ਜੇਐੱਨਐੱਨ, ਪਠਾਨਕੋਟ : ਹਿੰਦੀ ਫ਼ਿਲਮਾਂ ਦੇ ਸਦਾਬਹਾਰ ਅਭਿਨੇਤਾ ਤੇ ਹੀਮੈਨ ਧਰਮਿੰਦਰ ਦਾ ਇਹ ਖ਼ਾਸ ਅੰਦਾਜ਼ ਤੁਹਾਡੇ ਦਿਲ ਨੂੰ ਛੂਹ ਲਵੇਗਾ। ਧਰਮਿੰਦਰ ਨੇ ਗੁਰਦਾਸਪੁਰ ਤੋਂ ਆਪਣੇ ਪੁੱਤਰ ਸੰਨੀ ਦਿਓਲ ਖ਼ਿਲਾਫ਼ ਲੋਕਸਭਾ ਚੋਣ ਲੜ ਰਹੇ ਸੁਨੀਲ ਜਾਖੜ ਨਾਂ ਬੇਹੱਦ ਭਾਵੁਕ ਪੈਗ਼ਾਮ ਭੇਜਿਆ ਹੈ। ਉਨ੍ਹਾਂ ਨੇ ਸ਼ਾਇਰਾਨਾ ਅੰਦਾਜ਼ ਵਿਚ ਸੁਨੀਲ ਜਾਖੜ ਲਈ ਟਵੀਟ ਕੀਤਾ ਹੈ। ਉਨ੍ਹਾਂ ਨੇ ਸਿਆਸਤ ਦੀ ਵਜ੍ਹਾ ਨਾਲ ਰਿਸ਼ਤਿਆਂ ਦੇ ਤਾਰ-ਤਾਰ ਹੋਣ ਦੇ ਆਪਣੇ ਦਰਦ ਨੂੰ ਬਿਆਨ ਕੀਤਾ ਹੈ।

ਆਪਣੇ ਟਵੀਟ ਵਿਚ ਧਰਮਿੰਦਰ ਨੇ ਲਿਖਿਆ ਹੈ—'ਸਗੋ ਸੇ ਰਿਸ਼ਤੇ... ਇਕ ਜ਼ਮਾਨੇ ਸੇ... ਤੋੜ ਗਈ.... ਪਲੋ ਮੇਂ... ਕਮਬਖ਼ਤ ਸਿਆਸਤ ਯੇ... ਬਰਕਰਾਰ ਹੈ... ਬਰਕਰਾਰ ਰਹੇਗੀ... ਮੋਹਬੱਤ ਮੇਰੀ.... ਮੋਹਬੱਤ ਸੇ... ਜਾਖੜ ਕੇ ਨਾਮ।' ਧਰਮਿੰਦਰ ਦੇ ਟਵੀਟ ਕਰਦੇ ਹੀ ਸੈਂਕੜਿਆਂ ਲੋਕਾਂ ਨੇ ਇਸ ਨੂੰ ਰੀ-ਟਵੀਟ ਕੀਤਾ ਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਇਸ ਨੂੰ ਲਾਈਕ ਕੀਤਾ। ਕੁਝ ਨੇ ਤਾਂ ਇਸ 'ਤੇ ਉਨ੍ਹਾਂ ਦੇ ਅੰਦਾਜ਼ ਵਿਚ ਜਵਾਬ ਵੀ ਦਿੱਤੇ। ਦਿਲਚਸਪ ਗੱਲ ਇਹ ਹੈ ਕਿ ਧਰਮਿੰਦਰ ਨੇ ਹਰ ਇਕ ਨੂੰ ਜਵਾਬ ਵੀ ਦਿੱਤਾ ਹੈ।

ਦੱਸ ਦਈਏ ਕਿ ਧਰਮਿੰਦਰ ਜਦੋਂ ਗੁਰਦਾਸਪੁਰ ਵਿਚ ਪੁੱਤਰ ਸੰਨੀ ਦਿਓਲ ਲਈ ਚੋਣ ਪ੍ਰਚਾਰ ਲਈ ਆਏ ਸਨ ਤਾਂ ਉਸ ਸਮੇਂ ਵੀ ਉਨ੍ਹਾਂ ਦਾ ਸੁਨੀਲ ਜਾਖੜ ਦੇ ਲਈ ਪਿਆਰ ਉਮੜਿਆ ਸੀ। ਉਨ੍ਹਾਂ ਨੇ ਉਸ ਸਮੇਂ ਸੁਨੀਲ ਜਾਖੜ ਨੂੰ ਆਪਣੇ ਬੱਚੇ ਵਰਗਾ ਦੱਸਿਆ ਸੀ ਤੇ ਕਿਹਾ ਸੀ ਕਿ ਮੈਂ ਜਾਖੜ ਖ਼ਿਲਾਫ਼ ਚੋਣਾਂ ਵਿਚ ਕੁਝ ਨਹੀਂ ਬੋਲਾਂਗਾ।

ਜ਼ਿਕਰਯੋਗ ਹੈ ਕਿ ਧਰਮਿੰਦਰ ਦੀ ਜਾਖੜ ਪਰਿਵਾਰ ਨਾਲ ਪੁਰਾਣੀ ਦੋਸਤੀ ਹੈ। ਉਨ੍ਹਾਂ ਦੇ ਪਿਤਾ ਬਲਰਾਮ ਜਾਖੜ ਜਦੋਂ ਸੀਕਰ ਤੋਂ ਚੋਣ ਲੜੇ ਤਾਂ ਧਰਮਿੰਦਰ ਉਨ੍ਹਾਂ ਦੇ ਪੱਖ ਵਿਚ ਪ੍ਰਚਾਰ ਕਰਨ ਦੇ ਲਈ ਗਏ। ਇਥੋਂ ਤਕ ਕਿ ਜਦੋਂ ਭਾਜਪਾ ਨੇ ਉਨ੍ਹਾਂ ਨੂੰ ਅਗਲੀ ਚੋਣ ਵਿਚ ਸੀਕਰ ਤੋਂ ਖੜ੍ਹੇ ਹੋਣ ਦੇ ਲਈ ਕਿਹਾ, ਤਾਂ ਉਨ੍ਹਾਂ ਨੇ ਇਹ ਕਹਿੰਦੇ ਹੋਏ ਮਨ੍ਹਾ ਕਰ ਦਿੱਤਾ ਕਿ ਬਲਰਾਮ ਜਾਖੜ ਮੇਰੇ ਵੱਡੇ ਭਰਾ ਹਨ। ਮੈਂ ਉਨ੍ਹਾਂ ਦੇ ਸਾਹਮਣੇ ਚੋਣ ਨਹੀਂ ਲੜ ਸਕਦਾ।

ਇਸ ਤੋਂ ਬਾਅਦ ਭਾਜਪਾ ਨੇ ਧਰਮਿੰਦਰ ਨੂੰ ਸੀਕਰ ਦੀ ਬਜਾਏ ਬੀਕਾਨੇਰ ਤੋਂ ਚੋਣ ਮੈਦਾਨ ਵਿਚ ਉਤਾਰਿਆ ਸੀ ਤੇ ਉਹ ਚੋਣ ਜਿੱਤ ਗਏ। ਗੁਰਦਾਸਪੁਰ ਵਿਚ ਆਪਣੀ ਪ੍ਰਚਾਰ ਮੁਹਿੰਮ ਦੌਰਾਨ ਵੀ ਧਰਮਿੰਦਰ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਇਸ ਗੱਲ ਦਾ ਪਹਿਲਾਂ ਪਤਾ ਹੁੰਦਾ ਕਿ ਗੁਰਦਾਸਪੁਰ ਵਿਚ ਉਨ੍ਹਾਂ ਦੇ ਵੱਡੇ ਭਰਾ ਦਾ ਪੁੱਤਰ ਸੁਨੀਲ ਚੋਣ ਲੜ ਰਿਹਾ ਹੈ, ਤਾਂ ਉਹ ਸੰਨੀ ਨੂੰ ਇਥੋਂ ਚੋਣ ਲੜਨ ਦੇ ਲਈ ਕਦੀ ਨਾ ਕਹਿੰਦੇ। ਆਪਣੇ ਟਵੀਟ ਵਿਚ ਧਰਮਿੰਦਰ ਨੇ ਕਿਹਾ ਕਿ ਸਿਆਸਤ ਰਿਸ਼ਤਿਆਂ ਨੂੰ ਤਬਾਹ ਕਰ ਦਿੰਦੀ ਹੈ, ਪਰ ਮੇਰਾ ਪਿਆਰ ਸੁਨੀਲ ਜਾਖੜ ਦੇ ਲਈ ਹਮੇਸ਼ਾ ਬਣਿਆ ਰਹੇਗਾ।

Posted By: Susheel Khanna