ਹਰਪ੍ਰੀਤ ਸਿੰਘ ਪਠਲਾਵਾ, ਬੰਗਾ : ਪੰਜਾਬ ਵਿਚ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਮੌਸਮ ਦੀ ਖ਼ਰਾਬੀ ਦੇ ਕਾਰਨ ਕਿਸਾਨਾਂ ਨੇ ਕਣਕ ਵੱਢਣੀ ਸ਼ੁਰੂ ਕਰ ਦਿੱਤੀ ਹੈ ਪਰ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਸਾਨਾਂ ਨੂੰ ਲੇਬਰ ਦੀ ਵੱਡੀ ਸਮੱਸਿਆ ਆ ਰਹੀ ਹੈ। ਕਿਉਂਕਿ ਮਸ਼ੀਨ ਨਾਲ ਕਣਕ ਵੱਢਣ ਵਾਲਿਆਂ ਨੇ ਕੀਮਤਾਂ ਵਧਾ ਦਿੱਤੀਆਂ ਹਨ। ਇਸ ਦਾ ਕਾਰਨ ਹੈ ਕਿ ਡੀਜ਼ਲ ਲਗਾਤਾਰ ਮਹਿੰਗਾ ਹੁੰਦਾ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਤੋਂ ਵੱਡੀ ਗਿਣਤੀ ਵਿਚ ਲੇਬਰ ਬੀਤੇ ਸਾਲ ਹੀ ਆਪੋ-ਆਪਣੇ ਸੂਬਿਆਂ ਵਿਚ ਚਲੀ ਗਈ ਸੀ ਜਿਸ ਕਰ ਕੇ ਹੁਣ ਕਿਸਾਨਾਂ ਨੂੰ ਲੇਬਰ ਨਾ ਮਿਲਣ ਕਰ ਕੇ ਵੱਡੀ ਸਮੱਸਿਆ ਆ ਰਹੀ ਹੈ। ਸੂਬੇ ਦੇ ਰੇਲਵੇ ਸਟੇਸ਼ਨਾਂ 'ਤੇ ਰੋਜ਼ਾਨਾ ਕਿਸਾਨ ਲੇਬਰ ਦੀ ਭਾਲ ਲਈ ਆਉਂਦੇ ਹਨ ਪਰ ਦੁੱਗਣੀਆਂ ਕੀਮਤਾਂ ਅਦਾ ਕਰਨ ਦਾ ਆਫਰ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਲੇਬਰ ਨਹੀਂ ਮਿਲ ਰਹੀ।

ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਮਜ਼ਦੂਰਾਂ ਨੂੰ ਬੰਧੂਆ ਬਣਾ ਕੇ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਨਸ਼ਾ ਦੇ ਕੇ ਕੰਮ ਕਰਵਾਉਣ ਦਾ ਇਲਜ਼ਾਮ ਲਾਇਆ ਗਿਆ ਹੈ, ਉਹ ਬੇਹੱਦ ਮੰਦਭਾਗਾ ਹੈ। ਰੇਲਵੇ ਸਟੇਸ਼ਨ ਬੰਗਾ ਪਹੁੰਚੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਕਿਸਾਨਾਂ ਨੇ ਦੱਸਿਆ ਕਿ ਉਹ ਭਾਮ ਨੇੜੇ ਦੇ ਪਿੰਡਾਂ ਤੋਂ ਆਏ ਹਨ ਅਤੇ ਇੱਥੋਂ ਤਕ ਕਿ ਕਈ ਕਿਸਾਨ ਨਗਰ ਤੋਂ ਵੀ ਆਏ ਹੋਏ ਸਨ। ਲੇਬਰ ਦੀ ਇੰਨੀ ਵੱਡੀ ਸਮੱਸਿਆ ਰਹੀ ਹੈ ਕਿ ਕੋਈ ਵੀ ਕਣਕ ਵੱਢਣ ਲਈ ਰਾਜ਼ੀ ਨਹੀਂ ਹੈ, ਕਣਕਾਂ ਤਿਆਰ ਖੜ੍ਹੀਆਂ ਹਨ ਅਤੇ ਬੀਤੇ ਦਿਨੀਂ ਬਾਰਸ਼ ਤੇ ਹਨੇਰੀ ਨਾਲ ਨੁਕਸਾਨ ਵੀ ਹੋ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਉਹ ਲੇਬਰ ਨੂੰ ਮੁਫ਼ਤ ਰਹਿਣ-ਸਹਿਣ, ਖਾਣਾ-ਪੀਣਾ ਅਤੇ ਹੋਰ ਵੀ ਸਹੂਲਤਾਂ ਦੇਣ ਨੂੰ ਤਿਆਰ ਹਨ ਪਰ ਲੇਬਰ ਪਿੰਡਾਂ ਵਿਚ ਜਾਣ ਨੂੰ ਤਿਆਰ ਹੀ ਨਹੀਂ ਹੈ। ਕਿਸਾਨਾਂ ਨੇ ਕਿਹਾ ਉਹ ਲੇਬਰ ਨੂੰ ਆਪਣੇ ਪਰਿਵਾਰਕ ਮੈਂਬਰਾਂ ਵਾਂਗ ਰੱਖਦੇ ਹਨ ਅਤੇ ਉਨ੍ਹਾਂ ਨੂੰ ਹਰ ਸੁਵਿਧਾ ਦਿੰਦੇ ਹਨ।