ਜੇਐੱਨਐੱਨ, ਪਠਾਨਕੋਟ : ਪੰਜਾਬ ਦੇ ਪਠਾਨਕੋਟ ਦੀ 10ਵੀਂ 'ਚ ਪੜ੍ਹਨ ਵਾਲੀਆਂ ਦੋ ਵਿਦਿਆਰਥਣਾਂ ਕ੍ਰਿਤਿਕਾ ਤੇ ਹਰਸ਼ਿਤਾ ਨੇ ਕਮਾਲ ਦਾ ਉਪਕਰਨ ਬਣਾਇਆ ਹੈ। 'ਮੈਨਸਿਊ ਬਰਨਰ' ਨਾਂ ਦਾ ਇਹ ਉਪਕਰਨ ਵਰਤੇ ਜਾ ਚੁੱਕੇ ਸੈਨੇਟਰੀ ਪੈਡ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਕੇ ਖਾਦ 'ਚ ਤਬਦੀਲ ਕਰ ਦਿੰਦਾ ਹੈ। ਸਕੂਲ ਦੀ ਅਧਿਆਪਕਾ ਦੇ ਮਾਰਗਦਰਸ਼ਨ 'ਚ ਇਨ੍ਹਾਂ ਵਿਦਿਆਰਥਣਾਂ ਨੇ ਉਪਕਰਨ ਦਾ ਮੁੱਢਲਾ ਸਰੂਪ (ਪ੍ਰੋਟੋਟਾਈਪ) ਤਿਆਰ ਕੀਤਾ ਹੈ ਜਿਸ ਦੀ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਇਸਤੇਮਾਲ ਕੀਤੇ ਸੈਨੇਟਰੀ ਪੈਡ ਦੇ ਨਿਪਟਾਰੇ ਦੀ ਸਮੱਸਿਆ ਦੂਰ ਹੋ ਜਾਵੇਗੀ।

ਕ੍ਰਿਤਿਕਾ ਤੇ ਹਰਸ਼ਿਤਾ ਦਾ ਕਹਿਣਾ ਹੈ ਕਿ ਵਰਤੇ ਗਏ ਸੈਨੇਟਰੀ ਨੈਪਕਿਨ ਦਾ ਨਿਪਟਾਰਾ ਸਭ ਤੋਂ ਵੱਡੀ ਸਮੱਸਿਆ ਬਣ ਗਿਆ ਹੈ। ਅਮੂਮਨ ਇਸ ਨੂੰ ਪੌਲੀਥੀਨ ਜਾਂ ਕਾਗਜ਼ 'ਚ ਲਪੇਟ ਕੇ ਕੂੜੇ 'ਚ ਸੁੱਟ ਦਿੱਤਾ ਜਾਂਦਾ ਹੈ ਜੋ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦਾ ਹੈ। ਅਸੀਂ ਜਿਹੜਾ ਉਪਕਰਨ ਤਿਆਰ ਕੀਤਾ ਹੈ ਉਸ ਨੇ ਇਸ ਸਮੱਸਿਆ ਦਾ ਹੱਲ ਪੇਸ਼ ਕੀਤਾ ਹੈ। ਇਸ ਤੋਂ ਹੁਣ ਖ਼ਾਦ ਬਣੇਗੀ ਜਿਹੜੀ ਹਰਿਆਲੀ ਵਧਾਉਣ 'ਚ ਇਸਤੇਮਾਲ ਹੋਵੇਗੀ।

ਪਠਾਨਕੋਟ ਦੇ ਕ੍ਰਾਈਸਟ ਦਿ ਕਿੰਗ ਕਾਨਵੈਂਟ ਸਕੂਲ ਦੀਆਂ ਇਨ੍ਹਾਂ ਵਿਦਿਆਰਥਣਾਂ ਨੇ ਸੈਨੇਟਰੀ ਨੈਪਕਿਨ ਡਿਸਪੋਜ਼ਲ ਯੂਨਿਟ ਨੂੰ ਮੈਨਸਿਊ ਬਰਨਰ ਨਾਂ ਦਿੱਤਾ ਹੈ। ਨੈਪਕਿਨ ਸਾੜਨ ਤੋਂ ਬਾਅਦ ਜਿਹੜੀ ਸੁਆਹ ਬਣੇਗੀ, ਉਸ ਨੂੰ ਘਰਾਂ 'ਚ ਗ਼ਮਲਿਆਂ 'ਚ ਖਾਦ ਦੇ ਰੂਪ ਵਰਤਿਆ ਜਾ ਸਕਦਾ ਹੈ।

ਸੜਨ 'ਤੇ ਬਣਨ ਵਾਲੀ ਸੁਆਹ ਖਾਦ ਦੇ ਰੂਪ 'ਚ ਕੀਤੀ ਜਾ ਸਕੇਗੀ ਇਸਤੇਮਾਲ

ਭਾਰਤ ਸਰਕਾਰ ਵੱਲੋਂ 27 ਤੋਂ 31 ਦਸੰਬਰ 2019 ਤਕ ਕੇਰਲ 'ਚ ਕਰਵਾਏ ਨੈਸ਼ਨਲ ਚਿਲਡਰਨ ਕਾਂਗਰਸ 'ਚ ਦੇਸ਼ ਭਰ ਦੇ ਸਕੂਲਾਂ ਤੋਂ 685 ਟੀਮਾਂ ਨੇ ਹਿੱਸਾ ਲਿਆ ਸੀ। ਇਨ੍ਹਾਂ ਵਿਦਿਆਰਥਣਾਂ ਦਾ ਇਹ ਮਾਡਲ ਵੀ ਇਸ ਵਿਚ ਪੇਸ਼ ਕੀਤਾ ਗਿਆ ਜਿਸ ਨੂੰ ਸਾਰਿਆ ਨੇ ਸਰਾਹਿਆ। ਹੁਣ ਇਸ ਪ੍ਰੋਜੈਕਟ ਨੂੰ ਕੌਮਾਂਤਰੀ ਪੱਧਰ 'ਤੇ ਭੇਜਣ ਦੀ ਤਿਆਰੀ ਚੱਲ ਰਹੀ ਹੈ।

ਗੁੜ, ਸਹਿਜਨ ਤੇ ਨਿੰਮ ਦੇ ਪੱਤੇ ਮਿਲਾਉਣ 'ਤੇ ਬਣ ਜਾਵੇਗੀ ਜੈਵਿਕ ਖਾਦ

ਵਿਦਿਆਰਥਣਾਂ ਨੇ ਦੱਸਿਆ ਕਿ ਉਪਕਰਨ 'ਚ ਥਰਮੋਸਟੇਟ ਨਾਲ 1500 ਵਾਟ ਸਮਰੱਥਾ ਦਾ ਕੁਆਇਲ ਹੀਟਰ ਲਗਾਇਆ ਗਿਆ ਹੈ। ਟੀਨ ਦੀ ਚਾਦਰ ਨਾਲ ਤਿਆਰ ਡੱਬੇ ਦੇ ਅੰਦਰੂਨੀ ਹਿੱਸੇ 'ਚ ਮਿੱਟੀ ਦੀ ਮੋਟੀ ਪਰਤ ਚੜ੍ਹਾਈ ਹੈ। ਸੈਨੇਟਰੀ ਪੈਡ ਨੂੰ ਇਸ ਵਿਚ ਪਾਉਣ 'ਤੇ ਇਕ ਢੁਕਵੇਂ ਤਾਪਮਾਨ 'ਤੇ ਇਹ ਸੜਨ ਲੱਗਦਾ ਹੈ। ਇਸ ਪ੍ਰਕਿਰਿਆ ਦੌਰਾਨ ਇਸ ਤੋਂ ਸਲਫਰ ਡਾਇਆਕਸਾਈਡ ਤੇ ਨਾਈਟ੍ਰੋਜਨ ਡਾਇਆਕਸਾਈਡ ਵਰਗੀਆਂ ਹਾਨੀਕਾਰਕ ਗੈਸਾਂ ਨਿਕਲਦੀਆਂ ਹਨ, ਜਿਨ੍ਹਾਂ ਨੂੰ ਚਾਰਕੋਲ (ਕਾਰਬਨ), ਪੋਟਾਸ਼ੀਅਮ ਡਾਇਕ੍ਰੋਮੇਟ ਤੇ ਫੇਰਸ ਸਲਫੇਟ ਦੇ ਜਾਰ 'ਚ ਰੱਖੇ ਮਿਸ਼ਰਨ 'ਚੋਂ ਗੁਜ਼ਾਰਿਆ ਜਾਂਦਾ ਹੈ। ਇਸ ਨਾਲ ਇਹ ਗੈਸਾਂ ਨਕਾਰਾ ਹੋ ਜਾਂਦੀਆਂ ਹਨ। ਨੈਪਕਿਨ ਸੜਨ ਨਾਲ ਬਣੀ ਸੁਆਹ ਨੂੰ ਖਾਦ ਦੇ ਰੂਪ 'ਚ ਇਸਤੇਮਾਲ ਕਰ ਸਕਦੇ ਹਨ। ਉੱਥੇ ਹੀ ਇਸ ਵਿਚ ਗੁੜ, ਸਹਿਜਨ ਤੇ ਨਿੰਮ ਦੀਆਂ ਪੱਤੀਆਂ ਮਿਲਾ ਕੇ ਇਸ ਨੂੰ ਜੈਵਿਕ ਖਾਦ 'ਚ ਤਬਦੀਲ ਕਰ ਸਕਦੇ ਹਾਂ।

ਮਾਡਲ ਨੂੰ ਤਿਆਰ ਕਰਨ 'ਚ ਬਾਇਓਲੌਜੀ ਦੀ ਅਧਿਆਪਕਾ ਕੰਚਨ ਗੁਲੇਰੀਆ ਵਿਦਿਆਰਥਣਾਂ ਦੀ ਗਾਈਡ ਰਹੀ। ਉਨ੍ਹਾਂ ਅਨੁਸਾਰ ਇਸ ਮਾਡਲ 'ਤੇ ਕੁੱਲ 800 ਰੁਪਏ ਖ਼ਰਚ ਆਇਆ ਹੈ। ਮੈਨਸਿਊ ਬਰਨਲ ਤਿੰਨ ਮਿੰਟ 'ਚ ਇਕ ਨੈਪਕਿਨ ਨੂੰ ਸੁਰੱਖਿਅਤ ਤਰੀਕੇ ਨਾਲ ਨਸ਼ਟ ਕਰ ਸਕਦਾ ਹੈ। ਮਾਡਲ 'ਚ ਹਾਲੇ ਹੋਰ ਸੁਧਾਰ ਕੀਤਾ ਜਾਵੇਗਾ। ਇਸ ਵਿਚ ਸੈਂਸਰ ਲਗਾਏ ਜਾਣਗੇ ਜਿਸ ਨਾਲ ਉਹ ਖ਼ੁਦ ਇਕ-ਇਕ ਕਰ ਕੇ ਨੈਪਕਿਨ ਨਸ਼ਟ ਕਰਦਾ ਰਹੇ। ਫਿਲਹਾਲ ਇਸ ਵਿਚ ਇਕ-ਇਕ ਕਰ ਕੇ ਸੈਨੇਟਰੀ ਨੈਪਕਿਨ ਪਾਉਣੇ ਪੈਂਦੇ ਹਨ। ਵਿਦਿਆਰਥਣਾਂ ਕ੍ਰਿਤਿਕਾ ਸਿੰਘ ਤੇ ਹਰਸ਼ਿਤਾ ਕਹਿੰਦੀ ਹੈ ਕਿ ਆਪਣੇ ਮਾਡਲ ਨੂੰ ਪਹਿਲੇ ਸਥਾਨ 'ਤੇ ਮਿਲਣ ਨਾਲ ਉਤਸ਼ਾਹ ਵਧਿਆ ਹੈ।

ਕਰਵਾਇਆ ਜਾਵੇਗਾ ਪੇਟੈਂਟ

ਜ਼ਿਲ੍ਹਾ ਸਿੱਖਿਆ ਅਧਿਕਾਰੀ ਬਲਵੀਰ ਸਿੰਘ ਤੇ ਜ਼ਿਲ੍ਹਾ ਵਿਗਿਆਨ ਨਿਗਰਾਨ ਰਾਜੇਸ਼ਵਰ ਸਲਾਰੀਆ ਕਹਿੰਦੇ ਹਨਕ ਿ ਇਸ ਉਪਲਬਧੀ ਲਈ ਵਿਦਿਆਰਥਣਾਂ ਤੇ ਉਨ੍ਹਾਂ ਦੀ ਗਾਈਡ ਨੂੰ ਗਣਤੰਤਰ ਦਿਵਸ 'ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮਾਡਲ ਦਾ ਪੇਟੈਂਟ ਵੀ ਕਰਵਾਇਆ ਜਾਵੇਗਾ।

Posted By: Seema Anand