ਸੁਰਿੰਦਰ ਮਹਾਜਨ, ਪਠਾਨਕੋਟ : ਨਰਿੰਦਰ ਮੋਦੀ ਵੱਲੋਂ ਆਪਣੀਆਂ ਸਿਆਸੀ ਖਾਹਿਸ਼ਾਂ ਲਈ ਦੇਸ਼ ਨੂੰ ਜਾਤ ਤੇ ਧਰਮ ਦੇ ਅਧਾਰ 'ਤੇ ਵੰਡਣ ਦੀਆਂ ਘਿਣਾਉਣੀਆਂ ਕੋਸ਼ਿਸ਼ਾਂ ਲਈ ਪ੍ਰਧਾਨ ਮੰਤਰੀ ਨੂੰ 'ਟਾਈਮ ਮੈਗਜ਼ੀਨ' ਵੱਲੋਂ ਆਪਣੇ ਕਵਰ ਪੇਜ਼ 'ਤੇ 'ਡਿਵਾਈਡਰ ਇੰਨ ਚੀਫ' ਆਖੇ ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਫਟਕਾਰ ਲਗਾਈ ਹੈ।

ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੇ ਵੱਕਾਰ ਨੂੰ ਸੁੱਟ ਦਿੱਤਾ ਹੈ, ਜਿਸ 'ਤੇ ਟਾਈਮ ਮੈਗਜ਼ੀਨ ਨੇ ਵੀ ਆਪਣੀ ਮੋਹਰ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਅਟਲ ਬਿਹਾਰੀ ਵਾਜਪਾਈ ਵਰਗੇ ਆਗੂਆਂ ਨੇ ਸੰਯੁਕਤ ਰਾਸ਼ਟਰ ਵਰਗੇ ਵਿਸ਼ਵ ਪੱਧਰੀ ਮੰਚਾਂ 'ਤੇ ਭਾਰਤ ਦੇ ਵਕਾਰ ਨੂੰ ਵਧਾਇਆ ਸੀ ਪਰ ਮੋਦੀ ਨੇ ਇਸ ਨੂੰ ਘਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਟਾਈਮ ਮੈਗਜ਼ੀਨ ਦਾ ਮੋਹਰਲਾ ਪੰਨਾ ਇਹ ਦੱਸਦਾ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਮੋਦੀ ਬਾਰੇ ਕੀ ਸੋਚਦਾ ਹੈ ਜਿਸ ਨੇ ਸੰਸਾਰ ਭਰ 'ਚ ਭਾਰਤ ਦੇ ਵੱਕਾਰ ਨੂੰ ਘਟਾਇਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੀਆਂ ਧਰਮ ਨਿਰਪੱਖ ਤੰਦਾਂ ਨੂੰ ਤਬਾਹ ਕਰਨ ਦੀ ਮੋਦੀ ਦੀ ਸ਼ਰਮਨਾਕ ਕੋਸ਼ਿਸ਼ ਦੇਸ਼ ਲਈ ਇੱਕ ਚੁਣੌਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਭਾਰਤ ਦੇ ਭਵਿੱਖ ਲਈ ਵੋਟ ਕਰਨ ਦਾ ਸੱਦਾ ਦਿੱਤਾ ਹੈ, ਜਿਸ ਦੀ ਵਿਭਿੰਨਤਾ ਅਤੇ ਧਰਮ ਨਿਰਪੱਖਤਾ ਮੁੱਖ ਤਾਕਤ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਅਜਿਹੀ ਇੱਕ ਸਰਕਾਰ ਚਾਹੀਦੀ ਹੈ ਜੋ ਕਿ ਇਸ ਨੂੰ ਇੱਕਮੁਠ ਰੱਖ ਸਕੇ ਅਤੇ ਇਸ ਨੂੰ ਮੋਦੀ ਵਰਗੇ ਆਗੂਆਂ ਦੀ ਕੋਈ ਜ਼ਰੂਰਤ ਨਹੀਂ ਹੈ ਜੋ ਦੇਸ਼ ਦੀ ਏਕਤਾ ਨੂੰ ਤਬਾਹ ਕਰਨ ਲਈ ਤੁਲੇ ਹੋਏ ਹਨ।

ਮੁੱਖ ਮੰਤਰੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਮੋਦੀ ਨੇ ਭਾਰਤ ਨੂੰ ਅੱਜ ਤਕ ਦੇ ਸਭ ਤੋਂ ਨਿਮਨ ਪੱਧਰ 'ਤੇ ਲੈ ਆਂਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਲੜਾਈ ਦੇਸ਼ ਨੂੰ ਬਚਾਉਣ ਦੀ ਹੈ।

Posted By: Amita Verma