ਪੱਤਰ ਪੇ੍ਰਰਕ ,ਪਠਾਨਕੋਟ : ਪੁਲ ਨੰਬਰ 4 ਨੇੜੇ ਸਬਜ਼ੀ ਵੇਚਣ ਵਾਲੇ ਨੂੰ ਤੇਜ਼ ਰਫ਼ਤਾਰ ਟਰੱਕ ਨੇ ਕੁਚਲ ਦਿੱਤਾ। ਇਸ ਕਾਰਨ ਵਿਅਕਤੀ ਦੀ ਮੌਤ ਹੋ ਗਈ। ਮਿ੍ਤਕ ਦੀ ਪਛਾਣ ਮਦਨਲਾਲ ਵਾਸੀ ਵਿਸ਼ਵਕਰਮਾ ਚੌਕ ਸੁਜਾਨਪੁਰ ਵਜੋਂ ਹੋਈ ਹੈ। ਐਸਐਚਓ ਨਵਦੀਪ ਸ਼ਰਮਾ ਨੇ ਦੱਸਿਆ ਕਿ ਮਿ੍ਤਕ ਦੇ ਭਰਾ ਬਲਵੀਰ ਕੁਮਾਰ ਵਾਸੀ ਵਿਸ਼ਵਕਰਮਾ ਮੰਦਰ ਚੌਕ ਸੁਜਾਨਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਭਰਾ ਮਦਨ ਲਾਲ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ। ਸ਼ੁੱਕਰਵਾਰ ਨੂੰ ਉਹ ਅਤੇ ਉਸ ਦਾ ਭਰਾ ਖਾਲੀ ਗਲੀ ਤੋਂ ਘਰ ਜਾ ਰਹੇ ਸਨ। ਰਾਤ ਕਰੀਬ 10:30 ਵਜੇ ਜਦੋਂ ਉਹ ਨੈਸ਼ਨਲ ਹਾਈਵੇਅ 4 ਦੇ ਪੁਲ ਨੇੜੇ ਕਰਾਸ ਕਰ ਰਿਹਾ ਸੀ ਤਾਂ ਮਲਿਕਪੁਰ ਵਾਲੇ ਪਾਸੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਸਿੱਧੀ ਟੱਕਰ ਮਾਰ ਦਿੱਤੀ। ਇਸ ਕਾਰਨ ਟਰਾਲੇ ਨੇ ਰੇਹੜੀ ਵਾਲੇ ਮਦਨ ਲਾਲ ਨੂੰ ਵੀ ਕਾਫੀ ਹੱਦ ਤੱਕ ਘਸੀਟਿਆ, ਜਿਸ 'ਚ ਮੇਰਾ ਭਰਾ ਕਾਫੀ ਜ਼ਖਮੀ ਹੋ ਗਿਆ। ਕਿਸੇ ਤਰ੍ਹਾਂ ਗੱਡੀ ਦਾ ਪ੍ਰਬੰਧ ਕਰਕੇ ਮਦਨ ਲਾਲ ਨੂੰ ਹਸਪਤਾਲ ਪਹੁੰਚਾਇਆ ,ਜਿੱਥੋਂ ਉਸ ਨੂੰ ਪਠਾਨਕੋਟ ਰੈਫਰ ਕਰ ਦਿੱਤਾ ਗਿਆ। ਜਿੱਥੇ ਇਲਾਜ ਦੌਰਾਨ ਮਦਨਲਾਲ ਦੀ ਮੌਤ ਹੋ ਗਈ। ਐੱਸਐੱਚਓ ਨੇ ਦੱਸਿਆ ਕਿ ਟਰੱਕ ਚਾਲਕ ਨੂੰ ਪੁਲਿਸ ਨੇ ਲਖਨਪੁਰ ਟੋਲ ਪਲਾਜ਼ਾ ਤੋਂ ਕਾਬੂ ਕੀਤਾ ਹੈ। ਟਰੱਕ ਡਰਾਈਵਰ ਦੀ ਪਛਾਣ ਜਸਵੀਰ ਸਿੰਘ ਵਾਸੀ ਪਿੰਡ ਮੁਗਲਾਨੀ ਚੱਕ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।