ਆਰ. ਸਿੰਘ, ਪਠਾਨਕੋਟ : ਵਿਜੀਲੈਂਸ ਵਿਭਾਗ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (ਪਾਵਰਕਾਮ) ਦੇ ਜੇਈ ਨੂੰ ਬਿਜਲੀ ਸਪਲਾਈ ਦੀ ਲਾਈਨ ਬਦਲਣ ਬਦਲੇ 2,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਉਸਦੇ ਖ਼ਿਲਾਫ਼ ਭ੍ਰਿਸ਼ਟਾਚਾਰ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪਿੰਡ ਕਿਲ੍ਹਾ ਜਮਾਲਪੁਰ ਵਾਸੀ ਕਿਸਾਨ ਵਜ਼ੀਰ ਸਿੰਘ ਦੇ ਖੇਤਾਂ ਵਿੱਚੋਂ ਬਿਜਲੀ ਦੀਆਂ ਤਾਰਾਂ (ਸਪਲਾਈ ਲਾਈਨਾਂ) ਲੰਘ ਰਹੀਆਂ ਸਨ, ਜਿਸ ਨੂੰ ਬਦਲਣ ਲਈ ਉਸ ਨੇ ਇਲਾਕੇ ਦੇ ਜੇਈ ਮਨਜੀਤ ਸਿੰਘ ਨਾਲ ਸੰਪਰਕ ਕੀਤਾ ਸੀ। ਦੋਸ਼ ਹੈ ਕਿ ਬਿਜਲੀ ਸਪਲਾਈ ਲਾਈਨ ਬਦਲਣ ਦੇ ਬਦਲੇ ਜੇਈ ਨੇ ਉਸ ਤੋਂ 2 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਜਿਸ ਦੀ ਸ਼ਿਕਾਇਤ ਵਜ਼ੀਰ ਸਿੰਘ ਵੱਲੋਂ ਵਿਜੀਲੈਂਸ ਨੂੰ ਕੀਤੀ ਗਈ।

ਇਸ 'ਤੇ ਵਿਜੀਲੈਂਸ ਦੇ ਇੰਸਪੈਕਟਰ ਵਿਕਰਾਂਤ ਸਲਾਰੀਆ ਦੀ ਅਗਵਾਈ 'ਚ ਟੀਮ ਨੇ ਸ਼ਿਕਾਇਤਕਰਤਾ ਵਜ਼ੀਰ ਸਿੰਘ ਨੂੰ ਕੈਮੀਕਲ ਵਾਲੇ ਦੋ ਹਜ਼ਾਰ ਰੁਪਏ ਦੇ ਨੋਟ ਦੇ ਕੇ ਜੇਈ ਮਨਜੀਤ ਸਿੰਘ ਨੂੰ ਦੇਣ ਲਈ ਭੇਜ ਦਿੱਤਾ ਅਤੇ ਪੈਸੇ ਲੈਂਦਿਆਂ ਹੀ ਜੇਈ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਵਿਜੀਲੈਂਸ ਨੇ ਉਸ ਖ਼ਿਲਾਫ਼ ਅੰਮ੍ਰਿਤਸਰ ਵਿੱਚ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ।ਇੰਸਪੈਕਟਰ ਵਿਕਰਾਂਤ ਸਲਾਰੀਆ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

Posted By: Jagjit Singh