ਪਠਾਨਕੋਟ : ਸਰਹੱਦ 'ਤੇ ਤਣਾਅ ਦੌਰਾਨ ਭਾਰਤੀ ਹਵਾਈ ਫ਼ੌਜ ਨੇ ਮੰਗਲਵਾਰ ਨੂੰ ਪਠਾਨਕੋਟ ਏਅਰਬੇਸ 'ਤੇ ਅੱਠ ਅਪਾਚੇ ਹੈਲੀਕਾਪਟਰ ਤਾਇਨਾਤ ਕਰ ਦਿੱਤੇ ਗਏ ਹਨ। ਇਹ ਫ਼ੈਸਲਾ ਪਠਾਨਕੋਟ ਏਅਰਬੇਸ ਦੇ ਰਣਨੀਤਕ ਮਹੱਤਵ ਨੂੰ ਦੇਖਦੇ ਹੋਏ ਲਿਆ ਗਿਆ ਹੈ। ਤਾਇਨਤੀ ਤੋਂ ਪਹਿਲਾਂ ਅਪਾਚੇ ਹੈਲੀਕਾਪਟਰ ਨੂੰ ਵਾਟਰ ਕੈਨਨ ਨਾਲ ਸਲਾਮੀ ਦਿੱਤੀ ਗਈ। ਇਹ ਏਅਰਬੇਸ ਪਾਕਿਸਤਾਨੀ ਸਰਹੱਦ ਨੇੜੇ ਸਥਿਤ ਹੈ। ਇੱਥੇ ਕਰਵਾਏ ਗਏ ਸਮਾਗਮ 'ਚ ਹਵਾਈ ਫ਼ੌਜ ਮੁਖੀ ਬੀਐੱਸ ਧਨੋਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਹਵਾਈ ਫ਼ੌਜ ਦੀ ਲੜਾਕੂ ਸਮਰੱਥਾ 'ਚ ਵਾਧਾ ਹੋਵੇਗਾ

AH-64E ਅਪਾਚੇ ਦੁਨੀਆ ਦੇ ਸਭ ਤੋਂ ਉੱਨਤ ਬਹੁ-ਭੂਮਿਕਾ ਲੜਾਕੂ ਹੈਲੀਕਾਪਟਰਾਂ 'ਚੋਂ ਇਕ ਹੈ। ਇਸ ਨੂੰ ਅਮਰੀਕੀ ਫ਼ੌਜ ਵੀ ਇਸਤੇਮਾਲ ਕਰਦੀ ਹੈ। ਭਾਰਤੀ ਹਵਾਈ ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਪਾਚੇ ਅਟੈਕ ਦੇ ਅੱਠ ਹੈਲੀਕਾਪਟਰਾਂ ਨੂੰ ਪਠਾਨਕੋਟ ਏਅਰਬੇਸ 'ਤੇ ਤਾਇਨਾਤੀ ਤੈਅ ਹੈ। ਇਸ ਨਾਲ ਹਵਾਈ ਫ਼ੌਜ ਦੀ ਲੜਾਕੂ ਸਮਰੱਥਾ 'ਚ ਵਾਧਾ ਹੋਵੇਗਾ।

2015 'ਚ ਹੋਇਆ ਸੀ ਕਰਾਰ

ਹਵਾਈ ਫ਼ੌਜ ਨੇ 22 ਅਪਾਚੇ ਹੈਲੀਕਾਪਟਰਾਂ ਲਈ ਸਤੰਬਰ 2015 'ਚ ਅਮਰੀਕੀ ਸਰਕਾਰ ਤੇ ਬੋਇੰਗ ਲਿਮਟਿਡ ਨਾਲ ਕਰਾਰ ਕੀਤੇ ਸਨ। ਬੋਇੰਗ ਵਲੋਂ 27 ਜੁਲਾਈ ਨੂੰ 22 ਹੈਲੀਕਾਪਟਰਾਂ 'ਚੋਂ ਪਹਿਲੇ ਚਾਰ ਨੂੰ ਹਵਾਈ ਫ਼ੌਜ ਨੂੰ ਸੌਂਪ ਦਿੱਤਾ ਗਿਆ ਸੀ। ਹਿੰਡਨ ਏਅਰ ਬੇਸ 'ਤੇ ਭਾਰਤੀ ਹਵਾਈ ਫ਼ੌਜ ਦੇ ਅਪਾਚੇ ਹੈਲੀਕਪਟਰਾਂ ਦੇ ਪਹਿਲੇ ਬੈਚ ਦੀ ਡਲਿਵਰੀ ਲਗਪਗ ਇਸ ਸੌਦੇ ਦੇ ਲਗਪਗ ਚਾਰ ਸਾਲ ਬਾਅਦ ਹੋਈ ਸੀ। ਇਸ ਤੋਂ ਇਲਾਵਾ ਰੱਖਿਆ ਮੰਤਰਾਲੇ ਨੇ ਸਾਲ 2017 'ਚ ਫ਼ੌਜ ਲਈ 4,168 ਕਰੋੜ ਰੁਪਏ ਦੀ ਲਾਗਤ ਨਾਲ ਬੋਇੰਗ ਤੋਂ ਛੇ ਅਪਾਚੇ ਹੈਲੀਕਾਪਟਰਾਂ ਦੀ ਖ਼ਰੀਦ ਨੂੰ ਮਨਜ਼ੂਰੀ ਦਿੱਤੀ ਸੀ।

ਭਾਰਤ ਇਸ ਨੂੰ ਇਸਤੇਮਾਲ ਕਰਨ ਵਾਲਾ 14ਵਾਂ ਦੇਸ਼

ਅਪਾਚੇ ਹੈਲੀਕਾਪਟਰਾਂ ਨੂੰ ਭਾਰਤੀ ਹਵਾਈ ਫ਼ੌਜ ਦੀ ਭਵਿੱਖ ਦੀਆਂ ਜ਼ਰੂਰਤਾਂ ਅਨੁਸਾਰ ਬਣਾਇਆ ਗਿਆ ਹੈ। ਬੋਇੰਗ ਨੇ ਦੁਨੀਆ ਭਰ 'ਚ 2200 ਤੋਂ ਜ਼ਿਆਦਾ ਅਪਾਚੇ ਹੈਲੀਕਾਪਟਰ ਦਾ ਸੌਦਾ ਕੀਤਾ ਹੈ। ਭਾਰਤ ਇਸ ਨੂੰ ਇਸਤੇਮਾਲ ਕਰਨ ਵਾਲਾ 14ਵਾਂ ਦੇਸ਼ ਹੋਵੇਗਾ।

ਪਠਾਨਕੋਟ 'ਚ ਤਾਇਨਾਤੀ ਕਿਉਂ

ਪਠਾਨਕੋਟ ਏਅਰਬੇਸ ਰਣਨੀਤਕ ਰੂਪ 'ਚ ਕਾਫ਼ੀ ਮਹੱਤਵਪੂਰਨ ਹੈ। ਇਹ ਏਅਰਬੇਸ ਪਾਕਿਸਤਾਨੀ ਸਰਹੱਦ ਤੋਂ ਲਗਪਗ 150 ਕਿਲੋਮੀਟਰ ਦੀ ਦੂਰੀ 'ਤੇ ਹੈ। ਉੱਥੇ ਦਿੱਲੀ ਤੋਂ ਇਸ ਦੀ ਦੂਰੀ ਲਗਪਗ 450 ਕਿੱਲੋਮੀਟਰ ਹੈ। ਇਹੀ ਨਹੀਂ 2 ਜਨਵਰੀ 2016 ਨੂੰ ਪਠਾਨਕੋਟ ਏਅਰਬੇਸ 'ਚ ਦਾਖ਼ਲ ਹੋ ਕੇ ਪਾਕਿਸਤਾਨ ਦੇ 5 ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਉਨ੍ਹਾਂ ਨੂੰ ਖ਼ਤਮ ਕਰਨ ਲਈ ਦਿੱਲੀ ਤੋਂ ਐੱਨਐੱਸਜੀ ਕਮਾਂਡੇ ਬੁਲਾਉਣੇ ਪਏ ਸੀ। ਅਜਿਹੇ ਵਿਚ ਇਨ੍ਹਾਂ ਹੈਲੀਕਾਪਟਰਜ਼ ਦੀ ਤਾਇਨਾਤੀ ਨਾਲ ਇਸ ਸਥਿਤੀ 'ਚ ਤੁਰੰਤ ਵੱਡਾ ਐਕਸ਼ਨ ਲਿਆ ਜਾ ਸਕੇਗਾ।

22 ਅਪਾਚੇ ਹੈਲੀਕਾਪਟਰ ਦੇ ਬੇੜੇ ਨੂੰ ਸੰਚਾਲਿਤ ਕਰੇਗੀ ਹਵਾਈ ਫ਼ੌਜ

ਇਹ ਹੈਲੀਕਾਪਟਰਾਂ ਦਾ ਇਸ ਦਾ ਪਹਿਲਾ ਬੇੜਾ ਹੋਵੇਗਾ। 2020 ਤਕ ਭਾਰਤੀ ਹਵਾਈ ਫ਼ੌਜ 22 ਅਪਾਚੇ ਹੈਲੀਕਾਪਟਰਾਂ ਦੇ ਬੇੜੇ ਨੂੰ ਸੰਚਾਲਿਤ ਕਰੇਗੀ। ਹੈਲੀਕਾਪਟਰਾਂ ਦੀ ਪਹਿਲੀ ਡਵਿਲਵਰੀ ਤੈਅ ਸਮੇਂ ਤੋਂ ਪਹਿਲਾਂ ਹੋਈ। ਭਾਰਤੀ ਹਵਾਈ ਫ਼ੌਜ ਲਈ AH-64E ਅਪਾਚੇ ਨੇ ਜੁਲਾਈ 2018 'ਚ ਪਹਿਲੀ ਸਫ਼ਲ ਉਡਾਨ ਪੂਰੀ ਕੀਤੀ ਸੀ। ਭਾਰਤੀ ਹਵਾਈ ਫ਼ੌਜ ਦੇ ਪਹਿਲੇ ਬੈਚ ਨੇ 2018 'ਚ ਅਮਰੀਕਾ 'ਚ ਅਪਾਚੇ ਨੂੰ ਉਡਾਉਣ ਲਈ ਆਪਣੀ ਟ੍ਰੇਨਿੰਗ ਸ਼ੁਰੂ ਕੀਤੀ ਸੀ।

ਤੇਜ਼ ਰਫ਼ਤਾਰ ਨਾਲ ਰਾਤ ਨੂੰ ਵੀ ਮਾਰ ਕਰਨ 'ਚ ਅੱਗੇ

ਅਪਾਚੇ ਅਟੈਕ ਹੈਲੀਕਾਪਟਰ ਦੋ ਜਨਰਲ ਇਲੈਕਟਿ੍ਕ ਟੀ-700 ਟਰਬੋਸ਼ੈਫਟ ਇੰਜਣ ਨਾਲ ਲੈਸ ਹੈ ਅਤੇ ਅੱਗੇ ਵੱਲ ਇਕ ਸੈਂਸਰ ਫਿੱਟ ਹੈ ਜਿਸ ਕਾਰਨ ਇਹ ਰਾਤ ਦੇ ਹਨੇਰੇ 'ਚ ਵੀ ਉਡਾਣ ਭਰ ਸਕਦਾ ਹੈ। ਇਹ 365 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉਡਾਣ ਭਰਦਾ ਹੈ। ਏਨੀ ਤੇਜ਼ ਰਫ਼ਤਾਰ ਹੋਣ ਕਾਰਨ ਇਹ ਦੁਸ਼ਮਣ ਦੇ ਇਲਾਕੇ ਵਿਚ ਵੜ ਕੇ ਉਸ ਦੇ ਪਰਖੱਚੇ ਆਸਾਨੀ ਨਾਲ ਉਡਾ ਸਕਦਾ ਹੈ।

ਹੋਰ ਕਈ ਖ਼ੂਬੀਆਂ ਨਾਲ ਲੈਸ ਹੈ ਅਪਾਚੇ

ਅਪਾਚੇ ਅਟੈਕ ਹੈਲੀਕਾਪਟਰ 'ਚ ਹੈਲੀਫਾਇਰ ਅਤੇ ਸਟਿ੍ੰਗਰ ਮਿਜ਼ਾਈਲਾਂ ਲੱਗੀਆਂ ਹਨ ਅਤੇ ਦੋਵੇਂ ਪਾਸੇ 30ਐੱਮਐੱਮ ਦੀਆਂ ਦੋ ਬੰਦੂਕਾਂ ਹਨ। ਇਨ੍ਹਾਂ ਮਿਜ਼ਾਈਲਾਂ ਦਾ ਪੇਲੋਡ ਏਨੇ ਤਿੱਖੇ ਵਿਸਫੋਟਕਾਂ ਨਾਲ ਭਰਿਆ ਹੁੰਦਾ ਹੈ ਕਿ ਦੁਸ਼ਮਣ ਦਾ ਬਚ ਨਿਕਲਣਾ ਨਾਮੁਮਕਿਨ ਹੁੰਦਾ ਹੈ। ਇਸ ਹੈਲੀਕਾਪਟਰ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਜੰਗੀ ਇਲਾਕੇ ਦੇ ਹਰ ਹਾਲਾਤ 'ਚ ਟਿਕਿਆ ਰਹਿ ਸਕਦਾ ਹੈ।

ਅਪਾਚੇ ਹੈਲੀਕਾਪਟਰ ਦਾ ਸਭ ਤੋਂ ਕ੍ਰਾਂਤੀਕਾਰੀ ਫੀਚਰ ਹੈ ਇਸ ਦਾ ਹੈਲਮਟ ਮਾਊਂਟਿਡ ਡਿਸਪਲੇ, ਇੰਟੀਗ੍ਰੇਟਿਡ ਹੈਲਮਟ ਅਤੇ ਡਿਸਪਲੇ ਸਾਈਟਿੰਗ ਸਿਸਟਮ, ਜਿਸ ਦੀ ਮਦਦ ਨਾਲ ਪਾਇਲਟ ਹੈਲੀਕਾਪਟਰ 'ਚ ਲੱਗੀ ਆਟੋਮੈਟਿਕ ਐੱਮ 230 ਚੇਨ ਗੰਨ ਨਾਲ ਆਪਣੇ ਦੁਸ਼ਮਣ 'ਤੇ ਟਾਰਗੈਟ ਕਰ ਸਕਦਾ ਹੈ।

ਇਜ਼ਰਾਈਲ, ਮਿਸਰ ਅਤੇ ਨੀਦਰਲੈਂਡ ਕੋਲ ਹੈ ਅਪਾਚੇ

ਭਾਰਤੀ ਫ਼ੌਜ ਰੂਸ ਦੇ ਬਣੇ ਐੱਮਆਈ-35 ਦਾ ਇਸਤੇਮਾਲ ਸਾਲਾਂ ਤੋਂ ਕਰਦੀ ਰਹੀ ਹੈ, ਪਰ ਇਹ ਹੁਣ ਰਿਟਾਇਰਮੈਂਟ ਦੇ ਕੰਢੇ ਹੈ। ਅਪਾਚੇ ਅਟੈਕ ਹੈਲੀਕਾਪਟਰ ਨੂੰ ਅਮਰੀਕੀ ਫ਼ੌਜ ਦੇ ਐਡਵਾਂਸ ਅਟੈਕ ਹੈਲੀਕਾਪਟਰ ਪ੍ਰਰੋਗਰਾਮ ਲਈ ਬਣਾਇਆ ਗਿਆ ਸੀ। ਅਮਰੀਕਾ ਤੋਂ ਇਲਾਵਾ ਇਜ਼ਰਾਈਲ, ਮਿਸਰ ਅਤੇ ਨੀਦਰਲੈਂਡ ਦੀਆਂ ਫ਼ੌਜਾਂ ਵੀ ਇਸ ਅਪਾਚੇ ਅਟੈਕ ਹੈਲੀਕਾਪਟਰ ਦਾ ਇਸਤੇਮਾਲ ਕਰਦੀਆਂ ਹਨ।

Posted By: Seema Anand