ਸੰਵਾਦ ਸਹਿਯੋਗੀ, ਪਠਾਨਕੋਟ : ਸਿਵਲ ਹਸਪਤਾਲ ’ਚ ਫਰਸ਼ ’ਤੇ ਔਰਤ ਵੱਲੋਂ ਬੱਚੀ ਨੂੰ ਜਨਮ ਦੇਣ ਦੀ ਘਟਨਾ ਨੇ ਪੂਰੀ ਤਰ੍ਹਾਂ ਤੂਲ ਫੜ ਲਿਆ ਹੈ। ਸ਼ੁੱਕਰਵਾਰ ਨੂੰ ਜਿੱਥੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਹਸਪਤਾਲ ਦੇ ਡਾਕਟਰਾਂ ਨੂੰ ਝਾੜ ਪਾਈ, ਉੱਥੇ ਸ਼ਾਮ ਨੂੰ ਚੰਡੀਗੜ੍ਹ ਤੋਂ ਡਾਇਰੈਕਟਰ ਹੈਲਥ ਦਫ਼ਤਰ ਤੋਂ ਟੀਮ ਸਿਵਲ ਹਸਪਤਾਲ ਪੁੱਜੀ। ਸਿਹਤ ਵਿਭਾਗ ਦੇ ਸਹਾਇਕ ਨਿਰਦੇਸ਼ਕ ਡਾ. ਵਿਨੀਤ ਤੇ ਡਾ. ਜਸਕਿਰਨ ਨੇ ਸਿਵਲ ਸਰਜਨ ਦੀ ਮੌਜੂਦਗੀ ’ਚ ਘਟਨਾ ਵੇਲੇ ਡਿਊਟੀ ’ਤੇ ਤਾਇਨਾਤ ਸਟਾਫ ਤੇ ਹੋਰਨਾਂ ਤੋਂ ਪੁੱਛਗਿੱਛ ਕੀਤੀ। ਸਹਾਇਕ ਨਿਰਦੇਸ਼ਕ ਨੇ ਸਿਵਲ ਸਰਜਨ ਤੋਂ ਹਾਲੇ ਤਕ ਮਾਮਲੇ ’ਚ ਹੋਈ ਕਾਰਵਾਈ ਦੀ ਵੀ ਜਾਣਕਾਰੀ ਲਈ। ਸਾਰੇ ਪਹਿਲੂਆਂ ’ਤੇ ਚਰਚਾ ਕੀਤੀ ਗਈ। ਇਸ ਦੌਰਾਨ ਘਟਨਾ ਵਾਲੇ ਦਿਨ ਜਿਸ ਸਟਾਫ ਦੀ ਡਿਊਟੀ ਸੀ ਉਨ੍ਹਾਂ ਤੋਂ ਵੀ ਸਾਰੇ ਘਟਨਾਕ੍ਰਮ ਨੂੰ ਲੈ ਕੇ ਬਰੀਕੀ ਨਾਲ ਜਾਂਚ ਕੀਤੀ ਗਈ। ਅਧਿਕਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਚੰਡੀਗੜ੍ਹ ਤੋਂ ਟੀਮ ਨੇ ਸਿਰਫ਼ ਇੰਨਾ ਹੀ ਕਿਹਾ ਕਿ ਸਾਰੇ ਪਹਿਲੂਆਂ ’ਤੇ ਜਾਣਕਾਰੀ ਲਈ ਗਈ ਹੈ। ਰਿਪੋਰਟ ਡਾਇਰੈਕਟਰ ਹੈਲਥ ਨੂੰ ਸੌਂਪੀ ਜਾਵੇਗੀ।

ਰਾਤ 11 ਵਜੇ ਪੀੜਤ ਔਰਤ ਤੇ ਬੱਚੀ ਨੂੰ ਹਸਪਤਾਲ ਲਿਜਾਣ ਉਨ੍ਹਾਂ ਦੇ ਘਰ ਪੁੱਜੇ ਡਾਕਟਰ, ਨਹੀਂ ਮੰਨਿਆ ਪਰਿਵਾਰ

ਪਠਾਨਕੋਟ : ਚੰਡੀਗੜ੍ਹ ਤਕ ਮਾਮਲਾ ਪੁੱਜਣ ’ਤੇ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਨੀਂਦ ਹਰਾਮ ਹੋ ਗਈ ਹੈ। ਡਾਕਟਰਾਂ ਤੇ ਨਰਸਾਂ ਦੀ ਟੀਮ ਵੀਰਵਾਰ ਰਾਤ ਕਰੀਬ 11 ਵਜੇ ਪੀੜਤ ਮਹਿਲਾ ਦੇ ਘਰ ਪੁੱਜੀ ਤੇ ਜੱਚਾ ਬੱਚਾ ਦਾ ਹਾਲ ਜਾਣਿਆ। ਪੀੜਤ ਔਰਤ ਨੂੰ ਹਸਪਤਾਲ ’ਚ ਭਰਤੀ ਕਰਨ ਲਈ ਕਿਹਾ। ਪਰ ਪੀੜਤ ਮਹਿਲਾ ਤੇ ਉਸ ਦਾ ਪਰਿਵਾਰ ਨਹੀਂ ਮੰਨਿਆ। ਪੀੜਤ ਔਰਤ ਦੇ ਪਤੀ ਦਾ ਕਹਿਣਾ ਸੀ ਕਿ ਜਦੋਂ ਲੋੜ ਸੀ, ਉਦੋਂ ਨਹੀਂ ਕੀਤਾ ਤਾਂ ਹੁਣ ਕਿਉਂ। ਉੱਥੇ, ਟੀਮ ’ਚ ਮੌਜੂਦ ਨਰਸ ਨੇ ਦੱਸਿਆ ਕਿ ਔਰਤ ਨੂੰ ਇਨਫੈਕਸ਼ਨ ਹੈ, ਇਸ ਲਈ ਉਸ ਨੂੰ ਹਸਪਤਾਲ ਦਾਖ਼ਲ ਹੋਣ ਦੀ ਅਪੀਲ ਕੀਤੀ ਗਈ ਹੈ। ਪਰ, ਉਸ ਨੇ ਇਨਕਾਰ ਕਰ ਦਿੱਤਾ ਹੈ। ਪੀੜਤ ਔਰਤ ਦੇ ਪਤੀ ਜੰਗ ਬਹਾਦੁਰ ਨੇ ਦੱਸਿਆ ਕਿ ਵੀਰਵਾਰ ਰਾਤ ਪਹਿਲੀ ਵਾਰ ਕਰੀਬ ਪੌਣੇ ਅੱਠ ਵਜੇ ਹਸਪਤਾਲ ਤੋਂ ਟੀਮ ਉਨ੍ਹਾਂ ਦੇ ਘਰ ਪੁੱਜੀ। ਇਲਾਜ ਕਰਨ ਲਈ ਕਿਹਾ। ਪਰ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ। ਇਸ ਤੋਂ ਬਾਅਦ ਟੀਮ ਇਕ ਵਾਰ ਮੁੜ ਰਾਤ ਦੇ ਕਰੀਬ 11 ਵਜੇ ਉਨ੍ਹਾਂ ਦੇ ਘਰ ਪੁੱਜੀ ਤੇ ਇਲਾਜ ਕਰਵਾਉਣ ਦੀ ਗੱਲ ਕਹੀ। ਪਰ, ਉਨ੍ਹਾਂ ਨੇ ਕੋਈ ਵੀ ਦਵਾਈ ਲੈਣ ਤੋਂ ਮਨ੍ਹਾਂ ਕਰ ਦਿੱਤਾ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਪੀੜਤ ਦੇ ਘਰ ਪੁੱਜੇ ਤਾਂ ਪੀੜਤ ਔਰਤ ਦੇ ਪਤੀ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਉਨ੍ਹਾਂ ਨੇ ਹਸਪਤਾਲ ’ਚ ਦਾਖ਼ਲ ਕਰਨ ਲਈ ਸਟਾਫ ਦੀਆਂ ਮਿਨਤਾਂ ਕੀਤੀਆਂ ਸਨ, ਪਰ ਕਿਸੇ ਨੇ ਉਨ੍ਹਾਂ ਦੀ ਇਕ ਨਾ ਸੁਣੀ।

7 ਦਿਨਾਂ ’ਚ ਏਟੀਆਰ ਜਮ੍ਹਾਂ ਕਰਨ ਦੇ ਦਿੱਤੇ ਹੁਕਮ

ਪਠਾਨਕੋਟ : ਇਸ ਘਟਨਾ ਦਾ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ (ਐੱਨਸੀਐੱਸਸੀ) ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਐੱਨਸੀਐੱਸਸੀ ਨੇ ਡਵੀਜ਼ਨਲ ਕਮਿਸ਼ਨਰ, ਆਈਜੀਪੀ, ਡੀਸੀ, ਐੱਸਐੱਸਪੀ, ਤੇ ਮੈਡੀਕਲ ਸੁਪਰਡੈਂਟ ਤੇ ਸੀਐੱਮਓ ਨੂੰ 7 ਦਿਨਾਂ ਅੰਦਰ ਇਸ ਘਟਨਾ ਦੀ ਏਟੀਆਰ (ਐਕਸ਼ਨ ਟੇਕਨ ਰਿਪੋਰਟ) ਸੌਂਪਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਐੱਨਸੀਐੱਸਸੀ ਵੱਲੋਂ ਜਾਰੀ ਨਿਰਦੇਸ਼ਾਂ ’ਚ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਕਾਰਵਾਈ ਦੀ ਰਿਪੋਰਟ ਨਹੀਂ ਮਿਲੀ ਤਾਂ ਕਮਿਸ਼ਨ ਭਾਰਤ ਦੇ ਸੰਵਿਧਾਨ ਦੀ ਧਾਰਾ 338 ਤਹਿਤ ਅਦਾਲਤ ਦੀਆਂ ਸ਼ਕਤੀਆਂ ਦੀ ਵਰਤੋਂ ਕਰ ਸਕਦਾ ਹੈ ਤੇ ਦਿੱਲੀ ’ਚ ਕਮਿਸ਼ਨ ਸਾਹਮਣੇ ਨਿੱਜੀ ਤੌਰ ’ਤੇ ਹਾਜ਼ਰ ਹੋਣ ਲਈ ਸੰਮਨ ਜਾਰੀ ਕਰ ਸਕਦਾ ਹੈ।

Posted By: Shubham Kumar