ਸੰਦੀਪ ਬੈਂਸ, ਨਵਾਂਸ਼ਹਿਰ : ਜ਼ਿਲ੍ਹਾ ਪੁਲਿਸ ਵੱਲੋਂ ਚਾਰ ਨਸ਼ਾ ਸਮੱਗਲਰਾਂ ਨੂੰ ਵੱਖ-ਵੱਖ ਥਾਵਾਂ ਤੋਂ ਗਿ੍ਫ਼ਤਾਰ ਕਰ ਕੇ ਉਨਾਂ੍ਹ ਦੇ ਖ਼ਿਲਾਫ਼ ਪੁਲਿਸ ਥਾਣਾ ਬਲਾਚੌਰ, ਥਾਣਾ ਸਿਟੀ ਨਵਾਂਸ਼ਹਿਰ ਅਤੇ ਥਾਣਾ ਸਦਰ ਬੰਗਾ ਵਿਖੇ ਮਾਮਲੇ ਦਰਜ ਕੀਤੇ ਗਏ ਹਨ। ਥਾਣਾ ਬਲਾਚੌਰ ਵਿਖੇ ਦਰਜ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏਐੱਸਆਈ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਗਸ਼ਤ ਦੌਰਾਨ ਪਿੰਡ ਲੋਹਟਾਂ ਤੋਂ ਪਿੰਡ ਰੱਕੜਾਂ ਬੇਟ ਵਲ ਜਾ ਰਹੇ ਸਨ। ਇਸ ਦੌਰਾਨ ਉਨਾਂ੍ਹ ਨੇ ਬੱਸ ਅੱਡਾ ਰੱਕੜਾਂ ਬੇਟ ਵਿਖੇ ਇਕ ਵਿਅਕਤੀ ਨੂੰ ਇਕ ਸੂਟਕੇਸ ਫੜੀ ਬੈਠਾ ਦੇਖਿਆ। ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਉਸ ਦਾ ਨਾਮ ਪਤਾ ਪੁੱਿਛਆ ਤਾਂ ਉਸ ਵਿਅਕਤੀ ਨੇ ਆਪਣਾ ਨਾਂ ਮੁਹੰਮਦ ਅਲਤਾਫ ਗਨੀ ਪੁੱਤਰ ਗੁੱਲ ਮੁਹੰਮਦ ਗਨੀ ਵਾਸੀ 88-ਕਾਜੀਨਾਗ-ਏ, ਸਚੈਨ ਦਿਆਲ ਗਮ ਅਨੰਤ ਨਾਗ (ਜੰਮੂ ਕਸ਼ਮੀਰ) ਦੱਸਿਆ। ਜਦੋਂ ਉਸ ਦੇ ਸੂਟਕੇਸ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਕੋਰੈਕਸ ਦੀਆਂ 160 ਸ਼ੀਸ਼ੀਆਂ ਬਰਾਮਦ ਹੋਈਆਂ। ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਮਾਮਲੇ ਸਬੰਧੀ ਏਐੱਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਉਨਾਂ੍ਹ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਗੜ੍ਹਸ਼ੰਕਰ ਰੋਡ 'ਤੇ ਪਿੰਡ ਮਹਿੰਦੀਪੁਰ ਵਲੋਂ ਪੈਦਲ ਆ ਰਹੇ ਨੌਜਵਾਨ ਜਿਸ ਨੇ ਪੁਲਿਸ ਪਾਰਟੀ ਨੂੰ ਆਪਣਾ ਨਾਂ ਦਵਿੰਦਰ ਕੁਮਾਰ ਪੁੱਤਰ ਰਘਬੀਰ ਚੰਦ ਵਾਸੀ ਪਿੰਡ ਕੁਲਾਮ ਦੱਸਿਆ ਨੂੰ ਕਾਬੂ ਕਰ ਕੇ ਉਸ ਕੋਲੋਂ 05 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸੇ ਤਰਾਂ੍ਹ ਥਾਣਾ ਸਦਰ ਬੰਗਾ ਵਿਖੇ ਦਰਜ ਮਾਮਲੇ ਸਬੰਧੀ ਸੀਆਈਏ ਸਟਾਫ ਨਵਾਂਸ਼ਹਿਰ ਦੇ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਉਨਾਂ੍ਹ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਕਾਹਮਾ-ਮੰਗੂਵਾਲ ਵੱਲੋਂ ਆ ਰਹੀ ਇਕ ਕਾਰ ਵਿਚੋਂ ਉੱਤਰ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਇਕ ਮਹਿਲਾ ਅਤੇ ਪੁਰਸ਼ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ। ਜਿਨਾਂ੍ਹ 'ਚੋਂ ਪੁਰਸ਼ ਨੇ ਪੁਲਿਸ ਪਾਰਟੀ ਨੂੰ ਆਪਣਾ ਨਾਂ ਜਗਦੀਸ਼ ਰਾਮ ਉਰਫ਼ ਰਾਜੀ ਪੁੱਤਰ ਜਗਤ ਰਾਮ ਅਤੇ ਮਹਿਲਾ ਨੇ ਆਪਣਾ ਨਾਂ ਦਲਜੀਤ ਕੌਰ ਉਰਫ਼ ਰੱਜੀ ਪਤਨੀ ਜਗਦੀਸ਼ ਰਾਮ ਵਾਸੀਆਨ ਪਿੰਡ ਭੌਰਾ ਥਾਣਾ ਸਦਰ ਬੰਗਾ ਦੱਸਿਆ। ਜਦੋਂ ਪੁਲਿਸ ਪਾਰਟੀ ਨੇ ਉਨਾਂ੍ਹ ਦੀ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਦੇ ਡੈਸ਼ ਬੋਰਡ 'ਚੋਂ ਇਕ ਲਿਫਾਫੇ ਵਿਚ ਲਪੇਟ ਕੇ ਰੱਖੀ ਹੋਈ 75 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵੱਲੋਂ ਗਿ੍ਫਤਾਰ ਕੀਤੇ ਗਏ ਉਕਤ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲੇ ਦਰਜ ਕਰ ਕੇ ਅਗਲੀ ਤਫਤੀਸ਼ ਅਮਲ 'ਚ ਲਿਆਂਦੀ ਗਈ ਹੈ।