ਜਗਤਾਰ ਮਹਿੰਦੀਪੁਰੀਆ, ਬਲਾਚੌਰ : ਜਨਤਾ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਾਅਦਾ ਕਰਨ ਵਾਲਾ ਬਿਜਲੀ ਵਿਭਾਗ ਅਤੇ ਸਵੱਛ ਪਾਣੀ ਦੀ ਸਪਲਾਈ ਦੇਣ ਵਾਲਾ ਸੈਨੀਟੇਸ਼ਨ ਅਤੇ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਸਥਾਨ ਸ਼ਹਿਰ ਵਾਸੀ ਬਿਜਲੀ ਪਾਣੀ ਨੂੰ ਤਰਸਦੇ ਵਿਖਾਈ ਦੇ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਬਿਜਲੀ ਸਪਲਾਈ 'ਚ ਪੈਦਾ ਹੋ ਰਹੀਆਂ ਰੁਕਾਵਟਾਂ ਅਤੇ ਪਾਣੀ ਦੀ ਸਪਲਾਈ ਦੇ ਅਰਸਾ ਤਿੰਨ ਦਿਨ ਲਗਾਤਾਰ ਠੱਪ ਰਹਿਣ ਕਾਰਨ ਲੋਕ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਇਹ ਸਿਲਸਿਲਾ ਅਰਸਾ ਇਕ ਸਾਲ ਤੋਂ ਲਗਾਤਾਰ ਰੁਕ ਰੁਕ ਕੇ ਚੱਲਦਾ ਆ ਰਿਹਾ ਹੈ ਪਰ ਇਨ੍ਹਾਂ ਵਿਭਾਗਾਂ ਵੱਲੋਂ ਇਸ ਦਾ ਕੋਈ ਠੋਸ ਹੱਲ ਨਹੀ ਕੱਿਢਆ ਜਾ ਰਿਹਾ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਪਾਵਰ ਵਿਭਾਗ ਦੇ ਠੇਕੇਦਾਰ ਵੱਲੋਂ ਖੰਭੇ ਤਾਂ ਲਗਾਏ ਜਾ ਰਹੇ ਹਨ। ਪਰ ਜ਼ਮੀਨ ਅੰਦਰ ਵਾਟਰ ਸਪਲਾਈ ਵਿਭਾਗ ਦੀਆਂ ਜਾਂਦੀਆਂ ਪਾਈਪਾਂ ਨੂੰ ਨਹੀਂ ਵੇਖਿਆ ਜਾ ਰਿਹਾ ਹੈ, ਜਿਸ ਕਾਰਨ ਖੰਭੇ ਲਗਾਉਂਦੇ ਸਮੇਂ ਵਾਟਰ ਸਪਲਾਈ ਦੀਆਂ ਪਾਈਪਾਂ ਟੁੱਟ ਰਹੀਆਂ ਹਨ। ਜਿਸ ਦਾ ਖਮਿਆਜਾ ਆਮ ਜਨਤਾ ਨੂੰ ਭੁਗਤਨਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਦੋਨੋਂ ਵਿਭਾਗਾ ਨੂੰ ਇੱਕਠੇ ਹੋ ਕੇ ਖੰਭੇ ਲਾਉਣ ਵਾਲੇ ਠੇਕੇਦਾਰ ਨੂੰ ਜ਼ਮੀਨ ਹੇਠੋਂ ਲੰਘਣ ਵਾਲੀਆਂ ਪਾਣੀ ਦੀਆਂ ਪਾਈਪਾਂ ਦੀ ਜਾਣਕਾਰੀ ਦੇਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਬਾਬਾ ਬਲਰਾਜ ਮੰਦਿਰ, ਚੰਡੀਗੜ੍ਹ ਰੋਡ 'ਤੇ ਵਾਟਰ ਸਪਲਾਈ ਦੀ ਪਾਈਪ ਪਾਵਰਕਾਮ ਦੇ ਠੇਕੇਦਾਰ ਦੀ ਲਾਪਰਵਾਹੀ ਕਾਰਨ ਟੁੱਟ ਗਈ। ਜਿਸ ਨੂੰ ਠੀਕ ਕਰਨ ਦੀ ਥਾਂ ਵਿਭਾਗ ਵੱਲੋਂ ਉੱਥੇ ਖੰਭਾ ਲਾ ਦਿੱਤਾ ਗਿਆ, ਜਿਸ ਕਾਰਨ ਪਾਣੀ ਦੀ ਸਪਲਾਈ ਅੱਗੇ ਬੰਦ ਹੋ ਗਈ। ਇਸ ਸਬੰਧ 'ਚ ਲੋਕ ਇੰਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਬੇਦੀ, ਅਪਨਾ ਪੰਜਾਬ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਵੇਸ਼ ਖੋਸਲਾ, ਸਮਾਜ ਸੇਵੀ ਆਗੂ ਪਰਵਿੰਦਰ ਲਾਲੀ, ਤੇਜ ਪ੍ਰਕਾਸ਼ ਖਾਸਾ, ਤਹਿਸੀਲ ਪ੍ਰਧਾਨ ਕੁਲਦੀਪ ਬਾਬਾ ਅਤੇ ਸੁਰਿੰਦਰ ਸਹੂੰਗੜਾ ਨੇ ਵਿਭਾਗਾਂ ਤੋਂ ਮੰਗ ਕੀਤੀ ਕਿ ਅਜਿਹੀ ਗਲਤੀ ਨਾ ਕੀਤੀ ਜਾਵੇ ਜਿਸ ਦਾ ਖਮਿਆਜਾ ਸ਼ਹਿਰ ਵਾਸੀਆਂ ਨੂੰ ਭੁਗਤਨਾ ਪਵੇ। ਉਨ੍ਹਾਂ ਆਖਿਆ ਕਿ ਆਪਸੀ ਤਾਲਮੇਲ ਕਾਇਮ ਕਰਕੇ ਹੀ ਖੰਭੇ ਲਗਾਏ ਜਾਣ।

ਕੀ ਕਹਿੰਦੇ ਹਨ ਪਾਵਰਕਾਮ ਵਿਭਾਗ ਦੇ ਜੇਈ

ਇਸ ਸਬੰਧ ਵਿਚ ਜਦੋਂ ਪਾਵਰਕਾਮ ਵਿਭਾਗ ਦੇ ਜੇਈ ਮੋਹਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਠੇਕੇਦਾਰ ਨੇ ਜਦੋਂ ਬਾਬਾ ਬਲਰਾਜ ਮੰਦਿਰ ਦੇ ਸਾਹਮਣੇ ਖੰਭਾ ਲਗਾਉਣ ਲਈ ਟੋਆ ਪੁੱਟਿਆ ਤਾਂ ਉਸ ਵੇਲੇ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਦੋ ਕਰਮਚਾਰੀ ਹਾਜ਼ਰ ਸਨ। ਉਨ੍ਹਾਂ ਵੀ ਨਹੀਂ ਦੱਸਿਆ ਕਿ ਇਸ ਥਾਂ ਬਿਜਲੀ ਦਾ ਖੰਭਾ ਨਾ ਲਗਾਇਆ ਜਾਵੇ। ਉਸ ਸਮੇਂ ਪਾਣੀ ਦੀ ਸਪਲਾਈ ਨਹੀ ਚੱਲ ਰਹੀ ਸੀ। ਜਿਸ ਕਾਰਨ ਨਹੀਂ ਪਤਾ ਲੱਗਾ ਕਿ ਪਾਈਪ ਨੂੰ ਕੋਈ ਨੁਕਸਾਨ ਪੁੱਜਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਬੁਲਾ ਕੇ ਪਹਿਲ ਦੇ ਆਧਾਰ 'ਤੇ ਖੰਭੇ ਨੂੰ ਬਾਹਰ ਕੱਢ ਕੇ ਪਾਈਪ ਠੀਕ ਕਰਵਾਈ ਜਾ ਰਹੀ ਹੈ।

ਕੀ ਕਹਿੰਦੇ ਹਨ ਵਾਟਰ ਸਪਲਾਈ ਠੇਕੇਦਾਰ

ਇਸ ਸਬੰਧੀ ਜਦੋਂ ਵਾਟਰ ਸਪਲਾਈ ਠੇਕੇਦਾਰ ਵਿਜੇ ਚੌਧਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਾਵਰਕਾਮ ਵਿਭਾਗ ਦੇ ਠੇਕੇਦਾਰ ਦੀ ਗਲਤੀ ਦੇ ਕਾਰਨ ਜਿਸ ਥਾਂ 'ਤੇ ਮੇਨ ਵਾਟਰ ਸਪਲਾਈ ਪਾਈਪ ਲਾਈਨ ਲੰਘ ਰਹੀ ਹੈ, ਉਸ ਥਾਂ ਪਾਈਪ ਟੁੱਟਣ ਕਾਰਨ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਟੋਏ ਵਿਚੋਂ ਖੰਭਾ ਬਾਹਰ ਕੱਿਢਆ ਜਾ ਚੁੱਕਾ ਹੈ। ਪਾਈਪ ਲਾਈਨ ਦੀ ਰਿਪੇਅਰ ਕਰਕੇ ਸਪਲਾਈ ਮੁੜ ਬਹਾਲ ਕਰ ਦਿੱਤੀ ਜਾਵੇਗੀ ।