ਜਗਤਾਰ ਮਹਿੰਦੀਪੁਰੀਆ, ਬਲਾਚੌਰ : ਕੰਢੀ ਸੰਘਰਸ਼ ਕਮੇਟੀ ਪੰਜਾਬ ਦਾ ਵਫਦ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਦੀ ਅਗਵਾਈ ਹੇਠ ਐੱਸਡੀਐੱਮ ਬਲਾਚੌਰ ਜਸਬੀਰ ਸਿੰਘ ਨੂੰ ਮਿਲਿਆ ਤੇ ਬੀਡੀਪੀਓ ਬਲਾਚੌਰ ਵਿਰੁੱਧ ਮੰਗ ਪੱਤਰ ਦਿੱਤਾ ਗਿਆ। ਵਫ਼ਦ ਨੇ ਮੰਗ ਪੱਤਰ ਵਿਚ ਸ਼ਿਕਾਇਤ ਕੀਤੀ ਕਿ ਅਧਿਕਾਰੀ ਗ਼ੈਰ ਕਾਨੂੰਨੀ ਕੰਮਾਂ ਰਾਹੀਂ ਪਿੰਡ ਦੇ ਮਨਰੇਗਾ ਮਜ਼ਦੂਰਾਂ ਦਾ ਆਰਥਿਕ ਨੁਕਸਾਨ ਕਰ ਰਿਹਾ ਹੈ। ਬਿਨਾਂ ਕਿਸੇ ਕਾਰਨ ਕੰਮ ਦਾ ਮਸਟਰੋਲ ਰੋਕ ਕੇ ਪੰਚਾਇਤ ਨੂੰ ਪਰੇਸ਼ਾਨ ਕਰ ਰਿਹਾ ਹੈ। ਮਨਰੇਗਾ ਦੇ ਕੰਮ ਵਿਚ ਰੁਕਾਵਟ ਕਰਨਾ ਘੋਰ ਉਲੰਘਣਾ ਹੈ। ਉਨ੍ਹਾਂ ਮੰਗ ਪੱਤਰ ਰਾਹੀਂ ਇਹ ਵੀ ਸ਼ਿਕਾਇਤ ਕੀਤੀ ਕਿ ਉਕਤ ਅਧਿਕਾਰੀ ਪਿੰਡ ਟੌਸਾਂ ਵਿਚ ਸਾਂਝੀਆਂ ਥਾਵਾਂ 'ਤੇ ਕਬਜ਼ੇ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਨੂੰ ਸ਼ਹਿ ਦੇ ਰਿਹਾ ਹੈ, ਜਿਸ ਕਾਰਨ ਪਿੰਡ ਤੇ ਗ੍ਰਾਮ ਪੰਚਾਇਤ ਦਾ ਨੁਕਸਾਨ ਹੋ ਰਿਹਾ ਹੈ। ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਉਕਤ ਅਧਿਕਾਰੀ ਦਾ ਲੋਕਾਂ ਪ੍ਰਤੀ ਵਿਵਹਾਰ ਵੀ ਮਾੜਾ ਹੈ। ਮੰਗ ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਉਕਤ ਅਧਿਕਾਰੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ, ਮਨਰੇਗਾ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ ਤੇ ਨਾਜਾਇਜ਼ ਹੋ ਰਹੇ ਕਬਜ਼ੇ ਰੋਕੇ ਜਾਣ। ਇਸ ਮੌਕੇ ਬਲਵੀਰ ਸਿੰਘ ਸਰਪੰਚ ਟੌਸਾਂ, ਕਰਨੈਲ ਸਿੰਘ ਭੱਲਾ, ਕਿ੍ਸ਼ਨ ਕੁਮਾਰ ਸਾਬਕਾ ਸਰਪੰਚ ਟੌਸਾਂ, ਸਵਰਨ ਸਿੰਘ, ਮੋਹਨ ਲਾਲ ਆਦਿ ਵੀ ਹਾਜ਼ਰ ਸਨ।