ਜੇਐੱਨਐੱਨ, ਏਐੱਨਆਈ/ਪਠਾਨਕੋਟ : ਕੋਰੋਨਾ ਵਾਇਰਸ ਸੰਕ੍ਰਮਣ ਕਾਲ 'ਚ ਪਠਾਨਕੋਟ ਦਾ ਰਾਜੂ ਸ਼ਹਿਨਸ਼ਾਹ ਸਾਬਿਤ ਹੋਇਆ। ਉਸ ਦੇ ਕੰਮ ਦੀ ਗੂੰਜ ਅੱਜ ਪੀਐੱਮ ਨਰਿੰਦਰ ਮੋਦੀ ਦੇ ਮੂੰਹੋਂ ਵੀ ਸੁਣਾਈ ਦਿੱਤੀ। ਪੀਐੱਮ ਨੇ 'ਮਨ ਕੀ ਬਾਤ' ਸਮਾਗਮ 'ਚ ਰਾਜੂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਰਾਜੂ ਕੋਰੋਨਾ ਵਾਇਰਸ ਲਾਕਡਾਊਨ ਵਿਚਕਾਰ ਜ਼ਰੂਰਤਮੰਦਾਂ ਨੂੰ ਮਾਸਕ ਤੇ ਰਾਸ਼ਨ ਵੰਡ ਰਿਹਾ ਹੈ।

ਪੰਜਾਬ ਦੇ ਪਠਾਨਕੋਟ 'ਚ ਚੌਕ-ਚੁਰਾਹੇ 'ਤੇ ਭੀਖ ਮੰਗਦਾ ਰਾਜੂ ਚੱਲਣ-ਫਿਰਨ 'ਚ ਅਸਮਰੱਥ ਹੈ। ਮਿੱਟੀ ਨਾਲ ਭਰੇ ਕੱਪੜੇ। ਕਦੇ ਰੇਂਗਦਿਆਂ ਹੋਏ ਤਾਂ ਕਦੇ ਵ੍ਹੀਲਚੇਅਰ 'ਤੇ ਭੀਖ ਮੰਗਦਾ ਹੈ ਪਰ ਉਸ ਦੀ ਸੋਚ ਵੱਡੀ ਹੈ। ਉਹ ਦੁਨੀਆ ਲਈ ਚਾਹੇ ਹੀ ਭਿਖਾਰੀ ਦਿਖਾਈ ਦੇਵੇ ਪਰ ਉਹ ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦਾ ਹੈ।

ਪਠਾਨਕੋਟ 'ਚ ਜ਼ਿਆਦਾਤਰ ਲੋਕ ਰਾਜੂ ਨੂੰ ਜਾਣਦੇ ਹਨ। ਉਸ ਦਾ ਅੰਦਾਜ਼ ਹੀ ਕੁਝ ਅਜਿਹਾ ਹੈ ਕਿ ਜੋ ਇਕ ਵਾਰ ਦੇਖ ਲਵੇ, ਉਸ ਨੂੰ ਭੁੱਲ ਨਹੀਂ ਪਾਉਂਦਾ। ਲੋਕਾਂ ਨੂੰ ਜਦੋਂ ਉਸ ਦੇ ਨੇਕ ਕੰਮਾਂ ਦੇ ਬਾਰੇ ਪਤਾ ਲੱਗਦਾ ਹੈ ਤਾਂ ਭੀਖ ਦੇਣ ਲਈ ਵੱਧੇ ਹੱਥ ਸਲਾਮ ਲਈ ਵੀ ਉੱਠ ਖੜ੍ਹੇ ਹੁੰਦੇ ਹਨ। ਉਹ ਭੀਖ ਮੰਗ ਕੇ ਪੈਸੇ ਜੋੜਦਾ ਹੈ ਤੇ ਫਿਰ ਉਸ ਨੂੰ ਚੰਗੇ ਕੰਮ 'ਚ ਲਗਾਉਂਦਾ ਹੈ।

ਜਿੱਥੇ ਵੀ ਮਦਦ ਦੀ ਲੋੜ ਹੁੰਦੀ ਹੈ ਉਹ ਆਪਣੀ ਹੈਸੀਅਤ ਮੁਤਾਬਿਕ ਦਿੰਦਾ ਹੈ। ਪਠਾਨਕੋਟ ਦੀ ਢਾਂਗੂ ਰੋਡ ਸਥਿਤ ਇਕ ਪੁਲ਼ ਟੁੱਟ ਗਿਆ ਸੀ। ਇੱਥੇ ਕਈ ਲੋਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਰਾਜੂ ਵੀ ਇਸ ਹਾਦਸੇ ਦਾ ਸ਼ਿਕਾਰ ਹੋਇਆ। ਸਰਕਾਰੀ ਮਹਿਕਮਾ ਪੁਲ਼ ਨੂੰ ਠੀਕ ਕਰਵਾਉਣ ਲਈ ਅੱਗੇ ਨਾ ਆਇਆ ਤਾਂ ਰਾਜੂ ਨੇ ਖ਼ੁਦ ਇਸ ਦਾ ਬੀੜਾ ਚੁੱਕਿਆ। ਉਸ ਨੇ ਮਿਸਤਰੀ ਬੁਲਾ ਕੇ ਪੁੱਲ਼ ਦੀ ਮੁਰੰਮਤ ਕਰਵਾਈ।

ਰਾਜੂ ਹੁਣ ਤਕ ਬੇਸਹਾਰਾ ਲੋਕਾਂ ਨੂੰ ਸਹਾਰਾ ਦੇ ਚੁੱਕਿਆ ਹੈ। ਜਿਨ੍ਹਾਂ ਨੂੰ ਰਾਜੂ ਦੇ ਕੰਮਾਂ ਦੇ ਬਾਰੇ ਪਤਾ ਲੱਗਿਆ ਹੈ ਉਹ ਉਸ ਨੂੰ ਦਿਲ ਖੋਲ੍ਹ ਕੇ ਦਾਨ ਦਿੰਦੇ ਹਨ। ਰਾਜੂ ਵੀ ਇਨ੍ਹਾਂ ਪੈਸਿਆਂ ਦਾ ਗਲਤ ਇਸਤੇਮਾਲ ਨਹੀਂ ਕਰਦਾ ਹੈ। ਉਹ ਇਨ੍ਹਾਂ ਪੈਸਿਆਂ ਨਾਲ ਜ਼ਰੂਰਤਮੰਦਾਂ ਪਰਿਵਾਰਾਂ ਦੀ ਹਰਸੰਭਵ ਸਹਾਇਤਾ ਕਰਦਾ ਹੈ। ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ ਹਰ ਸਾਲ ਕੁਝ ਸਿਲਾਈ ਮਸ਼ੀਨਾਂ ਮੁਹੱਈਆ ਕਰਵਾਉਂਦਾ ਹੈ। ਕੁਝ ਬੱਚਿਆਂ ਦੀ ਫੀਸ ਦਾ ਖਰਚਾ ਚੁੱਕਦਾ ਹੈ। ਕਾਪੀ-ਕਿਤਾਬ ਲਈ ਮਦਦ ਕਰਦਾ ਹੈ। ਕੋਰੋਨਾ ਵਾਇਰਸ ਸੰਕ੍ਰਮਣ ਕਾਲ 'ਚ ਵੀ ਰਾਜੂ ਮਦਦ ਲਈ ਹੱਥ ਅੱਗੇ ਵਧਾ ਰਿਹਾ ਹੈ।

Posted By: Amita Verma