ਪਠਾਨਕੋਟ : ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਤੋਂ ਬਾਅਦ ਪਾਰਟੀ ਦੇ ਗੁਰਦਾਸਪੁਰ ਸੰਸਦੀ ਹਲਕੇ ਤੋਂ ਉਮੀਦਵਾਰ ਅਦਾਕਾਰ ਸੰਨੀ ਦਿਓਲ ਆਤਮ-ਵਿਸ਼ਵਾਸ ਨਾਲ ਭਰੇ ਨਜ਼ਰ ਆ ਰਹੇ ਹਨ। ਸੰਨੀ ਸੋਮਵਾਰ ਨੂੰ ਪ੍ਰਚਾਰ ਮੁੰਹਿਮ ਤਹਿਤ ਪਠਾਨਕੋਟ 'ਚ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਮਿਲੇ। ਸੰਨੀ ਨੇ ਕਿਹਾ ਕਿ ਉਹ ਜਿੱਤਣ ਤੋਂ ਬਾਅਦ 'ਤਾਰੀਖ ਪੇ ਤਾਰੀਖ' ਨਹੀਂ ਦੇਣਗੇ, ਉਹ ਸਿੱਧਾ ਜਨਤਾ ਦਾ ਕੰਮ ਕਰਨਗੇ।

ਸੰਨੀ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਅਜਿਹੇ ਨਹੀਂ ਹਨ ਕਿ ਕਿਸੇ ਨਾਲ ਲੜਾਈ-ਝਗੜਾ ਕਰਨ। ਰਾਜਨੀਤੀ 'ਚ ਕੰਮ ਕਰਨ ਆਏ ਹਨ ਤੇ ਸਾਰੇ ਵਾਅਦੇ ਪੂਰੇ ਕਰਨਗੇ। ਉਹ ਆਪਣੇ ਤੇ ਆਮ ਲੋਕਾਂ ਵਿਚਕਾਰ ਕੋਈ ਕੰਧ ਨਹੀਂ ਬਣਨ ਦੇਣਗੇ। ਮੌਕੇ 'ਤੇ ਸੰਨੀ ਨੇ ਵਕੀਲਾਂ ਤੋਂ ਚੋਣਾਂ 'ਚ ਸਮਰਥਨ ਮੰਗਿਆ ਤੇ ਜਿਤਾਉਣ ਦੀ ਅਪੀਲ ਕੀਤੀ।

ਸੰਨੀ ਦਿਓਲ ਸ਼ਾਹ ਦੀ ਰੈਲੀ 'ਚ ਆਤਮਵਿਸ਼ਵਾਸ ਨਾਲ ਭਰੇ ਨਜ਼ਰ ਆਏ। ਬੀਤੇ ਦਿਨੀਂ ਮੰਚ 'ਤੇ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਉਹ ਭਰਪੂਰ ਜ਼ੋਸ਼ 'ਚ ਨਜ਼ਰ ਆਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਢਾਈ ਕਿੱਲੋ ਦੇ ਹੱਥ ਦੀ ਤਾਕਤ ਆਮ ਲੋਕ ਹਨ। ਪੰਜ ਮਿੰਟ ਦਾ ਭਾਸ਼ਣ ਉਨ੍ਹਾਂ ਆਮ ਲੋਕਾਂ ਨੂੰ ਸਮਰਪਿਤ ਕੀਤਾ।

ਸੰਨੀ ਨੇ ਕਿਹਾ ਕਿ ਉਹ ਗੁਰਦਾਸਪੁਰ ਦੇ ਬੇਟੇ ਦੀ ਤਰ੍ਹਾਂ ਹਨ, ਇਸ ਲਈ ਅਸੀਂ ਉਨ੍ਹਾਂ ਨਾਲ ਹਾਂ, ਉਹ ਇੱਥੇ ਕੰਮ ਕਰਨ ਆਏ ਹਨ। ਉਨ੍ਹਾਂ ਨੂੰ ਆਪਣੇ ਦੌਰੇ ਦੌਰਾਨ ਖੇਤਰ ਦੀ ਸਮੱਸਿਆ ਬਾਰੇ ਜਾਣਨ ਦਾ ਮੌਕਾ ਮਿਲਿਆ ਹੈ। ਉਹ ਸੰਸਦ ਮੈਂਬਰ ਬਣ ਕੇ ਰੇਲਵੇ ਫਾਟਕ ਤੋਂ ਲੈ ਕੇ ਕਿਸਾਨਾਂ, ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਗੇ। ਖੇਤਰ ਲਈ ਵਿਕਾਸ ' ਚ ਕੋਈ ਮੁਸ਼ਕਲ ਨਹੀਂ ਆਵੇਗੀ। ਉਨ੍ਹਾਂ ਦੀ ਇੱਛਾ ਹੈ ਕਿ ਪੰਜਾਬ ਸਭ ਤੋਂ ਅੱਗੇ ਹੋਵੇ। ਇਸ ਲਈ ਸਾਰਿਆਂ ਨਾਲ ਮਿਲ ਕੇ ਕੰਮ ਕਰਨਗੇ। ਲੋਕ ਉਨ੍ਹਾਂ ਕੋਲ ਜਾ ਕੇ ਆਪਣੀ ਸੱਮਸਿਆ ਵੀ ਦੱਸ ਸਕਦੇ ਹਨ।

Posted By: Amita Verma