ਜੇਐੱਨਐੱਨ, ਨਵਾਂਸ਼ਹਿਰ : ਇੱਥੋਂ ਦੇ ਨਜ਼ਦੀਕੀ ਪਿੰਡ ਰਾਹੋਂ ਦੇ ਪਿੰਡ ਸ਼ਮਸ਼ਪੁਰ ਦੇ 25 ਸਾਲਾ ਨੌਜਵਾਨ ਵਰਿੰਦਰ ਸਿਘ ਨੇ ਸੋਮਵਾਰ ਦੇਰ ਰਾਤ ਫੇਸਬੁੱਕ 'ਤੇ ਲਾਈਵ ਹੋ ਕੇ ਇਕ ਵਿਧਾਇਕ ਤੇ ਪਿੰਡ ਦੇ ਸਰਪੰਚ 'ਤੇ ਦੋਸ਼ ਲਗਾਏ। ਇਸ ਤੋਂ ਬਾਅਦ ਉਸ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਨੌਜਵਾਨ ਨੇ ਇਨ੍ਹਾਂ ਦੇ ਨਾਲ ਕਈ ਹੋਰ ਲੋਕਾਂ 'ਤੇ ਵੀ ਦੋਸ਼ ਲਗਾਏ ਹਨ ਕਿ ਉਸ ਦੇ ਘਰ 'ਤੇ ਹਮਲਾ ਕਰਨ ਤੇ ਉਨ੍ਹਾਂ ਦੀ ਬੇਇੱਜ਼ਤੀ ਕਰਨ ਤੋਂ ਬਾਅਦ ਵੀ ਉਲਟਾ ਪੁਲਿਸ ਨੇ ਉਨ੍ਹਾਂ 'ਤੇ ਹੀ ਕਾਰਵਾਈ ਕੀਤੀ। ਇਸ ਵਿਚ ਵਿਧਾਇਕ ਨੇ ਪੁਲਿਸ 'ਤੇ ਉਨ੍ਹਾਂ 'ਤੇ ਕਾਰਵਾਈ ਕਰਨ ਦਾ ਦਬਾਅ ਬਣਾਇਆ।

ਨੌਜਵਾਨ ਮੁਤਾਬਿਕ ਕੁਝ ਦਿਨ ਪਹਿਲਾਂ ਉਸ ਦੇ ਪਿਤਾ ਨਾਲ ਕੁਝ ਲੋਕਾਂ ਨੇ ਝਗੜਾ ਕੀਤਾ ਸੀ। ਉਸ ਵੇਲੇ ਉਹ ਘਰ ਨਹੀਂ ਸੀ। ਸ਼ਾਮ ਨੂੰ ਮੁੜ ਪਿਤਾ ਨਾਲ ਝਗੜਾ ਹੋਇਆ ਤਾਂ ਉਹ ਮੌਕੇ 'ਤੇ ਪੁੱਜਾ। ਇਸ ਦੌਰਾਨ ਕੁਝ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ। ਮਾਮਲੇ ਦੀ ਜਾਣਕਾਰੀ ਸਰਪੰਚ ਨੂੰ ਦਿੱਤੀ ਗਈ ਪਰ ਉਸ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਪੁਲਿਸ ਨੇ ਵੀ ਮਾਮਲੇ 'ਚ ਲਿਪਾ-ਪੋਤੀ ਕੀਤੀ। ਉਲਟਾ ਉਨ੍ਹਾਂ ਲੋਕਾਂ ਖ਼ਿਲਾਫ਼ ਕੇਸ ਕਰ ਦਿੱਤਾ ਗਿਆ ਹੈ। ਨੌਜਵਾਨ ਨੇ ਦੋਸ਼ ਲਗਾਇਆ ਕਿ ਪੁਲਿਸ 'ਤੇ ਸਰਪੰਚ ਤੇ ਵਿਧਾਇਕ ਦਬਾਅ ਬਣਾ ਰਹੇ ਹਨ। ਇਸੇ ਦਬਾਅ ਹੇਠ ਉਨ੍ਹਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ।

ਉੱਥੇ ਹੀ ਦੂਸਰੇ ਪਾਸੇ ਵਿਧਾਇਕ ਦਾ ਕਹਿਣਾ ਹੈ ਕਿ ਨੌਜਵਾਨ ਵੱਲੋਂ ਆਤਮਹੱਤਿਆ ਕਰਨਾ ਮੰਦਭਾਗਾ ਹੈ। ਨੌਜਵਾਨ ਦੇ ਪਿਤਾ ਨਿਰਮਲ ਸਿੰਘ ਪੰਚਾਇਤੀ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਦੇ ਹਨ। ਇਸ ਵਾਰ ਪ੍ਰਕਾਸ਼ ਰਾਮ ਨਾਂ ਦੇ ਵਿਅਕਤੀ ਨੇ ਜ਼ਿਆਦਾ ਬੋਲੀ ਦੇ ਕੇ ਪੰਚਾਇਤ ਦੀ ਉਸ ਜ਼ਮੀਨ ਨੂੰ ਠੇਕੇ 'ਤੇ ਲੈ ਲਿਆ ਤਾਂ ਦੋਵਾਂ ਪਰਿਵਾਰਾਂ 'ਚ ਦੁਸ਼ਮਣੀ ਪੈਦਾ ਹੋ ਗਈ। ਦੋਵਾਂ ਦੀ 10-11 ਜੂਨ ਨੂੰ ਬਹਿਸਬਾਜ਼ੀ ਵੀ ਹੋਈ। ਦੋਵਾਂ ਧਿਰਾਂ ਖ਼ਿਲਾਫ਼ ਕ੍ਰਾਸ ਕੇਸ ਵੀ ਦਰਜ ਹੋਏ। ਵਿਧਾਇਕ ਨੇ ਕਿਹਾ ਕਿ ਵੀਡੀਓ 'ਚ ਨੌਜਵਾਨ ਕਹਿੰਦਾ ਹੈ ਕਿ ਤਿੰਨ-ਚਾਰ ਦਿਨ ਪਹਿਲਾਂ ਲੜਾਈ ਹੋਈ ਸੀ। ਮਤਲਬ ਕਿ ਵੀਡੀਓ 13 ਜਾਂ 14 ਜੂਨ ਦੀ ਹੋਣੀ ਚਾਹੀਦੀ ਹੈ ਜਦਕਿ ਨੌਜਵਾਨ ਨੇ ਆਤਮਹੱਤਿਆ 29 ਜੂਨ ਨੂੰ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਵੀਡੀਓ ਨੂੰ ਵਾਇਰਲ ਕਰ ਕੇ ਇਸ ਨੂੰ ਸਿਆਸੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Posted By: Seema Anand