ਸੁਰਿੰਦਰ ਮਹਾਜਨ, ਪਠਾਨਕੋਟ : ਬੀਤੇ ਦਿਨੀ ਮਲੋਟ ਵਿਖੇ ਅਬੋਹਰ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਵਿਧਾਇਕ ਅਰੁਣ ਨਾਰੰਗ ਨਾਲ ਕੁੱਝ ਲੋਕਾਂ ਵਲੋਂ ਕੁੱਟਮਾਰ ਕੀਤੀ ਗਈ ਸੀ ਤੇ ਉਨ੍ਹਾਂ ਦੇ ਕੱਪੜੇ ਵੀ ਪਾੜੇ ਗਏ ਸਨ, ਜਿਸਦੇ ਵਿਰੋਧ ’ਚ ਅੱਜ ਪਠਾਨਕੋਟ ਵਿਖੇ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਜ਼ਿਲਾ ਪ੍ਰਧਾਨ ਵਿਜੈ ਕੁਮਾਰ ਦੀ ਅਗਵਾਈ ’ਚ ਕਾਂਗਰਸ ਸਰਕਾਰ ਵਿਰੁੱਧ ਧਰਨਾ ਦਿੱਤਾ ਗਿਆ ਤੇ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਬੀਤੇ ਦਿਨੀ ਜੋ ਮਲੋਟ ਵਿਖੇ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਕਾਂਗਰਸ ਸਰਕਾਰ ਦੇ ਗੁੰਡਿਆਂ ਵਲੋਂ ਜੋ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ, ਉਸਨੂੰ ਭਾਜਪਾ ਆਗੂ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਏ ਦਿਨ ਕਾਂਗਰਸ ਸਰਕਾਰ ਦੀ ਸ਼ਹਿ ’ਤੇ ਭਾਜਪਾ ਆਗੂਆਂ ’ਤੇ ਹਮਲੇ ਹੋ ਰਹੇ ਹਨ, ਜਿਸ ਨਾਲ ਭਾਜਪਾ ਵਰਕਰਾਂ ’ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਇਨ੍ਹਾਂ ਹਮਲਿਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਉਨ੍ਹਾਂ ਹੁਣ ਡਟ ਕੇ ਇਸ ਦਾ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਜਦ ਤੱਕ ਵਿਧਾਇਕ ਅਰੁਣ ਨਾਰੰਗ ਨਾਲ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਭਾਜਪਾ ਵਰਕਰਾਂ ਵਲੋਂ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਮਾ. ਮੋਹਨ ਲਾਲ, ਸਾਬਕਾ ਜ਼ਿਲਾ ਪ੍ਰਧਾਨ ਅਨਿਲ ਰਾਮਪਾਲ, ਸਾਬਕਾ ਮੇਅਰ ਅਨਿਲ ਵਾਸੁਦੇਵਾ, ਜ਼ਿਲਾ ਮੀਡੀਆ ਇੰਚਾਰਜ਼ ਪ੍ਰਦੀਪ ਰੈਣਾ, ਅਰੁਣ ਮਹਾਜਨ, ਜ਼ਿਲਾ ਯੁਵਾ ਮੋਰਚਾ ਪ੍ਰਧਾਨ ਵਰੁਣ ਵਿੱਕੀ, ਜ਼ਿਲਾ ਮਹਾ ਮੰਤਰੀ ਵਿਨੋਦ ਧੀਮਾਨ, ਜ਼ਿਲਾ ਐੱਸਸੀ ਮੋਰਚਾ ਪ੍ਰਧਾਨ ਜੋਗਿੰਦਰ ਸਿੰਘ, ਮੰਡਲ ਪ੍ਰਧਾਨ ਸ਼ਮਸ਼ੇਰ ਠਾਕੁਰ, ਪ੍ਰਧਾਨ ਸਾਊਥ ਰੋਹਿਤ ਪੁਰੀ, ਪਠਾਨਕੋਟ ਦੇਹਾਤੀ ਮੰਡਲ ਪ੍ਰਧਾਨ ਵੀਨਾ ਪਰਮਾਰ, ਕਿਰਨ ਅਰੋੜਾ, ਮੀਤਾ, ਜ਼ਿਲਾ ਮੀਤ ਪ੍ਰਧਾਨ ਰਮੇਸ਼ ਸ਼ਰਮਾ, ਨਰੇਸ਼ ਆਦਿ ਮੌਜੂਦ ਸਨ।

Posted By: Rajnish Kaur