ਪਠਾਨਕੋਟ : ਸ਼ਾਹਪੁਰ ਚੌਕ ਸਥਿਤ ਕਰੀਬ 200 ਸਾਲ ਪੁਰਾਣੇ ਬਾਊਲੀਆਂ ਮੰਦਰ ਵਿਚ ਸ਼ੁੱਕਰਵਾਰ ਸ਼ਾਮ ਨੂੰ ਪੁਟਾਈ ਦੌਰਾਨ 22 ਬੰਬਨੁਮਾ ਵਸਤਾਂ ਮਿਲਣ ਕਾਰਨ ਦਹਿਸ਼ਤ ਫੈਲ ਗਈ। ਕਾਫੀ ਪੁਰਾਣੀਆਂ ਹੋਣ ਕਾਰਨ ਇਨ੍ਹਾਂ ਵਸਤਾਂ 'ਤੇ ਪੂਰੀ ਤਰ੍ਹਾਂ ਜੰਗ ਲੱਗ ਚੁੱਕਾ ਹੈ। ਇਹ ਹੈਂਡ ਗ੍ਰਨੇਡ ਜਾਂ ਲਾਂਚਰ ਵੀ ਹੋ ਸਕਦੀਆਂ ਹਨ। ਹਾਲਾਂਕਿ ਅਸਲੀਅਤ ਜਾਂਚ ਦੇ ਬਾਅਦ ਹੀ ਸਪੱਸ਼ਟ ਹੋਵੇਗੀ ਕਿ ਇਹ ਬੰਬ ਹਨ ਜਾਂ ਕਿ ਕੋਈ ਆਮ ਵਸਤਾਂ। ਦੱਸਣਯੋਗ ਹੈ ਕਿ ਜਨਵਰੀ 2016 ਵਿਚ ਪਠਾਨਕੋਟ ਏਅਰਬੇਸ 'ਤੇ ਅੱਤਵਾਦੀ ਹਮਲਾ ਹੋਇਆ ਸੀ। ਕਈ ਵਾਰ ਸ਼ੱਕੀ ਵੀ ਦੇਖੇ ਜਾ ਚੁੱਕੇ ਹਨ। ਇਸ ਲਈ ਪੁਲਿਸ ਜ਼ਿਆਦਾ ਮੁਸਤੈਦੀ ਵਰਤ ਰਹੀ ਹੈ।


ਬਾਊਲੀਆਂ ਸੁਧਾਰ ਕਮੇਟੀ ਦੇ ਮੈਂਬਰ ਰਾਜ ਕੁਮਾਰ ਕਾਕਾ, ਅਨੁਸ਼ ਮਿਨਹਾਸ ਤੇ ਵਿਨੋਦ ਕੁਮਾਰ ਨੇ ਦੱਸਿਆ ਕਿ ਖੁਦਾਈ ਦੌਰਾਨ ਪਹਿਲੀ ਬੰਬਨੁਮਾ ਚੀਜ਼ ਦਿਖਾਈ ਦਿੱਤੀ ਤਾਂ ਮਜ਼ੂਦਰਾਂ ਨੇ ਇਸ ਨੂੰ ਲੋਹੇ ਦਾ ਟੁੱਕੜਾ ਸਮਝਿਆ ਤੇ ਦੂਰ ਸੁੱਟ ਦਿੱਤਾ। ਇਸ ਦੇ ਬਾਅਦ ਇਕ-ਇਕ ਕਰ ਕੇ 22 ਹੋਰ ਟੁੱਕੜੇ ਬਰਾਮਦ ਹੋਏ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਲੋਕਾਂ ਨੇ ਗੌਰ ਨਾਲ ਦੇਖਿਆ ਤਾਂ ਕੁਝ ਟੁੱਕੜਿਆਂ ਵਿਚ ਪਿੰਨ ਲੱਗੀ ਹੋਈ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ 1984 ਦੰਗਿਆਂ ਦੌਰਾਨ ਕਿਸੇ ਸ਼ਰਾਰਤੀ ਅਨਸਰ ਨੇ ਉਕਤ ਬੰਬਨੁਮਾ ਚੀਜ਼ਾਂ ਨੂੰ ਮੰਦਰ ਦੇ ਤਲਾਬ ਵਿਚ ਸੁੱਟ ਦਿੱਤਾ ਹੋਵੇਗਾ। ਇਹ ਤਲਾਬ ਕਾਫੀ ਸਮੇਂ ਤੋਂ ਬੰਦ ਸੀ। ਸ਼ੁੱਕਰਵਾਰ ਸਾਮ ਨੂੰ ਪੁਟਾਈ ਦੌਰਾਨ ਜਿਵੇਂ ਹੀ ਲੇਬਰ ਤੇ ਸੇਵਾ ਕਰ ਰਹੇ ਲੋਕਾਂ ਨੇ ਇਨ੍ਹਾਂ ਬੰਬਨੁਮਾ ਚੀਜ਼ਾਂ ਨੂੰ ਦੇਖਿਆ ਤਾਂ ਪੁਟਾਈ ਦਾ ਕੰਮ ਰੋਕ ਦਿੱਤਾ ਗਿਆ।


ਅਸਲੀਅਤ ਦਾ ਪਤਾ ਜਾਂਚ ਤੋਂ ਬਾਅਦ ਲੱਗੇਗਾ : ਡੀਐੱਸਪੀ

ਡੀਐੱਸਪੀ ਸਿਟੀ ਸੁਖਜਿੰਦਰ ਸਿੰਘ ਤੇ ਥਾਣਾ ਮੁਖੀ ਕੁਲਦੀਪ ਸਿੰਘ ਨੇ ਕਿਹਾ ਕਿ ਦੇਖਣ ਨੂੰ ਇਹ ਬੰਬ ਨਾ ਹੋ ਕੇ ਪੁਰਾਣੇ ਸਮੇਂ 'ਚ ਲੋਹੇ ਨਾਲ ਤਿਆਰ ਕਿਸੇ ਚੀਜ਼ ਦੇ ਖੋਲ ਲੱਗ ਰਹੇ ਹਨ। ਅਸਲੀਅਤ ਜਾਂਚ ਦੇ ਬਾਅਦ ਹੀ ਪਤਾ ਲੱਗੇਗੀ। ਉਨ੍ਹਾਂ ਕਿਹਾ ਕਿ ਬੰਬ ਨਕਾਰਾ ਦਸਤੇ ਨੂੰ ਸੂਚਿਤ ਕੀਤਾ ਗਿਆ ਹੈ।