ਕਿਸਾਨ ਦੇ ਕਤਲ ਦੇ ਦੋਸ਼ ਵਿੱਚ 11 ਖ਼ਿਲਾਫ਼ ਕੇਸ ਦਰਜ

ਉਮੇਸ਼ ਅੱਤਰੀ, ਪੰਜਾਬੀ ਜਾਗਰਣ
ਪੁਰਾਣਾ ਸ਼ਾਲਾ: ਕਸਬਾ ਕਾਹਨੂੰਵਾਨ ਵਿੱਚ ਸ਼ਨਿਚਰਵਾਰ ਦੁਪਹਿਰ ਨੂੰ ਪਸ਼ੂਆਂ ਦੀ ਹਵੇਲੀ ਨੂੰ ਜਾਂਦੇ ਰਸਤੇ ਅਤੇ ਖੇਤ ਦੇ ਕਿਨਾਰੇ ਨੂੰ ਲੈ ਕੇ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਿਸਾਨ ਦਾ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਥਾਣਾ ਕਾਹਨੂੰਵਾਨ ਦੀ ਪੁਲਿਸ ਨੇ 11 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਬਲਜੀਤ ਕੌਰ ਵਾਸੀ ਨਵਾਂ ਪਿੰਡ ਕਾਹਨੂੰਵਾਨ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਉਸ ਦਾ ਪਤੀ ਕੁਲਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਖੇਤਾਂ ਵਿੱਚ ਬੀਜੀ ਪਨੀਰੀ ਨੂੰ ਪਾਣੀ ਲਾਉਣ ਜਾ ਰਹੇ ਸਨ। ਉਨ੍ਹਾਂ ਦੀ ਮੋਟਰ ਦੇ ਨੇੜੇ ਹੀ ਕੁਲਵੰਤ ਸਿੰਘ ਉਰਫ਼ ਮੋਤੀ ਭਾਟੀਆ ਵਾਸੀ ਕਾਹਨੂੰਵਾਨ ਦੀ ਪਸ਼ੂਆਂ ਦੀ ਹਵੇਲੀ ਹੈ। ਦੁਪਹਿਰ ਕਰੀਬ 12.15 ਵਜੇ ਜਦੋਂ ਉਹ ਅਤੇ ਉਸ ਦਾ ਪਤੀ ਮੋਤੀ ਭਾਟੀਆ ਦੀ ਹਵੇਲੀ ਕੋਲ ਪਹੁੰਚੇ ਤਾਂ ਹਵੇਲੀ ਕੋਲੋ ਕੁਲਵੰਤ ਸਿੰਘ ਉਰਫ਼ ਮੋਤੀ ਭਾਟੀਆ ਨੇ ਦਾਤਰ ਲਹਿਰਾਉਂਦਿਆਂ ਕਿਹਾ ਕਿ ਅੱਜ ਕੁਲਵਿੰਦਰ ਸਿੰਘ ਨੂੰ ਜ਼ਮੀਨ ਨਾ ਛੱਡਣ ਦਾ ਮਜ਼ਾ ਚਖਾ ਦੇਣਗੇ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕਈ ਵਾਰ ਉਸ ਦੇ ਪਤੀ ਨੂੰ ਜ਼ਮੀਨ ਛੱਡਣ ਲਈ ਆਖ ਚੁੱਕਾ ਸੀ ਪਰ ਉਹ ਇਸ ਲਈ ਤਿਆਰ ਨਹੀਂ ਸਨ। ਇਸ |ਤੇ ਮੁਲਜ਼ਮ ਕੁਲਵੰਤ ਸਿੰਘ, ਸਤਨਾਮ ਸਿੰਘ, ਜਨਕਾਰ ਸਿੰਘ, ਰਾਕੇਸ਼ ਮਸੀਹ, ਨਰੇਸ਼ ਮਸੀਹ, ਮੈਨੂਅਲ ਮਸੀਹ, ਕੁਲਦੀਪ ਸਿੰਘ, ਜਸ਼ਨਪ੍ਰੀਤ ਸਿੰਘ ਤੋਂ ਇਲਾਵਾ ਤਿੰਨ ਅਣਪਛਾਤੇ ਲੋਕ ਤੇਜ਼ਧਾਰ ਹਥਿਆਰਾਂ ਸਮੇਤ ਮੌਕੇ ’ਤੇ ਪਹੁੰਚ ਗਏ। ਸਾਰਿਆਂ ਨੇ ਹਥਿਆਰਾਂ ਨਾਲ ਉਨ੍ਹਾਂ ਦੇ ਪਤੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਹੀ ਨਹੀਂ ਮੁਲਜ਼ਮ ਉਸ ਦੇ ਪਤੀ ਨੂੰ ਘਸੀਟ ਕੇ ਆਪਣੀ ਪਸ਼ੂਆਂ ਵਾਲੀ ਹਵੇਲੀ ਵਿੱਚ ਲੈ ਗਏ। ਉੱਥੇ ਸਾਰਿਆਂ ਨੇ ਹਥਿਆਰਾਂ ਨਾਲ ਉਨ੍ਹਾਂ ਦੇ ਪਤੀ ਕੁਲਵਿੰਦਰ ਸਿੰਘ ਨੂੰ ਗੰਭੀਰ ਸੱਟਾਂ ਪਹੁੰਚਾਈਆਂ।
ਉਸ ਅਤੇ ਉਸਦੇ ਦੇ ਪਤੀ ਦੇ ਰੌਲਾ ਪਾਉਣ ’ਤੇ ਉਨ੍ਹਾਂ ਦਾ ਭਤੀਜਾ ਜਸਕਰਨ ਸਿੰਘ ਅਤੇ ਜੇਠ ਜਸਵੰਤ ਸਿੰਘ ਵਾਸੀ ਕਾਹਨੂੰਵਾਨ ਘਟਨਾ ਸਥਾਨ ’ਤੇ ਪਹੁੰਚ ਗਏ। ਉਨ੍ਹਾਂ ਨੂੰ ਵੇਖ ਕੇ ਮੁਲਜ਼ਮ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਉਸ ਨੇ ਜਸਕਰਨ ਅਤੇ ਜਸਵੰਤ ਸਿੰਘ ਦੀ ਸਹਾਇਤਾ ਨਾਲ ਆਪਣੇ ਪਤੀ ਨੂੰ ਇਲਾਜ ਲਈ ਕਾਹਨੂੰਵਾਨ ਹਸਪਤਾਲ ਪਹੁੰਚਾਇਆ, ਜਿੱਥੋਂ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਰੈਫ਼ਰ ਕਰ ਦਿੱਤਾ ਗਿਆ। ਸਿਵਲ ਹਸਪਤਾਲ ਲੈ ਕੇ ਜਾਂਦੇ ਸਮੇਂ ਰਸਤੇ ਵਿੱਚ ਹੀ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਮੋਤੀ ਭਾਟੀਆ ਅਤੇ ਮੋਨੂੰ ਭਾਟੀਆ ਉਨ੍ਹਾਂ ਦੇ ਘਰ ਕੋਲੋਂ ਲੰਘ ਰਹੇ ਸਨ। ਮੁਲਜ਼ਮਾਂ ਨੇ ਧਮਕੀ ਦੇ ਕੇ ਕਿਹਾ ਸੀ ਕਿ ਜੇਕਰ ਜਗ੍ਹਾ ਨਾ ਛੱਡੀ ਤਾਂ ਕੁਲਵਿੰਦਰ ਸਿੰਘ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਪੁਲਿਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।