ਪ੍ਰਦੀਪ ਭਨੋਟ, ਨਵਾਂਸ਼ਹਿਰ :ਟਰਾਂਸਪੋਰਟ ਮੰਤਰੀ ਪੰਜਾਬ ਰਜ਼ੀਆ ਸੁਲਤਾਨਾ ਵੱਲੋਂ ਅੱਜ ਨਵਾਂਸ਼ਹਿਰ ਦੇ ਸੇਵਾ ਕੇਂਦਰ ਤੋਂ ਪੰਜਾਬ ’ਚ ਸੇਵਾ ਕੇਂਦਰਾਂ ਰਾਹੀਂ ਲਰਨਿੰਗ ਲਾਇਸੰਸ ਸੇਵਾ ਦੀ ਰਸਮੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਪਹਿਲਾਂ ਕੇਵਲ ਟਰਾਂਸਪੋਰਟ ਵਿਭਾਗ ਦੇ ਜ਼ਿਲ੍ਹਿਆਂ ’ਚ ਸਥਿਤ ਦਫ਼ਤਰਾਂ ਅਤੇ ਐਸਡੀਐਮ ਦਫ਼ਤਰਾਂ ਤੋਂ ਹੀ ਲਰਨਿੰਗ ਲਾਇਸੰਸ ਬਣਦੇ ਸਨ, ਜਿਸ ਕਾਰਨ ਨੌਜੁਆਨਾਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਹੁਣ ਤੋਂ ਰਾਜ ਦੇ ਸਾਰੇ 515 ਸੇਵਾ ਕੇਂਦਰਾਂ ’ਚ ਵੀ ਲਰਨਿੰਗ ਲਾਇਸੰਸ ਬਣਾਉਣ ਦੀ ਅਰਜ਼ੀ ਦਿੱਤੀ ਜਾ ਸਕੇਗੀ। ਇਸ ਮੌਕੇ ਪਹਿਲੇ ਪੰਜ ਬਿਨੇਕਾਰਾਂ ਨੂੰ ਲਰਨਿੰਗ ਲਾਇਸੰਸ ਜਾਰੀ ਵੀ ਕੀਤੇ ਗਏ।

ਉਨ੍ਹਾਂ ਨਾਲ ਇਸ ਮੌਕੇ ਹਲਕਾ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਅਤੇ ਬਲਾਚੌਰ ਦੇ ਵਿਧਾਇਕ ਚੋ. ਦਰਸ਼ਨ ਲਾਲ ਮੰਗੂਪੁਰ, ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਤੇ ਐਸ ਐਸ ਪੀ ਅਲਕਾ ਮੀਨਾ ਵੀ ਮੌਜੂਦ ਸਨ।

ਲਰਨਿੰਗ ਲਾਇਸੰਸ ਸੇਵਾ ਦਾ ਉਦਘਾਟਨ ਕਰਨ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਵੱਲੋਂ ਪੁਰਾਣੇ ਡੀ ਸੀ ਦਫ਼ਤਰ ’ਚ ਮੌਜੂਦ ਸੰਵਿਧਾਨ ਨਿਰਮਾਤਾ ਡਾ. ਬੀ ਆਰ ਅੰਬੇਦਕਰ ਦੇ ਬੁੱਤ ’ਤੇ ਗਣਤੰਤਰ ਦਿਵਸ ਮੌਕੇ ਉਨ੍ਹਾਂ ਨੂੰ ਸ਼ਰਧਾ ਸੁਮਨ ਵੀ ਭੇਟ ਕੀਤੇ ਗਏ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹਰ ਸਾਲ 5.57 ਲੱਖ ਲਰਨਿੰਗ ਲਾਇਸੰਸ ਅਤੇ 8.54 ਲੱਖ ਪੱਕੇ ਲਾਇਸੰਸ ਬਣਦੇ ਹਨ। ਉਨ੍ਹਾਂ ਕਿਹਾ ਕਿ ਡਰਾਇਵਿੰਗ ਲਾਇਸੰਸ ਬਣਾਉਣ ਲਈ ਕਿਸੇ ਨੂੰ ਵੀ 18 ਸਾਲ ਦੀ ਉਮਰ ਪੂਰੀ ਹੋਣ ’ਤੇ ਪਹਿਲਾਂ ਲਰਨਿੰਗ ਲਾਇਸੰਸ ਪ੍ਰਕਿਰਿਆ ’ਚੋਂ ਗੁਜ਼ਰਨਾ ਪੈਂਦਾ ਹੈ ਅਤੇ 6 ਮਹੀਨੇ ਬਾਅਦ ਉਹ ਆਪਣਾ ਪੱਕਾ ਲਾਇਸੰਸ ਬਣਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਲਰਨਿੰਗ ਤੋਂ ਪੱਕਾ ਲਾਇਸੰਸ ਬਣਵਾਉਣ ਲਈ ਪ੍ਰਾਰਥੀ ਨੂੰ ਡਰਾਇਵਿੰਗ ਟਰੈਕ ’ਤੇ ਟੈਸਟ ਪਾਸ ਕਰਨਾ ਪੈਂਦਾ ਹੈ, ਜਿਸ ਲਈ ਰਾਜ ਵਿੱਚ 32 ਟਰੈਕ ਕੰਮ ਕਰ ਰਹੇ ਹਨ।

ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ’ਚ ਮਿਨੀ ਬੱਸਾਂ ਦੇ ਪਰਮਿਟ ਲੈਣ ’ਤੇ ਕੋਈ ਰੋਕ ਨਹੀਂ ਅਤੇ ਕੋਈ ਵੀ ਰੋਜ਼ਗਾਰ ਦਾ ਚਾਹਵਾਨ ਮਿਨੀ ਬੱਸ ਲਈ ਟਰਾਂਸਪੋਰਟ ਵਿਭਾਗ ਕੋਲ ਪਰਮਿਟ ਲਈ ਬਿਨੇ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਲੋਕਾਂ ਦੀ ਆਵਾਜਾਈ ਲਈ ਮਿਨੀ ਬੱਸਾਂ ਬਹੁਤ ਹੀ ਪ੍ਰਭਾਵਸ਼ਾਲੀ ਹਨ, ਜਿਸ ਲਈ ਸਰਕਾਰ ਵੱਲੋਂ ਹਰ ਇੱਕ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਨਵਾਂਸ਼ਹਿਰ ਦੇ ਐਸ ਡੀ ਐਮ ਜਗਦੀਸ਼ ਸਿੰਘ ਜੌਹਲ, ਮਨਜਿੰਦਰ ਸਿੰਘ ਟੈਕਨੀਕਲ ਡਾਇਰੈਕਟਰ ਐਨ ਆਈ ਸੀ ਪੰਜਾਬ, ਮਨਜੀਤ ਸਿੰਘ ਡਿਪਟੀ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਪੰਜਾਬ ਅਤੇ ਐਨ ਆਈ ਸੀ ਦੇ ਪ੍ਰੋਗਰਾਮਰ ਮੋਹਿਤ ਜੋਸ਼ੀ ਤੇ ਅਤਿੰਦਰ ਸਿੰਘ ਪ੍ਰੋਗਰਾਮਰ ਤੋਂ ਇਲਾਵਾ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਜਤਿੰਦਰ ਕੌਰ ਤੇ ਤਹਿਸੀਲਦਾਰ ਨਵਾਂਸ਼ਹਿਰ ਕੁਲਵੰਤ ਸਿੰਘ ਸਿੱਧੂ ਵੀ ਮੌਜੂਦ ਸਨ। ਇਸ ਮੌਕੇ ਜ਼ਿਲ੍ਹਾ ਈ ਗਵਰਨੈਂਸ ਕੋਆਰਡੀਨੇਟਰ ਕਮਲ ਕੁਮਾਰ ਅਤੇ ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਸਰਬਜੀਤ ਸਿੰਘ ਵੀ ਮੌਜੂਦ ਸਨ।

Posted By: Tejinder Thind