ਸੁਰਿੰਦਰ ਮਹਾਜਨ, ਪਠਾਨਕੋਟ : ਭਾਰਤੀ ਫ਼ੌਜ ਮੁਖੀ ਐੱਮਐੱਮ ਨਰਵਾਣੇ ਨੇ ਮੌਜੂਦਾ ਸੁਰੱਖਿਆ ਸਥਿਤੀ ਤੇ ਜੰਮੂ-ਪਠਾਨਕੋਟ ਖੇਤਰ 'ਚ ਜ਼ਮੀਨੀ ਹਕੀਕਤ ਤੇ ਤਾਇਨਾਤ ਫ਼ੌਜੀਆਂ ਦੀ ਤਿਆਰੀ ਦਾ ਜਾਇਜ਼ਾ ਲੈਣ ਰਾਈਜ਼ਿੰਗ ਸਟਾਰ ਕੋਰ ਦੀਆਂ ਅਗਲੇਰੀ ਚੌਕੀਆਂ ਦਾ ਦੌਰਾ ਕੀਤਾ। ਆਰਮੀ ਚੀਫ ਦਾ ਜੰਮੂ 'ਚ ਲੈਫਟੀਨੈਂਟ ਜਨਰਲ ਆਰਪੀ ਸਿੰਘ, ਜੀਓਸੀ-ਇਨ-ਸੀ ਪੱਛਮੀ ਕਮਾਂਡ, ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ, ਜੀਓਸੀ ਰਾਈਜ਼ਿੰਗ ਸਟਾਰ ਕੋਰ, ਮੇਜਰ ਜਨਰਲ ਵੀਬੀ ਨਾਇਰ, ਜੀਓਸੀ ਟਾਈਗਰ ਡਵੀਜ਼ਨ ਤੇ ਏਅਰ ਕਮਾਂਡਰ ਏਐੱਸ ਪਠਾਨੀਆ ਤੇ ਕਮਾਂਡਰ ਏਅਰ ਫੋਰਸ ਸਟੇਸ਼ਨ ਜੰਮੂ ਵਲੋਂ ਸਵਾਗਤ ਕੀਤਾ ਗਿਆ।

ਚੀਫ ਆਫ ਆਰਮੀ ਸਟਾਫ ਨੂੰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ, ਜੀਓਸੀ, ਰਾਈਜਿੰਗ ਸਟਾਰ ਕੋਰ ਨੇ ਸੰਚਾਲਨ ਦੀ ਤਿਆਰੀ, ਸੁਰੱਖਿਆ ਦੇ ਬੁਨਿਆਦੀ ਢਾਂਚੇ ਦੇ ਅਪਗ੍ਰੇਡ ਤੇ ਅੰਦਰੂਨੀ ਸੁਰੱਖਿਆ ਦੇ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ। ਜੀਓਸੀ ਟਾਈਗਰ ਡਵੀਜ਼ਨ ਦੇ ਨਾਲ ਆਰਮੀ ਚੀਫ ਨੇ ਅਗਲੇਰੇ ਖੇਤਰਾਂ 'ਚ ਕਾਰਜਸ਼ੀਲ ਤਿਆਰੀ ਦਾ ਜਾਇਜ਼ਾ ਲਿਆ। ਫਾਰਵਰਡ ਏਰੀਆ ਦੌਰੇ ਦੌਰਾਨ ਉਨ੍ਹਾਂ ਫੀਲਡ ਗਠਨ ਕਮਾਂਡਰਾਂ ਤੇ ਫ਼ੌਜ ਦੇ ਟਰੂਪਸ ਨਾਲ ਗੱਲਬਾਤ ਕੀਤੀ। ਜਨਰਲ ਨੇ ਗੁਰਜ ਡਵੀਜ਼ਨ ਦੇ ਅਗਲੇਰੇ ਖੇਤਰਾਂ ਦਾ ਦੌਰਾ ਵੀ ਕੀਤਾ। ਜੀਓਸੀ ਗੁਰਜ ਡਵੀਜ਼ਨ ਮੇਜਰ ਜਨਰਲ ਵਾਈਪੀ ਖੰਡੂਰੀ ਨੇ ਇਸ ਬਾਰੇ ਚੀਫ ਆਫ ਆਰਮੀ ਸਟਾਫ ਨੂੰ ਵਿਸਤਾਰ ਨਾਲ ਜਾਣਕਾਰੀ ਦਿੱਤੀ।

ਆਰਮੀ ਚੀਫ ਨੇ ਪਾਕਿਸਤਾਨ ਵਲੋਂ ਕੀਤੀ ਜਾਂਦੀ ਜੰਗਬੰਦੀ ਦੀ ਉਲੰਘਣਾ ਤੇ ਅੱਤਵਾਦੀਆਂ ਵੱਲੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ‘ਜ਼ੀਰੋ ਟੌਲਰੈਂਸ’ ਨੂੰ ਬਹਾਲ ਰੱਖਣ ਲਈ ਵੀ ਆਦੇਸ਼ ਦਿੱਤਾ। ਉਨ੍ਹਾਂ ਦੱਸਿਆ ਕਿ ਸੇਵਾ ਦੀਆਂ ਸਾਰੀਆਂ ਏਜੰਸੀਆਂ ਤੇ ਸਰਕਾਰ ਇਕਜੁੱਟ ਹੋ ਕੇ ਮਿਹਨਤ ਕਰ ਰਹੀਆਂ ਹਨ ਤੇ ਸਾਡੇ ਵਿਰੋਧੀਆਂ ਵਲੋਂ ਪ੍ਰੌਕਸੀ ਵਾਰ ਦੇ ਭਿਆਨਕ ਇਰਾਦੇ ਨੂੰ ਠੱਲ੍ਹ ਪਾਉਣ ਲਈ ਅਜਿਹਾ ਕਰਦੀਆਂ ਰਹਿਣਗੀਆਂ।

ਆਰਮੀ ਚੀਫ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੱਛਮੀ ਕਮਾਂਡ ਦੇ ਸਾਰੇ ਰੈਂਕਾਂ ਨੂੰ ਸੰਬੋਧਨ ਕੀਤਾ ਅਤੇ ਫ਼ੌਜੀਆਂ ਦੇ ਮਨੋਬਲ ਦੀ ਸ਼ਲਾਘਾ ਕੀਤੀ। ਉਨ੍ਹਾਂ ਦੇਸ਼ ਦੇ ਦੁਸ਼ਮਣਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਨੂੰ ਰੋਕਣ ਤੇ ਕਿਸੇ ਵੀ ਸਥਿਤੀ ਨੂੰ ਨਜਿੱਠਣ ਲਈ ਭਾਰਤੀ ਫੌਜ ਦੀ ਸਮਰੱਥਾ 'ਤੇ ਪੂਰਾ ਭਰੋਸਾ ਜਤਾਇਆ।

ਉਨ੍ਹਾਂ ਕੋਵਿਡ- 19 ਮਹਾਮਾਰੀ ਖ਼ਿਲਾਫ਼ ਲੜਾਈ 'ਚ ਪੱਛਮੀ ਕਮਾਂਡ ਦੀਆਂ ਸਾਰੀਆਂ ਯੂਨਿਟਾਂ ਦੇ ਚੱਲ ਰਹੇ ‘ਆਪੇਰਸ਼ਨ ਨਮਸਤੇ’ ਦਾ ਸਮਰਥਨ ਕਰਦਿਆਂ ਉਨ੍ਹਾਂ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ। ਆਸ ਹੈ ਕਿ ਸ਼ਾਮ ਤਕ ਚੀਫ ਆਫ ਆਰਮੀ ਸਟਾਫ ਪਠਾਨਕੋਟ ਆਰਮੀ ਖੇਤਰ 'ਚ ਅਧਿਕਾਰੀਆਂ ਦੇ ਰੂਬਰੂ ਹੋਣਗੇ।

Posted By: Seema Anand