ਪੇ੍ਮ ਕਤਨੋਰਿਆ, ਪਠਾਨਕੋਟ : ਸੀਜ਼ਨ 'ਚ ਪਹਿਲੀ ਵਾਰ ਐਤਵਾਰ ਨੂੰ ਪਾਰਾ ਲੱਗਭਗ 44 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਇਸ ਤੋਂ ਪਹਿਲਾਂ ਅਪ੍ਰਰੈਲ 'ਚ ਪਾਰਾ 42.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਅੱਜ ਐਤਵਾਰ ਨੂੰ ਭਿਆਨਕ ਗਰਮੀ ਜਾਰੀ ਰਹਿਣ ਕਾਰਨ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਿਆ । ਮੌਸਮ ਵਿਭਾਗ ਨੇ 16 ਮਈ ਨੂੰ ਬੱਦਲ ਛਾਏ ਰਹਿਣ ਦੇ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਉਮੀਦ ਹੈ ਕਿ ਸੋਮਵਾਰ ਤੇ ਮੰਗਲਵਾਰ ਨੂੰ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ।

ਇਸ ਤੋਂ ਪਹਿਲਾਂ ਸਵੇਰੇ 9 ਵਜੇ ਤੋਂ ਬਾਅਦ ਹੀ ਗਰਮੀ ਕਾਰਨ ਲੋਕਾਂ ਨੂੰ ਘਰੋਂ ਨਿਕਲਣਾ ਅੌਖਾ ਹੋ ਗਿਆ ਤੇ ਦੁਪਹਿਰ 2 ਤੋਂ 4 ਵਜੇ ਤਕ ਬਾਜ਼ਾਰਾਂ 'ਚ ਸੰਨਾਟਾ ਛਾ ਗਿਆ। ਦੂਜੇ ਪਾਸੇ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਅਗਲੇ 48 ਘੰਟਿਆਂ ਦੌਰਾਨ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਦੇ ਨਾਲ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਬਾਰਿਸ਼ ਕਾਰਨ ਤਾਪਮਾਨ 2 ਤੋਂ 3 ਡਿਗਰੀ ਤੱਕ ਡਿੱਗ ਜਾਵੇਗਾ। ਇਸ ਤੋਂ ਬਾਅਦ ਅਗਲੇ 72 ਘੰਟਿਆਂ ਦੌਰਾਨ ਪੰਜਾਬ 'ਚ ਮੌਸਮ ਖੁਸ਼ਕ ਰਹਿਣ ਅਤੇ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾ ਚੱਲੇਗੀ ਅਤੇ ਗਰਜ ਅਤੇ ਬਿਜਲੀ ਵੀ ਚਮਕੇਗੀ । ਇਸ ਕਾਰਨ ਤਾਪਮਾਨ 2-3 ਡਿਗਰੀ ਸੈਲਸੀਅਸ ਹੇਠਾਂ ਆ ਜਾਵੇਗਾ।

ਅਪ੍ਰਰੈਲ ਤੋਂ ਹੀ ਪਾਰਾ 40-43 ਡਿਗਰੀ ਸੈਲਸੀਅਸ ਦੇ ਰਿਹਾ ਵਿਚਕਾਰ

ਅਪ੍ਰਰੈਲ ਦੇ 30 ਦਿਨਾਂ 'ਚ 10 ਦਿਨਾਂ ਤਕ ਤਾਪਮਾਨ 40-43 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ, ਜਦੋਂ ਕਿ 7 ਦਿਨ ਪਾਰਾ 39 ਡਿਗਰੀ ਸੈਲਸੀਅਸ ਤੇ ਬਾਕੀ ਦਿਨ 35 ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਵੱਧ ਤੋਂ ਵੱਧ ਤਾਪਮਾਨ 11 ਅਪ੍ਰਰੈਲ ਨੂੰ 42.2, 18 ਅਪ੍ਰਰੈਲ ਨੂੰ 40.8 ਤੇ 19 ਅਪ੍ਰਰੈਲ ਨੂੰ 42, 26 ਅਪ੍ਰਰੈਲ ਨੂੰ 40, 27 ਅਪ੍ਰਰੈਲ ਨੂੰ 41, 28 ਅਪ੍ਰਰੈਲ ਨੂੰ 41.8, 29 ਅਪ੍ਰਰੈਲ ਨੂੰ 40.8 ਅਤੇ 30 ਅਪ੍ਰਰੈਲ ਨੂੰ 42 ਸੀ। ਇਕ ਦਹਾਕੇ 'ਚ ਪਹਿਲੀ ਵਾਰ ਅਪ੍ਰਰੈਲ ਵਿੱਚ ਕਦੇ ਵੀ ਅੱਜ ਐਤਵਾਰ ਜਿਨ੍ਹਾਂ ਤਾਪਮਾਨ ਦਰਜ ਨਹੀਂ ਹੋਇਆ ਹੈ।

ਘਰੋਂ ਬਾਹਰ ਨਾ ਨਿਕਲਣ ਲੋਕ : ਡਾ. ਅਤਰੀ

ਇਸ ਸਬੰਧੀ ਮੈਡੀਕਲ ਸਪੈਸ਼ਲਿਸਟ ਡਾ.ਐੱਮਐੱਲ ਅਤਰੀ ਨੇ ਦੱਸਿਆ ਕਿ ਗਰਮੀ ਦਿਨੋਂ ਦਿਨ ਵੱਧ ਰਹੀ ਹੈ, ਇਸ ਲਈ ਤੇਜ਼ ਧੁੱਪ 'ਚ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਨਿੰਬੂ ਪਾਣੀ ਜ਼ਰੂਰ ਪੀਓ। ਥੋੜ੍ਹੀ ਜਿਹੀ ਲਾਪਰਵਾਹੀ ਵੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ।