ਸਟਾਫ ਰਿਪੋਰਟਰ, ਪਠਾਨਕੋਟ : ਪਿੰਡ ਸਿਹੋੜਾ ਖੁਰਦ ਵਿਖੇ ਵਿਸ਼ਾਲ ਕਿਸਾਨ ਮਜ਼ਦੂਰ ਕਨਵੈਨਸ਼ਨ ਆਰ ਐਮ ਪੀ ਆਈ ਦੇ ਆਗੂਆਂ ਕਾਮਰੇਡ ਵਿਜੇ ਕੁਮਾਰ ਸੁੱਖਾ ਖੁਸ਼ੀਨਗਰ, ਬਲਦੇਵ ਰਾਜ ਭੋਆ ਅਤੇ ਡਾ: ਪ੍ਰਵੀਨ ਕੁਮਾਰ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਕਨਵੈਨਸ਼ਨ ਵਿਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਆਰ ਐਮ ਪੀ ਆਈ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਡੀਜ਼ਲ ਪੈਟਰੋਲ ਰਸੋਈ ਗੈਸ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦੇ ਕਾਰਨ ਆਮ ਜਨਤਾ ਦਾ ਜਿਉਣਾ ਬਹੁਤ ਮੁਸ਼ਕਲ ਹੋ ਗਿਆ ਹੈਸ਼ ਪੜ ਲਿਖ ਕੇ ਵਿਹਲੇ ਫਿਰਦੇ ਬੇਰੁਜ਼ਗਾਰ ਕਰੋੜਾਂ ਨੌਜਵਾਨ ਲੜਕੇ ਲੜਕੀਆਂ ਸਾਰਿਆਂ ਲਈ ਮੋਦੀ ਸਰਕਾਰ ਮੁੱਖ ਜ਼ਿੰਮੇਵਾਰ ਹੈ। ਮਹਿੰਗਾਈ ਤੇ ਬੇਰੁਜ਼ਗਾਰੀ ਨੂੰ ਰੋਕਣ 'ਚ ਅਸਫਲ ਮੋਦੀ ਸਰਕਾਰ ਕਰਕੇ ਗਲੋਬਲ ਹੰਗਰ ਇੰਡੈਕਸ 2021 ਦੀ 116 ਦੇਸ਼ਾਂ ਦੀ ਸੂਚੀ 'ਚ ਨਿਮੋਸ਼ੀਜਨਕ 101ਵੇਂ ਸਥਾਨ 'ਤੇ ਪਹੁੰਚਿਆ । ਜੀਐੱਚਆਈ 'ਚ ਹੇਠਲੇ ਪੱਧਰ 'ਤੇ ਜਾਣ ਦਾ ਮਤਲਬ ਹੈ ਕਿ ਦੇਸ਼ ਵਿਚ ਭੁੱਖਮਰੀ ਦਾ ਗੰਭੀਰ ਚਿੰਤਾਜਨਕ ਸੰਕਟ। ਕਾਰਪੋਰੇਟ ਘਰਾਣਿਆਂ ਨੂੰ ਮਾਲਾਮਾਲ ਕਰਨ ਲਈ ਮੋਦੀ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਦੇ ਸਤਾਏ ਕਿਸਾਨ ਮਜ਼ਦੂਰ ਮੁਲਾਜ਼ਮ ਨੌਜਵਾਨ ਦੇਸ਼ ਅੰਦਰ ਥਾਂ ਥਾਂ ਅੰਦੋਲਨ ਕਰ ਰਹੇ ਹਨ ਪਰ ਕੇਂਦਰ ਸਰਕਾਰ ਅੰਦੋਲਨਕਾਰੀਆਂ ਦੇ ਮੱਸਲੇ ਹੱਲ ਕਰਨ ਦੀ ਬਜਾਏ ਲੋਕਾਂ ਦੇ ਏਕੇ ਨੂੰ ਤੋੜਨ ਅਤੇ ਆਰਐਸਐਸ ਦਾ ਫਿਰਕੂ ਏਜੰਡਾ ਲਾਗੂ ਕਰਨ ਲਈ ਜਾਤ ਪਾਤ, ਧਾਰਮਿਕ ਵਿਖਰੇਵੇਂ, ਇਲਾਕਾਵਾਦ ਅਧਾਰਿਤ ਫਿਰਕੂ ਵੰਡ ਕਰਨ ਅਤੇ ਗੁੰਡਾਗਰਦੀ ਦੇ ਸਹਾਰੇ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇੇਗਾ। ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ ਉਪਰ ਹੋਏ ਕਤਲ ਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਪਹਿਲਾਂ ਵੀ ਕਿਸਾਨ ਅੰਦੋਲਨ ਫੇਲ੍ਹ ਕਰਨ/ ਬਦਨਾਮ ਕਰਨ ਲਈ ਕਈ ਤਰਾਂ੍ਹ ਦੀਆਂ ਸਾਜ਼ਿਸ਼ਾਂ ਘੜੀਆਂ ਗਈਆਂ ਹਨ। ਇਹ ਕਤਲ ਵੀ ਕਿਸੇ ਸਾਜਿਸ਼ ਦਾ ਹਿੱਸਾ ਹੋ ਸਕਦਾ ਹੈ । ਪੰਜਾਬ ਸਮੇਤ ਤਿੰਨ ਰਾਜਾਂ 'ਚ ਬੀਐੱਸਐੱਫ ਦਾ ਘੇਰਾ ਵਧਾ ਕੇ 50 ਕਿਲੋਮੀਟਰ ਕਰਨ ਬਾਰੇ ਕਾਮਰੇਡ ਪਾਸਲਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਰਾਜਾਂ ਦੇ ਅਧਿਕਾਰਾਂ ਨੂੰ ਹੋਰ ਸੀਮਤ ਕਰੇਗਾ ਹੁਣ ਇਲਾਕਾ ਸਿੱਧੇ ਕੇਂਦਰ ਦੀ ਨਿਗਰਾਨੀ ਹੇਠ ਚਲਾ ਜਾਵੇਗਾ ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧੇਰੇ ਵੱਧਣਗੀਆਂ ਅਤੇ ਸੁਣਵਾਈ ਵੀ ਨਹੀਂ ਹੋਵੇਗੀ। ਕਾਮਰੇਡ ਮੰਗਤ ਰਾਮ ਪਾਸਲਾ ਨੇ ਕਨਵੈਨਸ਼ਨ ਸ਼ਾਮਲ ਸਾਥੀਆਂ ਰਾਹੀਂ ਮਜ਼ਦੂਰਾਂ ਕਿਸਾਨਾਂ ਤੇ ਮੇਹਨਤੀ ਲੋਕਾਂ ਦੀ ਪਾਰਟੀ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ( ਆਰ ਐਮ ਪੀ ਆਈ) ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਹਰ ਸੱਦੇ ਦੀ ਸਫਲਤਾ ਲਈ ਸਾਰੇ ਪਾਰਟੀ ਮੈਂਬਰਾਂ ਅਤੇ ਹਮਦਰਦਾਂ ਨੂੰ ਪੂਰੀ ਦਿ੍ੜਤਾ ਨਾਲ ਸਾਥ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਮਿਤੀ 12 ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਨੁਮਾਇੰਦਾ ਆਗੂਆਂ ਦੀ ਕਨਵੈਨਸ਼ਨ ਕਰਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ, ਟਰੇਡ ਯੂਨੀਅਨਾਂ, ਮੁਲਾਜ਼ਮ ਜਥੇਬੰਦੀਆਂ, ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ, ਨੌਜਵਾਨ ਤੇ ਵਿਦਿਆਰਥੀ ਜਥੇਬੰਦੀਆਂ ਨੇ 'ਪੰਜਾਬ ਬਚਾਓ ਸੰਯੁਕਤ ਮੋਰਚਾ' ਦਾ ਗਠਨ ਕਰਕੇ 'ਕਾਰਪੋਰੇਟ ਭਜਾਓ-ਦੇਸ਼ ਬਚਾਓ-ਪੰਜਾਬ ਬਚਾਓ' ਦੇ ਨਾਅਰੇ ਹੇਠ ਲੋਕਾਂ ਨੂੰ ਲਾਮਬੰਦ ਕਰਕੇ 14 ਨਵੰਬਰ ਨੂੰ ਲੁਧਿਆਣਾ ਵਿਖੇ ਲੱਖਾਂ ਲੋਕਾਂ ਦਾ ਵਿਸ਼ਾਲ ਇਕੱਠ ਕਰਨ ਦਾ ਫੈਸਲਾ ਕੀਤਾ ਹੈ ਅਤੇ ਉਸ ਮੰਚ ਤੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਅੱਜ ਦੀ ਕਨਵੈਨਸ਼ਨ ਨੂੰ ਕਾਮਰੇਡ ਸ਼ਿਵ ਕੁਮਾਰ, ਜਸਵੰਤ ਸਿੰਘ ਸੰਧੂ, ਮਾਸਟਰ ਸੁਭਾਸ਼ ਸ਼ਰਮਾ, ਬਲਵੰਤ ਸਿੰਘ ਘੋਹ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕਾਮਰੇਡ ਰਘਬੀਰ ਸਿੰਘ ਧਲੌਰੀਆਂ, ਨੰਦ ਲਾਲ ਮਹਿਰਾ, ਅਜੀਤ ਰਾਮ ਗੰਦਲਾਂ ਲਾਹੜੀ, ਤਿਲਕ ਰਾਜ ਜਿਆਣੀ, ਦਰਸ਼ਨ ਸਿੰਘ ਅਖਰੋਟਾ, ਨਰੇਸ਼ ਕੁਮਾਰ, ਦੇਵ ਰਾਜ ਤੇ ਹੋਰ ਆਗੂਆਂ ਦੀ ਅਗਵਾਈ ਹੇਠ ਸੈਕੜੇ ਅੌਰਤਾਂ ਮਰਦ ਹਾਜ਼ਰ ਸਨ।