ਪੱਤਰ ਪੇ੍ਰਕ,ਕਾਠਗੜ੍ਹ : ਸ੍ਰੀਆਂਸ ਪੇਪਰ ਮਿੱਲ ਬਨ੍ਹਾਂ ਦੇ ਗੇਟ 'ਤੇ ਸਾਬਕਾ ਵਰਕਰਾਂ ਵੱਲੋਂ ਸਾਥੀ ਸਵਰਨ ਸਿੰਘ ਨੰਗਲ ਦੀ ਅਗਵਾਈ ਵਿਚ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਜਨਰਲ ਸਕੱਤਰ ਕੰਢੀ ਸੰਘਰਸ਼ ਕਮੇਟੀ ਪੰਜਾਬ ਕਰਨ ਸਿੰਘ ਰਾਣਾ ਨੇ ਕਿਹਾ ਕਿ ਮੈਨੇਜ਼ਮੈਂਟ ਨੇ 50 ਵਰਕਰਾਂ ਨੂੰ 2 ਸਾਲ ਪਹਿਲਾ ਸੇਵਾ ਮੁਕਤ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ, ਜਿਸ ਨਾਲ ਵਰਕਰਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ। ਇਸੇ ਕਾਰਨ ਵਰਕਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮਿੱਲ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਵਰਕਰਾਂ ਨਾਲ ਬੈਠ ਕੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਪੂਰਤੀ ਕਰੇ ਤਾਂ ਜੋ ਵਰਕਰਾਂ ਵਿਚ ਪਾਈ ਜਾ ਰਹੀ ਬੈਚੇਨੀ ਦੂਰ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪ੍ਰਬੰਧਕ ਹਵਾ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਠੋਸ ਉਪਰਾਲੇ ਕਰਨ ਤਾਂਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਰੋਕਿਆ ਜਾ ਸਕੇ। ਇਸ ਮੌਕੇ ਸਾਥੀ ਕਰਨੈਲ ਸਿੰਘ ਭੱਲਾ, ਸਾਥੀ ਸੁਖਜਿੰਦਰ ਸਿੰਘ, ਪ੍ਰਤਾਪ ਸਿੰਘ, ਦੇਵ ਰਾਜ, ਕਰਨੈਲ ਸਿੰਘ ਆਦਿ ਵੀ ਹਾਜ਼ਰ ਸਨ।