ਸੰਵਾਦ ਸਹਿਯੋਗੀ, ਪਠਾਨਕੋਟ : ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਹੀ ਇਕ ਔਰਤ ਬੱਸ ਤੋਂ ਹੇਠਾਂ ਉਤਰਨ ਲੱਗੀ ਤਾਂ ਡਰਾਈਵਰ ਨੇ ਲਾਪਰਵਾਹੀ ਦਿਖਾਉਂਦੇ ਹੋਏ ਬੱਸ ਭਜਾ ਲਈ। ਤੇਜ਼ ਝਟਕੇ ਤੇ ਤਿਲਕਣ ਕਾਰਨ ਔਰਤ ਸੜਕ 'ਤੇ ਬੁਰੀ ਤਰ੍ਹਾਂ ਜਾ ਡਿੱਗੀ ਤੇ ਜ਼ਖਮੀ ਹੋ ਗਈ। ਬਾਅਦ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਘਟਨਾ 2 ਜੁਲਾਈ ਦੀ ਹੈ।

ਸ਼ਿਕਾਇਤਕਰਤਾ ਧਾਰਕਲਾਂ ਵਾਸੀ ਵਿਕਰਾਂਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਬਿਆਨ ਦਰਜ ਕਰਵਾਏ ਕਿ 2 ਜੁਲਾਈ ਨੂੰ ਉਸ ਦੀ ਮਾਤਾ ਸ਼ਕੁੰਤਲਾ ਦੇਵੀ ਪਿੰਡ ਬੁੰਗਲ 'ਚ ਰਹਿੰਦੀ ਆਪਣੀ ਮਾਸੀ ਸ਼ੀਲਾ ਦੇਵੀ ਨੂੰ ਮਿਲਣ ਲਈ ਬੱਸ ’ਤੇ ਜਾ ਰਹੀ ਸੀ। ਜਦੋਂ ਬੱਸ ਬੁੰਗਲ ਪਹੁੰਚੀ ਤਾਂ ਮਾਂ ਸ਼ਕੁੰਤਲਾ ਦੇਵੀ ਬੱਸ ਦੇ ਅਗਲੇ ਦਰਵਾਜ਼ੇ ਤੋਂ ਹੇਠਾਂ ਉਤਰ ਰਹੀ ਸੀ। ਇਸੇ ਦੌਰਾਨ ਬੱਸ ਦੇ ਡਰਾਈਵਰ ਨੇ ਲਾਪਰਵਾਹੀ ਨਾਲ ਕੰਮ ਕਰਦੇ ਹੋਏ ਅਚਾਨਕ ਬੱਸ ਭਜਾ ਲਈ। ਝਟਕਾ ਖਾ ਕੇ ਮਾਂ ਸ਼ਕੁੰਤਲਾ ਦੇਵੀ ਸੜਕ 'ਤੇ ਡਿੱਗ ਪਈ ਤੇ ਸਿਰ 'ਤੇ ਸੱਟ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਿੱਥੋਂ ਉਸ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਦੋਂ ਉਹ ਹਸਪਤਾਲ ਪਹੁੰਚੇ ਤਾਂ ਡਾਕਟਰ ਨੇ ਮਾਂ ਨੂੰ ਮ੍ਰਿਤਕ ਐਲਾਨ ਦਿੱਤਾ।

Posted By: Seema Anand