ਪਠਾਨਕੋਟ : ਸਿਟੀ ਤੇ ਕੈਂਟ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਭਰੇ ਮਿਲੇ ਪੱਤਰ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਤੇ ਖ਼ੁਫ਼ੀਆ ਏਜੰਸੀਆਂ ਅਲਰਟ ਹੋ ਗਈਆਂ ਹਨ। ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਪਠਾਨਕੋਟ ਸਮੇਤ ਜੰਮੂ-ਤਵੀ ਤਕ ਸਾਰੇ ਸਟੇਸ਼ਨਾਂ ਦੀ ਸੁਰੱਖਿਆ ਵਿਵਸਥਾ ਨੂੰ ਵਧਾ ਦਿੱਤਾ ਗਿਆ ਹੈ। ਪੱਤਰ ਮਿਲਣ ਤੋਂ ਬਾਅਦ ਸਿਟੀ ਤੇ ਕੈਂਟ ਰੇਲਵੇ ਸਟੇਸ਼ਨ 'ਤੇ RPF ਅਤੇ GRP ਨੇ ਸਾਂਝੇ ਰੂਪ 'ਚ ਮੁਹਿੰਮ ਚਲਾ ਕੇ ਸਟੇਸ਼ਨ ਦੀ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ।

ਇਸ ਦੌਰਾਨ ਸਟੇਸ਼ਨ 'ਤੇ ਕੰਮ ਕਰਨ ਵਾਲੇ ਵੈਂਡਰਾਂ, ਕੁਲੀਆਂ, ਆਟੋ ਚਾਲਕਾਂ ਤੇ ਟੈਕਸੀ ਡਰਾਈਵਰਾਂ ਨਾਲ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਦਿਸੇ ਤਾਂ ਉਸ ਦੀ ਸੂਚਨਾ ਤੁਰੰਤ GRP, RPF ਤੇ ਰੇਲਵੇ ਅਧਿਕਾਰੀ ਨੂੰ ਦਿਉ ਤਾਂ ਜੋ ਸਮਾਂ ਰਹਿੰਦੇ ਉਸ ਦਾ ਪਤਾ ਲਗਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਬੀਤੇ ਸ਼ਨਿਚਰਵਾਰ ਨੂੰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਵੱਲੋਂ GRP ਪਟਿਆਲਾ ਹੈੱਡਕੁਆਰਟਰ ਨੂੰ ਚਿੱਠੀ ਭੇਜੀ ਗਈ ਸੀ। ਚਿੱਠੀ ਵਿਚ ਕੈਂਟ ਤੇ ਸਿਟੀ ਸਟੇਸ਼ਨ ਨੂੰ ਉਡਾਉਣ ਦੀ ਗੱਲ ਕਹੀ ਗਈ ਹੈ। ਚਿੱਠੀ ਮਿਲਣ ਤੋਂ ਬਾਅਦ GRP ਤੇ RPF ਪੂਰੀ ਤਰ੍ਹਾਂ ਨਾਲ ਮੁਸਤੈਦ ਹੋ ਗਈਆਂ ਹਨ।

RPF ਪਠਾਨਕੋਟ ਸਿਟੀ ਤੇ ਕੈਂਟ ਵਲੋਂ ਚਲਾਈ ਗਈ ਚੈਕਿੰਗ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਸਟੇਸ਼ਨ ਕੰਪਲੈਕਸ ਵਿਚ ਆਉਣ ਵਾਲੇ ਹਰੇਕ ਯਾਤਰੀ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਸਾਦੇ ਕੱਪੜਿਆਂ 'ਚ ਵੀ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਅਧਿਕਾਰੀਆਂ ਨੇ ਦੱਸਿਆ ਕਿ ਵੇਟਿੰਗ ਹਾਲ ਤੇ ਲੋਕੋ ਸ਼ੈੱਟ ਵਿਚ ਖੜ੍ਹੇ ਹੋਣ ਵਾਲੇ ਵਾਹਨਾਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਕਿਸੇ ਵੀ ਬਾਹਰੀ ਵਿਅਕਤੀ ਦਾ ਇੱਥੇ ਵਾਹਨ ਨਹੀਂ ਲੱਗਣਾ ਚਾਹੀਦਾ। ਚੈਕਿੰਗ ਮੁਹਿੰਮ ਤੋਂ ਬਾਅਦ ਰੇਲਵੇ ਕੰਪਲੈਕਸ ਵਿਚ ਕੰਮ ਕਰਨ ਵਾਲੇ ਵੈਂਡਰਾਂ, ਕੁਲੀਆਂ, ਟੈਕਸੀ ਚਾਲਕਾਂ ਤੇ ਆਟੋ ਚਾਲਕਾਂ ਨੂੰ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਸੁਰੱਖਿਆ ਏਜੰਸੀਆਂ ਸਟੇਸ਼ਨ ਦੀ ਸੁਰੱਖਿਆ ਵਿਵਸਥਾ ਨੂੰ ਯਕੀਨੀ ਬਣਾਉਣ ਦਾ ਕੰਮ ਕਰਦੀਆਂ ਹਨ, ਉਸੇ ਤਰ੍ਹਾਂ ਸੁਰੱਖਿਆ ਵਿਵਸਥਾ ਨੂੰ ਯਕੀਨੀ ਬਣਾਉਣ ਵਿਚ ਤੁਸੀਂ ਲੋਕ ਵੀ ਉਨ੍ਹਾਂ ਦੀ ਮਦਦ ਕਰ ਸਕਦੇ ਹੋ।

ਕਈ ਵਾਰ ਅਜਿਹਾ ਹੁੰਦਾ ਹੈ ਕਿ ਸ਼ਰਾਰਤੀ ਤੱਤ ਸਟੇਸ਼ਨ 'ਤੇ ਆਉਣ ਦੀ ਬਜਾਏ ਬਾਹਰੋਂ ਹੀ ਘਟਨਾ ਨੂੰ ਅੰਜਾਮ ਦੇਣ ਦੀ ਫ਼ਿਰਾਕ 'ਚ ਹੁੰਦੇ ਹਨ। ਅਜਿਹੇ ਲੋਕ ਪੁਲਿਸ ਤੋਂ ਬਚ-ਬਚਾਅ ਕੇ ਕਈ ਵਾਰ ਅੱਗੇ-ਪਿੱਛੇ ਹੋ ਜਾਂਦੇ ਹਨ ਜਿਨ੍ਹਾਂ ਬਾਰੇ ਤੁਹਾਨੂੰ ਥੋੜ੍ਹੀ-ਬਹੁਤ ਜਾਣਕਾਰੀ ਹੁੰਦੀ ਹੈ। ਪਰ, ਜਾਣਕਾਰੀ ਦੇਣ ਦੇ ਡਰੋਂ ਉਹ ਗੱਲ ਲੁਕਾ ਦਿੰਦੇ ਹਨ।

ਲੋਕ ਜੇਕਰ ਰੇਲਵੇ ਕੰਪਲੈਕਸ 'ਚ ਅਜਿਹੇ ਕਿਸੇ ਵਿਅਕਤੀ ਨੂੰ ਦੇਖੋ ਜਿਸ ਦੀਆਂ ਹਰਕਤਾਂ ਠੀਕ ਨਹੀਂ ਹਨ ਅਤੇ ਉਸ ਦੀ ਗੱਲਾਂ ਤੋਂ ਤੁਹਾਨੂੰ ਸ਼ੱਕ ਪੈਂਦਾ ਹੈ ਕਿ ਇਹ ਖ਼ਤਰਨਾਕ ਹੋ ਸਕਦਾ ਹੈ ਤਾਂ ਉਸ ਬਾਰੇ ਡਿਊਟੀ 'ਤੇ ਤਾਇਨਾਤ ਪੁਲਿਸ ਜਵਾਨ, ਰੇਲਵੇ ਅਧਿਕਾਰੀ ਨੂੰ ਦੱਸੋ ਤਾਂ ਜੋ ਸਮਾਂ ਰਹਿੰਦੇ ਉਸ ਦਾ ਪਤਾ ਲਗਾਇਆ ਜਾ ਸਕੇ। GRP ਦੇ ਕਾਰਜਕਾਰੀ ਇੰਚਾਰਜ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਕਿਹਾ GRP ਹੈੱਡਕੁਆਰਟਰ ਵਿਚ ਆਏ ਪੱਤਰ ਤੋਂ ਬਾਅਦ ਪਠਾਨਕੋਟ ਸਮੇਤ ਆਸ-ਪਾਸ ਦੇ ਲਗਦੇ ਸਾਰੇ ਸਟੇਸ਼ਨਾਂ 'ਤੇ ਤਾਇਨਾਤ ਜਵਾਨਾਂ ਨੂੰ ਹਥਿਆਰ ਸਮੇਤ ਡਿਊਟੀ ਕਰਨ ਲਈ ਕਿਹਾ ਗਿਆ ਹੈ।

Posted By: Seema Anand