ਜੇਐੱਨਐੱਨ, ਕਾਠਗੜ੍ਹ : ਰੋਪੜ-ਬਲਾਚੌਰ ਨੈਸ਼ਨਲ ਹਾਈਵੇਅ 'ਤੇ ਸਥਿਤ ਪਿੰਡ ਭਰਥਲਾ ਕੋਲ ਸ਼ਨਿਚਰਵਾਰ ਦੇਰ ਸ਼ਾਮ ਇਕ ਮੋਟਰਸਾਈਕਲ ਤੇ ਟ੍ਰੈਕਟਰ-ਟਰਾਲੀ ਦੀ ਸਿੱਧੀ ਟੱਕਰ ਵਿਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸੇ 'ਚ ਗੰਭੀਰ ਰੂਪ 'ਚ ਜ਼ਖ਼ਮੀ ਨੌਜਵਾਨਾਂ ਨੂੰ ਰੋਪੜ ਦਾ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸੰਜੀਵ ਕੁਮਾਰ ਪੁੱਤਰ ਮੋਹਨ ਸਿੰਘ ਵਾਸੀ ਮਾਜਰਾ ਜੱਟਾਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਰੋਪੜ ਵੱਲ ਜਾ ਰਿਹਾ ਸੀ। ਉਸ ਦੇ ਪਿੱਛੇ ਉਸ ਦੇ ਤਾਏ ਦਾ ਪੁੱਤਰ ਹਰਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਤੇ ਨਿਖਿਲ ਚੰਦਰ ਪੁੱਤਰ ਛਿੰਦਰਪਾਲ ਬੈਠੇ ਹੋਏ ਸਨ। ਇਹ ਕਾਠਗੜ੍ਹ ਤੋਂ ਆਪਣੇ ਪਿੰਡ ਵੱਲ ਜਾ ਰਹੇ ਸਨ ਕਿ ਪਿੰਡ ਭਰਥਲਾ ਕੋਲ ਬਣੇ ਕੱਟ ਤੋਂ ਮੁੜਨ ਲੱਗੇ ਤਾਂ ਅੱਗਿਓਂ ਆ ਰਹੇ ਟ੍ਰੈਕਟਰ-ਟਰਾਲੀ ਨਾਲ ਟਕਰਾ ਗਏ। ਤਿੰਨੇ ਨੌਜਵਾਨ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਰੋਪੜ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

Posted By: Jagjit Singh