ਜੇਐੱਨਐੱਨ, ਪਠਾਨਕੋਟ : ਗੁਰਦੁਆਰੇ ਦੇ ਸੇਵਾਦਾਰ ਨੇ ਨਾਬਾਲਿਗਾ ਨੂੰ ਬਹਿਲਾ-ਫੁਸਲਾ ਕੇ ਗੁਰਦਾਸਪੁਰ ਦੇ ਇਕ ਹੋਟਲ ’ਚ ਲਿਜਾ ਕੇ ਉਸ ਨਾਲ ਜਬਰ-ਜਨਾਹ ਕੀਤਾ। ਇਸ ਦੌਰਾਨ ਨਾਬਾਲਿਗਾ ਦੀ ਵੀਡੀਓ ਬਣਾ ਲਈ ਤੇ ਉਸ ਦੇ ਪਰਿਵਾਰ ਨੂੰ ਵੀਡੀਓ ਇੰਟਰਨੈੱਟ ’ਤੇ ਪਾਉਣ ਦੀ ਧਮਕੀ ਦੇ ਕੇ ਪੰਜ ਲੱਖ ਰੁਪਏ ਠੱਗ ਲਏ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਗੱਲ ਦੀ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੁਲਜ਼ਮ ਸੁਖਜਿੰਦਰ ਵਾਸੀ ਗੁਰਦਾਸਪੁਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਹੈ।

ਸੁਖਜਿੰਦਰ ਖੇਤਰ ਦੇ ਇਕ ਗੁਰਦੁਆਰਾ ’ਚ ਪਿਛਲੇ ਲੰਬੇ ਸਮੇਂ ਤੋਂ ਸੇਵਾਦਾਰ ਦੇ ਤੌਰ ’ਤੇ ਰਹਿ ਰਿਹਾ ਸੀ। ਸਾਲ 2020 ’ਚ ਉਹ ਸ਼ਿਕਾਇਤਕਰਤਾ ਦੇ ਘਰ ਕਰੀਬ 15 ਦਿਨ ਤਕ ਰਿਹਾ। ਇਸ ਦੌਰਾਨ ਉਸ ਨੇ ਲੜਕੀ ਦਾ ਕਿਸੇ ਤਰ੍ਹਾਂ ਮੋਬਾਈਲ ਨੰਬਰ ਲੈ ਲਿਆ। ਇਸ ਦੇ ਕੁਝ ਦਿਨਾਂ ਬਾਅਦ ਹੀ ਉਸ ਨੇ ਲੜਕੀ ਨੂੰ ਗੁਰਦਾਸਪੁਰ ਦੇ ਇਕ ਹੋਟਲ ’ਚ ਬੁਲਾਇਆ ਤੇ ਉਸ ਨਾਲ ਜਬਰਨ ਜਬਰ-ਜਨਾਹ ਕੀਤਾ। ਉਸ ਨੇ ਲੜਕੀ ਦੀ ਵੀਡੀਓ ਬਣਾ ਲਈ। ਇਸ ਤੋਂ ਬਾਅਦ ਮੁਲਜ਼ਮ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਵੀਡੀਓ ਇੰਟਰਨੈੱਟ ’ਤੇ ਪਾਉਣ ਦਾ ਡਰ ਦਿਖਾ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਪਰਿਵਾਰਕ ਮੈਂਬਰਾਂ ਨੂੰ ਬਲੈਕਮੇਲ ਕਰਦੇ ਹੋਏ ਪੰਜ ਲੱਖ ਰੁਪਏ ਮੰਗੇ। ਮਜਬੂਰਨ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਗੂਗਲ ਪੇਅ ਰਾਹੀਂ ਮੁਲਜ਼ਮ ਦੇ ਖਾਤੇ ’ਚ ਪੰਜ ਲੱਖ ਰੁਪਏ ਪਾਏ।

ਪੰਜ ਲੱਖ ਰੁਪਏ ਲੈਣ ਤੋਂ ਬਾਅਦ ਫਿਰ ਕਰ ਰਿਹੈ ਸੀ ਪੈਸਿਆਂ ਦੀ ਡਿਮਾਂਡ

ਪੁਲਿਸ ਨੇ ਜਾਂਚ ’ਚ ਪਾਇਆ ਕਿ ਮੁਲਜ਼ਮ ਸੁਖਜਿੰਦਰ ਸਿੰਘ ਵੱਲੋਂ ਜਬਰ-ਜਨਾਹ ਪੀੜਤਾ ਦੇ ਪਰਿਵਾਰਕ ਮੈਂਬਰਾਂ ਤੋਂ ਪਹਿਲਾਂ ਹੀ ਪੰਜ ਲੱਖ ਰੁਪਏ ਦੀ ਠੱਗੀ ਕੀਤੀ ਜਾ ਚੁੱਕੀ ਹੈ। ਇਸ ਦੇ ਕੁਝ ਹਫ਼ਤਿਆਂ ਤਕ ਉਹ ਸ਼ਾਂਤ ਰਿਹਾ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਫਿਰ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਖਾਤੇ ’ਚ ਰਾਸ਼ੀ ਪੁਆਉਣ ਲਈ ਧਮਕਾ ਰਿਹਾ ਸੀ। ਥਾਣਾ ਇੰਚਾਰਜ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਪੁਲਿਸ ਨੂੰ ਪਰਿਵਾਰਕ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਮੰਗਲਵਾਰ ਨੂੰ ਦਿੱਤੀ, ਜਿਸ ’ਤੇ ਜਲਦ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੁਲਜ਼ਮ ਨੂੰ ਅੱਜ ਕਾਬੂ ਕਰ ਲਿਆ।

Posted By: Sunil Thapa