ਪ੍ਰਸ਼ੋਤਮ ਬੈਂਸ, ਨਵਾਂਸ਼ਹਿਰ : ਸਹੁਰਾ ਪਰਿਵਾਰ ਵੱਲੋਂ ਤੰਗ-ਪਰੇਸ਼ਾਨ ਕੀਤੇ ਜਾਣ ਕਾਰਨ ਵਿਆਹੁਤਾ ਦੀ ਹੋਈ ਮੌਤ ਦਾ ਮਾਮਲਾ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਮ੍ਰਿਤਕਾ ਦੇ ਪਿਤਾ ਮੁਕੇਸ਼ ਕੁਮਾਰ ਪੁੱਤਰ ਰਾਮ ਕਿਸ਼ਨ ਵਾਸੀ ਮੁਹੱਲਾ ਲੜੋਈਆਂ, ਨਵਾਂਸ਼ਹਿਰ ਨੇ ਦੱਸਿਆ ਕਿ ਉਸ ਦੀ ਲੜਕੀ ਪ੍ਰੀਆ ਦਾ ਵਿਆਹ ਸੰਨ 2012 ਵਿਚ ਜੋਨੀ ਪੁਰੀ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਮਕਾਨ ਨੰਬਰ ਬੀ -34/2021 ਮੁਹੱਲਾ ਚੰਦਰ ਨਗਰ ਲੁਧਿਆਣਾ ਨਾਲ ਹੋਇਆ ਸੀ।

ਘੱਟ ਦਾਜ ਲਿਆਉਣ ਕਾਰਨ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ-ਪਰੇਸ਼ਾਨ ਕਰਦਾ ਰਹਿੰਦਾ ਸੀ ਅਤੇ ਉਸ ਦਾ ਪਤੀ ਉਸ ਦੀ ਕੁੱਟਮਾਰ ਕਰਦਾ ਸੀ, ਜਿਸ ਕਾਰਨ ਪਿਛਲੇ ਕਰੀਬ ਡੇਢ ਸਾਲ ਤੋਂ ਉਹ ਉਨ੍ਹਾਂ ਕੋਲ ਆਪਣੇ ਪੇਕੇ ਘਰ ਹੀ ਰਹਿ ਰਹੀ ਸੀ। ਬੀਤੀ 18 ਅਕਤੂਬਰ ਨੂੰ ਬਿਆਨ ਕਰਤਾ ਮੁਕੇਸ਼ ਕੁਮਾਰ ਪਰਿਵਾਰ ਸਮੇਤ ਘਰੋਂ ਬਾਹਰ ਗਏ ਹੋਏ ਸਨ ਅਤੇ ਉਨ੍ਹਾਂ ਦੀ ਲੜਕੀ ਘਰ ’ਚ ਇਕੱਲੀ ਸੀ। ਜਦੋਂ ਉਹ ਸ਼ਾਮ ਨੂੰ ਘਰ ਵਾਪਸ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਪ੍ਰੀਆ ਉਲਟੀਆਂ ਕਰ ਰਹੀ ਹੈ।

ਲੜਕੀ ਵੱਲੋਂ ਕੋਈ ਜ਼ਹਿਰੀਲਾ ਪਦਾਰਥ ਖਾਧਾ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੁਦਈ ਮੁਕੇਸ਼ ਕੁਮਾਰ ਉਕਤ ਵੱਲੋਂ ਦਿੱਤੇ ਗਏ ਬਿਆਨ ’ਤੇ ਪੁਲਿਸ ਵੱਲੋਂ ਵਿਆਹੁਤਾ ਦੇ ਪਤੀ ਜੋਨੀ ਪੁਰੀ, ਸਹੁਰਾ ਪ੍ਰਸ਼ੋਤਮ ਦਾਸ ਤੇ ਸੱਸ ਵਿਜੈ ਪੁਰੀ ਵਾਸੀਆਨ ਮੁਹੱਲਾ ਚੰਦਰ ਨਗਰ, ਲੁਧਿਆਣਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਮੁਲਜ਼ਮਾਂ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। ਮਾਮਲਾ ਜ਼ੇਰੇ ਤਫਤੀਸ਼ ਹੈ।

Posted By: Susheel Khanna