ਹਰਮਿੰਦਰ ਸਿੰਘ ਪਿੰਟੂ, ਨਵਾਂਸ਼ਹਿਰ : ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਰਾਸ਼ਟਰਪਤੀ ਅਤੇ ਉੱਤਰ ਪ੍ਰਦੇਸ਼ ਦੇ ਗਵਰਨਰ ਦੇ ਨਾਂਅ ਮੰਗ ਪੱਤਰ ਡੀਸੀ ਨਵਜੋਤ ਪਾਲ ਸਿੰਘ ਰੰਧਾਵਾ ਨੂੰ ਦਿੱਤਾ ਗਿਆ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਮੰਗ ਪੱਤਰ ਰਾਹੀਂ ਅਗਨੀਪਥ ਯੋਜਨਾ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਯੋਜਨਾ ਨਾਲ ਉਨਾਂ੍ਹ ਨੌਜਵਾਨਾਂ ਦੀਆਂ ਉਮੀਦਾਂ ਉੱਤੇ ਪਾਣੀ ਫਿਰ ਜਾਵੇਗਾ ਜੋ ਤਿੰਨਾਂ ਸੈਨਾਵਾਂ ਵਿਚ ਭਰਤੀ ਹੋਣ ਦੀ ਤਿਆਰੀ ਕਰਦੇ ਆ ਰਹੇ ਹਨ। ਉੱਤਰ ਪ੍ਰਦੇਸ਼ ਦੇ ਗਵਰਨਰ ਦੇ ਨਾਂਅ ਦਿੱਤੇ ਗਏ ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ ਉੱਤਰ ਪ੍ਰਦੇਸ਼ ਦੀ ਪੁਲਿਸ ਵੱਲੋਂ ਕੁੱਲ ਹਿੰਦ ਕਿਸਾਨ ਮਜ਼ਦੂਰ ਸਭਾ ਦੇ ਕੌਮੀ ਜਨਰਲ ਸਕੱਤਰ ਅਸ਼ੀਸ਼ ਮਿੱਤਲ ਵਿਰੁੱਧ ਦਰਜ ਕੀਤਾ ਪੁਲਿਸ ਕੇਸ ਰੱਦ ਕੀਤਾ ਜਾਵੇ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਉੱਤਰ ਪ੍ਰਦੇਸ਼ ਦੀ ਸਰਕਾਰ ਨੇ 11 ਜੂਨ ਨੂੰ ਅਸ਼ੀਸ਼ ਮਿੱਤਲ ਸਮੇਤ 70 ਵਿਅਕਤੀਆਂ 'ਤੇ ਬਾਈ ਨੇਮ ਤੇ 5 ਹਜ਼ਾਰ ਅਣਪਛਾਤਿਆਂ ਵਿਰੁੱਧ ਥਾਣਾ ਖੁਲਦਾਬਾਦ ਜ਼ਿਲ੍ਹਾ ਪ੍ਰਯਾਗਰਾਜ ਵਿਖੇ ਕੇਸ ਦਰਜ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ 10 ਜੂਨ ਨੂੰ ਅਸ਼ੀਸ਼ ਮਿੱਤਲ ਸਵੇਰੇ 10 ਵਜੇ ਤੋਂ ਲੈਕੇ ਬਾਅਦ ਦੁਪਹਿਰ 2 ਵਜੇ ਤੱਕ ਅਲਾਹਾਬਾਦ ਦੀ ਇਕ ਅਦਾਲਤ ਵਿਚ ਹਾਜ਼ਰ ਸੀ। ਯੋਗੀ ਸਰਕਾਰ ਨੇ ਅਸ਼ੀਸ਼ ਮਿੱਤਲ 'ਤੇ ਮਨਘੜ੍ਹਤ ਕੇਸ ਦਰਜ ਕੀਤਾ ਹੈ ਜਿਸ ਕਾਰਨ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ 'ਚ ਭਾਰੀ ਗੁੱਸਾ ਹੈ। ਇਸ ਮੌਕੇ ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਹਰੀ ਰਾਮ ਰਸੂਲਪੁਰੀ, ਕਮਲਜੀਤ ਸਨਾਵਾ, ਮੱਖਣ ਸਿੰਘ ਭਾਨਮਜਾਰਾ, ਸੁਰਿੰਦਰ ਸਿੰਘ ਮਹਿਰਮਪੁਰ, ਸੁਰਜੀਤ ਕੌਰ ਉਟਾਲ, ਗੁਰਬਖਸ਼ ਕੌਰ ਸੰਘਾ, ਪਰਮਜੀਤ ਸਿੰਘ ਸ਼ਹਾਬਪੁਰ, ਰਘਵੀਰ ਸਿੰਘ ਉਸਮਾਨਪੁਰ, ਮੇਜਰ ਸਿੰਘ ਉਸਮਾਨਪੁਰ, ਸੁੱਚਾ ਸਿੰਘ ਬੈਂਸ, ਉਂਕਾਰ ਸਿੰਘ, ਬਲਜਿੰਦਰ ਕੌਰ ਆਗੂ ਵੀ ਮੌਜੂਦ ਸਨ।