ਪ੍ਰਸ਼ੋਤਮ ਬੈਂਸ, ਨਵਾਂਸ਼ਹਿਰ

ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾਂਜਲੀ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ 'ਮਿਸ਼ਨ ਫ਼ਤਿਹ' ਦੀ ਪ੍ਰਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਛੇੜੀ ਹੋਈ ਹੈ। ਜਿਸ ਤਹਿਤ ਅੱਜ ਸਿਹਤ ਬਲਾਕ ਮੁਜ਼ੱਫਰਪੁਰ ਅਧੀਨ 17 ਥਾਵਾਂ 'ਤੇ ਮੈਗਾ ਡਰਾਈਵ ਤਹਿਤ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਗਏ। ਇਸੇ ਲੜੀ ਤਹਿਤ ਸਥਾਨਕ ਪਿੰਡ ਲੰਗੜੋਆ ਅਤੇ ਕੋਟ ਰਾਂਝਾ ਵਿਖੇ ਟੀਕਾਕਰਨ ਦੇ ਕੰਮਕਾਜ ਦਾ ਜਾਇਜ਼ਾ ਲੈਂਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਅੱਜ ਪੂਰੇ ਬਲਾਕ 'ਚ ਤਕਰੀਬਨ 4000 ਯੋਗ ਵਿਅਕਤੀਆਂ ਨੇ ਵੈਕਸੀਨ ਲਗਵਾਈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਵਿਡ ਵੈਕਸੀਨ ਕੋਰੋਨਾ ਵਿਰੁੱਧ ਲੜਾਈ 'ਚ ਬਿਲਕੁੱਲ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਹੈ। ਕੋਰੋਨਾ ਵਾਇਰਸ ਦੇ ਮੁਕੰਮਲ ਖਾਤਮੇ ਤਕ ਟੀਕਾਕਰਨ ਕਰਵਾਉਣਾ ਬੇਹੱਦ ਜ਼ਰੂਰੀ ਹੈ। ਇਸ ਮੌਕੇ ਬਲਾਕ ਐਕਸਟੈਂਸਨ ਐਜੂਕੇਟਰ ਮਨਿੰਦਰ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

ਸਿਹਤ ਬਲਾਕ ਮੁਜ਼ੱਫਰਪੁਰ ਅਧੀਨ ਟੀਕਾਕਰਨ ਸਥਾਨ

ਕਮੇਟੀ ਘਰ ਰਾਹੋਂ, ਕਮਿਊਨਿਟੀ ਸੈਂਟਰ ਉਸਮਾਨਪੁਰ, ਗੁਰਦੁਆਰਾ ਸਾਹਿਬ ਸਲੋਹ, ਮਿੰਨੀ ਪੀਐੱਸਸੀ ਜਾਡਲਾ, ਗੁਰਦੁਆਰਾ ਸਾਹਿਬ ਘਟਾਰੋਂ, ਗੁਰਦੁਆਰਾ ਸਾਹਿਬ ਸ਼ੇਖਾ ਮਜਾਰਾ, ਗੁਰਦੁਆਰਾ ਸਾਹਿਬ ਸਨਾਵਾ, ਗੁਰਦੁਆਰਾ ਸਾਹਿਬ ਲੰਗੜੋਆ, ਗੁਰਦੁਆਰਾ ਸਾਹਿਬ ਮੱਲਪੁਰ ਅੜਕਾਂ, ਪੰਚਾਇਤ ਘਰ ਵਜ਼ੀਦਪੁਰ, ਗੁਰਦੁਆਰਾ ਸਾਹਿਬ ਕਰਿਆਮ, ਪਿੰਡ ਸ਼ਮਸ਼ਪੁਰ, ਗੁਰਦੁਆਰਾ ਸਾਹਿਬ ਦਿਲਾਵਰਪੁਰ, ਗੁਰਦੁਆਰਾ ਸਾਹਿਬ ਬੜਵਾ, ਗੁਰਦੁਆਰਾ ਸਾਹਿਬ ਭੰਗਲ ਕਲਾਂ, ਗੁਰਦੁਆਰਾ ਸਾਹਿਬ ਕੋਟ ਰਾਂਝਾ ਅਤੇ ਗੁਰਦੁਆਰਾ ਸਾਹਿਬ ਮੁਬਾਰਕਪੁਰ ਆਦਿ ਸਥਾਨਾਂ 'ਤੇ ਟੀਕਾਕਰਨ ਮੁਹਿੰਮ ਛੇੜੀ ਗਈ।