ਜੇਐਨਐਨ, ਮਾਧੋਪੁਰ/ਸੁਜਾਨਪੁਰ : ਮਾਧੋਪੁਰ ਵਿਚ ਦਰਦਨਾਕ ਹਾਦਸੇ ਵਿਚ ਗਰਭਵਤੀ ਔਰਤ ਦੀ ਮੌਤ ਹੋ ਗਈ ਹੈ। ਪਤੀ ਪਤਨੀ ਸਕੂਟੀ 'ਤੇ ਜਾ ਰਹੇ ਸਨ। ਇਸ ਦੌਰਾਨ ਸਕੂਟੀ ਫਿਸਲਣ ਨਾਲ ਦੋਵੇਂ ਨਹਿਰ ਵਿਚ ਜਾ ਡਿੱਗੇ। ਇਸ ਦੌਰਾਨ ਪਤੀ ਨੇ ਝਾੜੀ ਫੜ ਕੇ ਖੁਦ ਨੂੰ ਤਾਂ ਬਚਾ ਲਿਆ ਪਰ ਨਹਿਰ ਵਿਚ ਪਾਣੀ ਦੇ ਤੇਜ਼ ਵਹਾਅ ਕਾਰਨ ਔਰਤ ਦੀ ਜਾਨ ਨਹੀਂ ਬਚ ਸਕੀ।

ਔਰਤ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਨੇ ਔਰਤ ਦੇ ਪੇਟ ਵਿਚ ਪਲ ਰਹੇ ਅੱਠ ਮਹੀਨੇ ਦੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਲਈ ਲਾਸ਼ ਨੂੰ ਹਸਪਤਾਲ ਪਹੁੰਚਾਇਆ ਪਰ ਗਰਭ ਵਿਚ ਪਲ ਰਹੇ ਬੱਚੀ ਦੇ ਵੀ ਉਦੋਂ ਤਕ ਸਾਹ ਮੁੱਕ ਗਏ ਸਨ। ਔਰਤ ਦੀ ਪਛਾਣ ਸੁਜਾਨਪੁਰ ਦੇ ਗੁੱਗਰਾਂ ਦੇ ਦਵਿੰਦਰ ਸਿੰਘ ਦੀ ਪਤਨੀ ਸੁਨੀਤਾ ਦੇ ਰੂਪ ਵਿਚ ਹੋਈ ਹੈ। ਉਹ ਨੌਕਰੀ ਕਰਦੀ ਸੀ। ਸ਼ੁੱਕਰਵਾਰ ਨੂੰ ਦਵਿੰੰਦਰ ਸਿੰਘ ਸਕੂਟੀ 'ਤੇ ਸੁਨੀਤਾ ਨੂੰ ਜੁਗਿਆਲ ਵਿਚ ਹੋਣ ਵਾਲੀ ਵਿਭਾਗੀ ਮੀਟਿੰਗ ਲਈ ਲੈ ਕੇ ਜਾ ਰਿਹਾ ਸੀ।

ਦੋਵੇਂ ਮਾਧੋਪੁਰ ਨਰਿਹਰ ਦੇ ਕੰਢੇ ਤੋਂ ਗੁਜ਼ਰ ਰਹੇ ਸਨ ਕਿ ਸਕੂਟੀ ਦਾ ਟਾਇਰ ਸਲਿਪ ਕਰ ਗਿਆ ਅਤੇ ਦੋਵੇਂ ਰੇਲਿੰਗ ਨਾਲ ਟਕਰਾ ਕੇ ਨਹਿਰ ਵਿਚ ਡਿੱਗ ਗਏ। ਪਾਣੀ ਦੇ ਤੇਜ਼ ਵਹਾਅ ਕਾਰਨ ਦੋਵੇਂ ਵਹਿ ਗਏ। ਦਵਿੰਦਰ ਦਾ ਹੱਥ ਝਾੜੀਆਂ ਨੂੰ ਪੈ ਗਿਆ ਅਤੇ ਉਸ ਨੇ ਬਾਹਰ ਨਿਕਲ ਕੇ ਰੌਲਾ ਪਾਇਆ ਤਾਂ ਲੋਕਾਂ ਨੇ ਉਸਦੀ ਪਤਨੀ ਦੀ ਭਾਲ ਸ਼ੁਰੂ ਕਰ ਦਿੱਤੀ। ਲਗਪਗ 2 ਕਿਲੋਮੀਟਰ ਦੀ ਦੂਰੀ ਤੋਂ ਪੁਲ ਨੰਬਰ 1 ਕੋਲੋਂ ਸੁਨੀਤਾ ਦੀ ਲਾਸ਼ ਮਿਲੀ।

ਦੋਵਾਂ ਦਾ ਇਹ ਪਹਿਲਾ ਬੱਚਾ ਸੀ। ਤਿੰਨ ਸਾਲ ਪਹਿਲਾਂ ਦੋਵੇਂ ਵਿਆਹ ਦੇ ਬੰਧਨ ਵਿਚ ਬੱਝੇ ਸਨ।

Posted By: Tejinder Thind