਕਾਫ਼ੀ ਪਹਿਲਾਂ ਘੋਸ਼ਿਤ ਹੋਣ ਕਾਰਨ ਸਾਰੀਆਂ ਪਾਰਟੀਆਂ ਨੂੰ ਤਿਆਰੀਆਂ ਲਈ ਕਾਫ਼ੀ ਸਮਾਂ ਮਿਲ ਗਿਆ ਸੀ, ਪਰ ਹੁਣ ਜਦੋਂ ਘੋਸ਼ਣਾ ਤੋਂ ਲੈ ਕੇ ਨਤੀਜੇ ਤੱਕ ਸਿਰਫ਼ 20 ਦਿਨਾਂ ਦਾ ਸਮਾਂ ਹੈ ਤਾਂ ਪਾਰਟੀਆਂ ਲਈ ਸਭ ਤੋਂ ਵੱਡੀ ਚੁਣੌਤੀ ਉਮੀਦਵਾਰਾਂ ਦੀ ਤਲਾਸ਼ ਕਰਨੀ ਹੈ, ਕਿਉਂਕਿ ਕੁਝ ਪਾਰਟੀਆਂ ਚੋਣਾਂ ਟਲਣ ਦੀ ਗੱਲ ਸੋਚ ਕੇ ਲਾਪ੍ਰਵਾਹ ਹੋ ਗਈਆਂ ਸਨ। ਪਰ ਹੁਣ ਇਕਦਮ ਉਨ੍ਹਾਂ ਨੂੰ ਆਪਣੇ ਉਮੀਦਵਾਰ ਲੱਭਣੇ ਪੈਣਗੇ। ਸਭ ਤੋਂ ਵੱਡੀ ਚੁਣੌਤੀ ਗੁਰਦਾਸਪੁਰ ਨਗਰ ਕੌਂਸਲ ਵਿੱਚ ਹੋਵੇਗੀ, ਕਿਉਂਕਿ ਇੱਕ ਪਾਸੇ ਕਾਦੀਆਂ ਅਤੇ ਦੀਨਾਨਗਰ ਦੋਵਾਂ ਵਿੱਚ ਮਿਲਾ ਕੇ ਕੁੱਲ 30 ਵਾਰਡ ਹਨ, ਜਦੋਂ ਕਿ ਗੁਰਦਾਸਪੁਰ ਵਿੱਚ ਸਿਰਫ਼ 29 ਵਾਰਡ ਹਨ। ਅਜਿਹੇ ਵਿੱਚ ਸਭ ਤੋਂ ਪਾਰਟੀਆਂ ਲਈ ਇਕਦਮ 29-29 ਉਮੀਦਵਾਰਾਂ ਦੀ ਤਲਾਸ਼ ਕਰਨਾ ਆਸਾਨ ਨਹੀਂ ਹੋਵੇਗਾ, ਕਿਉਂਕਿ ਚੁਣੌਤੀ ਸਿਰਫ਼ ਉਮੀਦਵਾਰ ਤਲਾਸ਼ਣਾ ਹੀ ਨਹੀਂ, ਸਗੋਂ ਜਿੱਤਣ ਦਾ ਦਮ ਰੱਖਣ ਵਾਲੇ ਉਮੀਦਵਾਰ ਤਲਾਸ਼ਣਾ ਹੈ। ------ ਦਿਲਚਸਪ ਹੋਵੇਗਾ ਗੁਰਦਾਸਪੁਰ ਦਾ ਚੋਣ ਨਗਰ ਕੌਂਸਲ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਆਪਣੀ ਪੂਰੀ ਵਾਹ ਲਾਈ ਜਾ ਰਹੀ ਹੈ ਪਰ ਨਗਰ ਕੌਂਸਲ ਗੁਰਦਾਸਪੁਰ ਦੀਆਂ ਚੋਣਾਂ ਸਭ ਤੋਂ ਦਿਲਚਸਪ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਕਿ ਨਗਰ ਕੌਂਸਲ ਚੋਣਾਂ ਵਿੱਚ ਕਿਸੇ ਉਮੀਦਵਾਰ ਦਾ ਨਾਮਜ਼ਦਗੀ ਰੱਦ ਕੀਤੀ ਗਈ ਹੋਵੇ, ਪਰ ਇਸ ਵਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੌਰਾਨ ਵੱਡੇ ਪੱਧਰ ’ਤੇ ਉਮੀਦਵਾਰਾਂ ਦਾ ਨਾਮਜ਼ਦਗੀ ਰੱਦ ਹੋਣ ਕਾਰਨ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਭਗੇਲ ਸਿੰਘ ਬਾਹੀਆਂ ਦੋਵੇਂ ਹੀ ਪ੍ਰੈਸ ਕਾਨਫਰੰਸ ਕਰਕੇ ਇਹ ਚੇਤਾਵਨੀ ਦੇ ਚੁੱਕੇ ਹਨ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਵੀ ਉਮੀਦਵਾਰ ਦੀ ਨਾਮਜ਼ਦਗੀ ਰੱਦ ਕੀਤੀ ਗਈ ਤਾਂ ਉਹ ਵੱਡਾ ਸੰਘਰਸ਼ ਕਰਨਗੇ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਚੋਣ ਨੂੰ ਸ਼ਾਂਤੀਪੂਰਨ ਕਰਵਾਉਣ ਵਿੱਚ ਕਿਥੋਂ ਤੱਕ ਸਫ਼ਲ ਰਹਿੰਦਾ ਹੈ।