ਪ੍ਰਸ਼ੋਤਮ ਬੈਂਸ, ਨਵਾਂਸ਼ਹਿਰ : ਪੰਜਾਬ ਸਰਕਾਰ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਜ਼ਿਲ੍ਹਾ ਹੈੱਡ ਕੁਆਰਟਰਾਂ ਅਤੇ ਰਾਜ ਦੇ ਪ੍ਰਮੁੱਖ ਸ਼ਹਿਰਾਂ 'ਚ ਵਿਸ਼ੇਸ਼ ਗਤੀਵਿਧੀਆਂ ਉਲੀਕੀਆਂ ਗਈਆਂ ਹਨ। ਜਿਸ ਤਹਿਤ ਮਹਿਲਾਵਾਂ ਅਤੇ ਲੜਕੀਆਂ ਨੂੰ ਰਾਜ 'ਚ ਭੈਅ-ਰਹਿਤ ਮਾਹੌਲ ਦਾ ਅਹਿਸਾਸ ਕਰਵਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਵਿਨੈ ਬੁਬਲਾਨੀ ਨੇ ਇਸ ਸਬੰਧੀ ਕੀਤੀ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਵੀ ਨਵਾਂਸ਼ਹਿਰ ਹੈੱਡਕੁਆਰਟਰ 'ਤੇ 7 ਅਤੇ 8 ਮਾਰਚ ਦੀ ਵਿਚਕਾਰਲੀ ਸ਼ਾਮ ਨੂੰ ਜ਼ਿਲ੍ਹੇ 'ਚ ਲੜਕੀਆਂ ਵਾਸਤੇ ਵਿਸ਼ੇਸ਼ ਪ੍ਰਰੋਗਰਾਮ ਉਲੀਕਿਆ ਜਾਵੇਗਾ। ਜਿਸ ਦਾ ਮੰਤਵ ਸਮੁੱਚੀਆਂ ਮਹਿਲਾਵਾਂ ਨੂੰ ਇਹ ਸੁਨੇਹਾ ਦੇਣ ਦਾ ਹੋਵੇਗਾ ਕਿ ਉਹ ਨਾ ਤਾਂ ਇਕੱਲੀਆਂ ਹਨ ਅਤੇ ਨਾ ਹੀ ਕਿਸੇ ਤੋਂ ਕਮਜ਼ੋਰ। ਉਨ੍ਹਾਂ ਮੀਟਿੰਗ 'ਚ ਹਾਜ਼ਰ ਏਡੀਸੀ (ਜ) ਅਦਿਤਿਆ ਉੱਪਲ, ਡੀਐੱਸਪੀ (ਐੱਚ) ਨਵਨੀਤ ਕੌਰ ਗਿੱਲ, ਜ਼ਿਲ੍ਹਾ ਪ੍ਰਰੋਗਰਾਮ ਅਫ਼ਸਰ ਮਨਜੀਤ ਕੌਰ ਅਤੇ ਹੋਰਨਾਂ ਅਧਿਕਾਰੀਆਂ ਨੂੰ ਇਸ ਸਬੰਧੀ ਅਗਲੇ ਦਿਨਾਂ 'ਚ ਜ਼ਿਲ੍ਹੇ ਦੇ ਉਨ੍ਹਾਂ ਕਾਲਜਾਂ ਜਿੱਥੇ ਲੜਕੀਆਂ ਲਈ ਹੋਸਟਲ ਹਨ, ਨਾਲ ਸੰਪਰਕ ਕਰਕੇ ਉਕਤ ਸ਼ਾਮ ਲਈ ਵਿਸ਼ੇਸ਼ ਕਾਰਜਕ੍ਮ ਉਲੀਕਣ ਲਈ ਆਖਿਆ। ਉਨ੍ਹਾਂ ਕਿਹਾ ਕਿ ਇਸ ਪ੍ਰਰੋਗਰਾਮ ਤਹਿਤ ਸ਼ਾਮ ਨੂੰ ਸ਼ਹਿਰ ਦੀਆਂ ਸੜ੍ਹਕਾਂ 'ਤੇ ਮਾਰਚ ਤੋਂ ਇਲਾਵਾ ਲੜਕੀਆਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਇਸ ਸ਼ਾਮ ਨੂੰ ਯਾਦਗਾਰੀ ਬਣਾਉਣ ਲਈ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਉਨ੍ਹਾਂ ਨੂੰ ਆਤਮ ਰੱਖਿਆ ਆਦਿ ਨਾਲ ਸਬੰਧਤ ਜਾਣਕਾਰੀ ਵੀ ਦਿੱਤੀ ਜਾਵੇਗੀ ਅਤੇ ਜੇਕਰ ਸੰਭਵ ਹੋਇਆ ਤਾਂ ਥੀਏਟਰ 'ਚ ਸ਼ਾਮ ਦਾ ਸ਼ੋਅ ਵੀ ਦਿਖਾਇਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ, ਡੀਡੀਪੀਓ ਦਵਿੰਦਰ ਕੁਮਾਰ, ਸਹਾਇਕ ਸਿਵਲ ਸਰਜਨ ਡਾ: ਬਲਵਿੰਦਰ ਸਿੰਘ, ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰਾਂ 'ਚ ਜਗਜੀਤ ਸਿੰਘ ਨਵਾਂਸ਼ਹਿਰ, ਰਾਜੀਵ ਸਰੀਨ ਰਾਹੋਂ, ਜ਼ਿਲ੍ਹਾ ਮੰਡੀ ਅਫ਼ਸਰ ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਵੀ ਹਾਜ਼ਰ ਸਨ।