ਪ੍ਰਦੀਪ ਭਨੋਟ, ਨਵਾਂਸ਼ਹਿਰ : ਪੁਲਿਸ ਥਾਣਾ ਨਵਾਂਸ਼ਹਿਰ ਸਿਟੀ ਵੱਲੋਂ ਦੋ ਹੈਰੋਇਨ ਤਸਕਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਏਐੱਸਆਈ ਪ੍ਰਸ਼ੋਤਮ ਲਾਲ ਸਮੇਤ ਪੁਲਿਸ ਪਾਰਟੀ ਨੇ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਚੈਕਿੰਗ ਸਬੰਧੀ ਬੰਗਾ ਰੋਡ ਸੀਆਈਏ ਸਟਾਫ਼ ਸਾਹਮਣੇ ਮਹਾਲੋਂ ਗੇਟ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਨਵਾਂਸ਼ਹਿਰ ਵੱਲੋਂ ਆ ਰਹੀ ਇਨੋਵਾ ਗੱਡੀ ਨੰ.ਪੀਬੀ-32-ਪੀ-4423 ਨੂੰ ਟਾਰਚ ਦੀ ਲਾਈਟ ਮਾਰ ਕੇ ਰੁਕਣ ਦਾ ਇਸ਼ਾਰਾ ਕੀਤਾ। ਪੁਲਿਸ ਨੂੰ ਦੇਖ ਕੇ ਚਾਲਕ ਨੇ ਗੱਡੀ ਰੋਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।

ਇਸੇ ਸਮੇਂ ਚਾਲਕ ਨਾਲ ਵਾਲੀ ਸੀਟ 'ਤੇ ਬੈਠੇ ਵਿਅਕਤੀ ਨੇ ਹੱਥ 'ਚ ਫੜਿਆ ਮੋਮੀ ਲਿਫ਼ਾਫ਼ਾ ਬਾਹਰ ਘਾਹ 'ਤੇ ਸੁੱਟ ਦਿੱਤਾ। ਪੁਲਿਸ ਵੱਲੋਂ ਜਦੋਂ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ 'ਚੋਂ 10 ਗਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਗੱਡੀ ਚਾਲਕ ਮਨਜਿੰਦਰ ਸਿੰਘ ਉਰਫ ਬਿੱਲਾ ਪੁੱਤਰ ਸਵ. ਕਿਸ਼ਨ ਸਿੰਘ ਵਾਸੀ ਪਿੰਡ ਮਜਾਰੀ ਥਾਣਾ ਬੰਗਾ ਅਤੇ ਨਾਲ ਬੈਠਾ ਨੌਜਵਾਨ ਕੁਨਾਲ ਸ਼ਰਮਾ ਪੁੱਤਰ ਸਵ. ਸੁਰਿੰਦਰ ਕੁਮਾਰ ਸ਼ਰਮਾ ਵਾਸੀ ਮੁਕਤਪੁਰਾ ਮੁਹੱਲਾ ਅਮਰ ਕਲੋਨੀ ਬੰਗਾ ਦੇ ਰੂਪ ਵਜੋਂ ਹੋਈ ਹੈ।