ਜੇਐੱਨਐੱਨ, ਚੰਡੀਗੜ੍ਹ: ਜ਼ਿਲ੍ਹਾ ਅਦਾਲਤ 'ਚ ਇਕ ਮਾਮਲੇ ਦੀ ਸੁਣਵਾਈ ਕਰਦੇ ਚੰਡੀਗੜ੍ਹ ਪੁਲਿਸ ਨੂੰ ਇਕ ਵਾਰ ਫਿਰ ਫਟਕਾਰ ਪਈ ਹੈ। ਇਸ ਮਹੀਨੇ 'ਚ ਤੀਜੀ ਵਾਰ ਹੈ ਜਦੋਂ ਕੋਰਟ ਨੇ ਪੁਲਿਸ ਨੂੰ ਤਾੜਿਆ ਹੈ। ਚੰਡੀਗੜ੍ਹ ਪੁਲਿਸ ਦੇ ਡੀਐੱਸਪੀ ਐੱਸਪੀਐੱਸ ਸੋਂਧੀ ਤੇ ਉਸਦੇ ਗਨਮੈਨ 'ਤੇ ਹਮਲਾ ਕਰਨ ਦੇ ਦੋਸ਼ 'ਚ ਡਿਸਟਿ੍ਕਟ ਕੋਰਟ ਨੇ ਸੈਕਟਰ-43 ਦੇ ਰਹਿਣ ਵਾਲੇ ਅਨਮੋਲ ਨੂੰ ਬਰੀ ਕਰ ਦਿੱਤਾ ਹੈ। 5 ਸਾਲ ਪਹਿਲਾਂ ਅਨਮੋਲ 'ਤੇ ਡੀਐੱਸਪੀ ਸੋਂਧੀ ਦੇ ਗਨਮੈਨ ਦੀ ਸ਼ਿਕਾਇਤ 'ਤੇ ਸਰਕਾਰੀ ਡਿਊਟੀ 'ਚ ਰੁਕਾਵਟ ਪਹੁੰਚਾਉਣ ਤੇ ਸਰਕਾਰੀ ਕਰਮਚਾਰੀ 'ਤੇ ਹਮਲਾ ਕਰਨ ਦੇ ਦੋਸ਼ 'ਚ ਕੇਸ ਦਰਜ ਹੋਇਆ ਸੀ। ਪਰ ਸਬੂਤਾਂ ਦੀ ਘਾਟ 'ਚ ਕੋਰਟ ਨੇ ਅਨਮੋਲ ਨੂੰ ਬਰੀ ਕਰ ਦਿੱਤਾ ਹੈ। ਅਨਮੋਲ ਦਾ ਕੇਸ ਲੜਨ ਵਾਲੇ ਐਡਵੋਕੇਟ ਗੁਰਦਿੱਤ ਸਿੰਘ ਸੈਣੀ ਨੇ ਉਸਦੇ ਬਚਾਅ 'ਚ ਕਿਹਾ ਕਿ ਜਿਸ ਸਮੇਂ ਦੀ ਹੈ ਵਾਰਦਾਤ ਹੈ ਉਸ ਸਮੇਂ ਮੌਕੇ 'ਤੇ ਚਾਰ ਕਮਾਂਡੋ ਸੀ ਜਿਨ੍ਹਾਂ 'ਚੋਂ ਦੋ ਗਨਮੈਨ ਸੀ। ਉਨ੍ਹਾਂ ਦੇ ਕੋਲ ਹਥਿਆਰ ਸੀ ਤੇ ਡੀਐੱਸਪੀ ਸੋਂਧੀ ਦੇ ਕੋਲ ਵੀ ਸਰਵਿਸ ਰਿਵਾਲਰ ਸੀ। ਅਜਿਹੇ 'ਚ ਇਕ ਇਕੱਲਾ ਨੌਜਵਾਨ ਇਨੇ ਪੁਲਿਸ ਕਰਮਚਾਰੀਆਂ ਦੇ ਨਾਲ ਭਿੜਣ ਦੀ ਹਿੰਮਤ ਕਿਸ ਤਰ੍ਹਾਂ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਇਕ ਝੂਠੀ ਕਹਾਣੀ ਬਣਾਈ ਸੀ। ਜਿਸ ਸਮੇਂ ਸਭ ਕੁਝ ਹੋਇਆ ਉਸ ਸਮੇਂ ਡੀਐੱਸਪੀ ਸਰਕਾਰੀ ਗੱਡੀ ਰਾਹੀਂ ਕਿਤੇ ਜਾ ਰਹੇ ਸੀ ਯਾਨੀ ਉਸ ਜਗ੍ਹਾ 'ਤੇ ਉਸਦੀ ਡਿਊਟੀ ਨਹੀਂ ਸੀ। ਇਸ ਲਈ ਡਿਊਟੀ 'ਚ ਰੁਕਾਵਟ ਪਹੁੰਚਾਉਣ ਦਾ ਕੇਸ ਨਹੀਂ ਬਣਦਾ।

ਇਹ ਸੀ ਮਾਮਲਾ

16 ਅਕਤੂਬਰ 2016 ਨੂੰ ਡੀਐੱਸਪੀ ਸੋਂਧੀ ਆਪਣੀ ਸਰਕਾਰੀ ਗੱਡੀ ਰਾਹੀਂ ਜਾ ਰਹੇ ਸੀ। ਜਦੋਂ ਉਹ ਸੈਕਟਰ-24, 25 ਦੇ ਚੌਕ 'ਤੇ ਪਹੁੰਚੇ ਤਾਂ ਉਨ੍ਹਾਂ ਦੀ ਨਜ਼ਰ ਮੋਟਰਸਾਈਕਲ ਸਵਾਰ ਅਨਮੋਲ 'ਤੇ ਪਈ। ਉਸਨੇ ਹੈਲਮੈਟ ਨਹੀਂ ਪਾਇਆ ਸੀ। ਪੁਲਿਸ ਨੇ ਉਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਉਹ ਭੱਜ ਗਿਆ। ਪੁਲਿਸ ਨੇ ਕੁਝ ਦੂਰੀ 'ਤੇ ਹੀ ਉਸ ਨੂੰ ਕਾਬੂ ਕਰ ਲਿਆ। ਪਰ ਅਨਮੋਲ ਨੇ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ। ਜਿਸ ਨਾਲ ਹੈੱਡ ਕਾਂਸਟੇਬਲ ਬਲਜੀਤ ਸਿੰਘ ਜ਼ਮੀਨ 'ਤੇ ਡਿੱਗ ਗਿਆ। ਡੀਐੱਸਪੀ ਸੋਂਧੀ ਤੇ ਬਾਕੀ ਪੁਲਿਸ ਕਰਮਚਾਰੀਆਂ ਨੇ ਤੁਰੰਤ ਅਨਮੋਲ ਨੂੰ ਕਾਬੂ ਕੀਤਾ। ਪੁਲਿਸ ਨੂੰ ਸ਼ਿਕਾਇਤ ਦੇ ਕੇ ਉਸ 'ਤੇ ਕੇਸ ਦਰਜ ਕਰਵਾ ਦਿੱਤਾ।