ਸਰਿੰਦਰ ਮਹਾਜਨ ਪਠਾਨਕੋਟ : ਪਠਾਨਕੋਟ 'ਚ ਕੋਰੋਨਾ ਦੇ 7 ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 38 ਹੋ ਗਈ ਹੈ।

ਸ਼ਹਿਰ 'ਚ ਇਕੱਠੇ ਆਏ 7 ਮਾਮਲਿਆਂ ਨੇ ਪ੍ਰਸ਼ਾਸਨ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਉਕੇਰ ਦਿੱਤੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸਐੱਮਓ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਵਾਲੇ ਸਾਰੇ ਮਰੀਜ਼ ਦੋ ਦਿਨ ਪਹਿਲਾਂ ਕੋਰੋਨਾ ਪਾਜ਼ੇਟਿਵ ਆਏ ਹਰੀ ਨਗਰ ਕਾਲੋਨੀ ਵਾਸੀ ਮਰੀਜ਼ ਦੇ ਸੰਪਰਕ 'ਚ ਆਏ ਸੀ। ਇਨ੍ਹਾਂ ਸਾਰਿਆਂ ਨੂੰ ਆਈਸੋਲੇਸ਼ਨ ਹਸਪਤਾਲ 'ਚ ਭੇਜ ਕੇ ਇਲਾਜ ਸ਼ੁਰੂ ਕੀਤਾ ਜਾਵੇਗਾ।

ਇਨ੍ਹਾਂ ਵਿਚੋਂ ਇਕ ਸ਼ਖ਼ਸ ਦੀ ਰਿਪੋਰਟ ਰਾਤ ਨੂੰ ਆਈ ਸੀ ਜੋ ਪਠਾਨਕੋਟ ਦੇ ਲਾਮੀਨੀ ਦਾ ਰਹਿਣ ਵਾਲਾ ਹੈ। ਬੀਤੇ ਦਿਨੀਂ ਕੋਰੋਨਾ ਦੇ ਲੱਛਣ ਸਾਹਮਣੇ ਆਉਣ 'ਤੇ ਉਸ ਨੇ ਪਠਾਨਕੋਟ ਦੇ ਨਿੱਜੀ ਹਸਪਤਾਲ ਤੋਂ ਜਾਂਚ ਕਰਵਾਈ ਸੀ। ਸੈਂਪਲ ਅੰਮ੍ਰਿਤਸਰ ਸਥਿਤ ਨਿੱਜੀ ਲੈਬ ਭੇਜੇ ਗਏ ਸਨ ਜਿੱਥੋਂ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਤੇ ਉਸ ਨੂੰ ਅੰਮ੍ਰਿਤਸਰ 'ਚ ਹੀ ਇਕਾਂਤਵਾਸ 'ਚ ਰੱਖ ਲਿਆ ਗਿਆ ਹੈ। ਇਸ ਦੀ ਪੁਸ਼ਟੀ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਆਏ ਉਕਤ ਵਿਅਕਤੀ ਦੇ ਪਰਿਵਾਰਕ ਮੈਂਬਰ ਤੇ ਹੋਰ ਸੰਪਰਕ 'ਚ ਆਏ ਵਿਅਕਤੀਆਂ ਦੇ ਐਤਵਾਰ ਨੂੰ ਸੈਂਪਲ ਲਏ ਜਾਣਗੇ।

Posted By: Seema Anand