ਪ੍ਰਦੀਪ ਭਨੋਟ, ਨਵਾਂਸ਼ਹਿਰ : ਜ਼ਿਲ੍ਹੇ 'ਚ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਘਰੇਲੂ ਵਰਤੋਂ ਲਈ ਸਸਤੀ ਰੇਤ ਦੇਣ ਲਈ ਚਲਾਈਆਂ ਰੇਤ ਖਾਣਾਂ ਦੀ ਗਿਣਤੀ ਵਧਾ ਕੇ ਪੰਜ ਕਰ ਦਿੱਤੀ ਗਈ ਹੈ, ਜਿੱਥੋਂ 5.50 ਰੁਪਏ ਪ੍ਰਤੀ ਘਣ ਫੁੱਟ ਰੇਤਾ ਉਪਲੱਬਧ ਕਰਵਾਇਆ ਜਾ ਰਿਹਾ ਹੈ। ਏਡੀਸੀ (ਜ) ਰਾਜੀਵ ਵਰਮਾ ਨੇ ਜ਼ਿਲ੍ਹਾ ਮਿਨਰਲ ਫਾਊਂਡੇਸ਼ਨ ਦੀ ਮੀਟਿੰਗ ਦੌਰਾਨ ਦੱਸਿਆ ਕਿ ਇਨਾਂ੍ਹ ਜਨਤਕ ਰੇਤ ਖਾਣਾਂ 'ਚ ਫੂਲ ਮਕੌੜੀ, ਸੈਦਪੁਰ, ਖੋਜਾ, ਰਤਨਾਣਾ ਤੇ ਅੌਲੀਆਪੁਰ ਸ਼ਾਮਲ ਹਨ। ਜਦਕਿ ਅਗਲੇ ਦਿਨਾਂ 'ਚ ਦੋ ਤੋਂ ਤਿੰਨ ਹੋਰ ਜਨਤਕ ਖਾਣਾਂ ਦੇ ਚੱਲਣ ਦੀ ਵੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਨਾਂ੍ਹ ਜਨਤਕ ਰੇਤ ਖਾਣਾਂ ਤੋਂ ਪੰਜਾਬ ਸਰਕਾਰ ਨੂੰ ਡੇਢ ਕਰੋੜ ਰੁਪਏ ਤੋਂ ਵਧੇਰੇ ਦਾ ਮਾਲੀਆ ਆਇਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਵਪਾਰਕ (ਕਮਰਸ਼ੀਅਲ) ਰੇਤ ਖਾਣਾਂ ਦੀ ਸ਼ੁਰੂਆਤ ਵੀ ਜਲਦ ਕੀਤੀ ਜਾ ਰਹੀ ਹੈ, ਜਿਸ ਤਹਿਤ ਬੁਰਜ ਟਹਿਲ ਦਾਸ, ਏ ਡੀ ਬੀ ਰੈਲ-1,2 ਵਿਖੇ ਕਮਰਸ਼ੀਅਲ ਰੇਤ ਖਾਣਾਂ ਖੋਲ੍ਹੀਆਂ ਜਾਣਗੀਆਂ। ਉਨਾਂ੍ਹ ਦੱਸਿਆ ਕਿ ਜਨਤਕ ਰੇਤ ਖਾਣਾਂ 'ਚ ਕੇਵਲ ਹੱਥੀਂ (ਕਹੀਆਂ-ਬੇਲਚਿਆਂ ਨਾਲ) ਰੇਤੇ ਦੀ ਭਰਾਈ ਕੀਤੀ ਜਾਂਦੀ ਹੈ ਅਤੇ ਕਮਰਸ਼ੀਅਲ ਰੇਤ ਖਾਣਾਂ 'ਚ ਮਸ਼ੀਨਰੀ ਨਾਲ ਰੇਤੇ ਦੀ ਭਰਾਈ ਹੋ ਸਕੇਗੀ। ਏਡੀਸੀ ਅਨੁਸਾਰ ਇਸ ਦੇ ਨਾਲ ਹੀ ਨਾਜਾਇਜ਼ ਖਣਨ ਦੀ ਰੋਕਥਾਮ ਦੇ ਉਪਰਾਲਿਆਂ ਵਜੋਂ ਇਨਾਂ੍ਹ ਵਾਹਨਾਂ 'ਤੇ ਸੈਕਸ਼ਨ 74-75 ਅਧੀਨ ਕਾਰਵਾਈ ਕਰਦਿਆਂ 12.50 ਲੱਖ ਰੁਪਏ ਦੇ ਚਲਾਨ ਕੱਟ ਕੇ ਵਸੂਲੀ ਕੀਤੀ ਗਈ ਹੈ। ਮੀਟਿੰਗ ਦੌਰਾਨ ਭੱਠਾ ਮਾਲਕਾਂ ਵੱਲ ਬਕਾਇਆ ਪਈ ਵਸੂਲੀ ਨੂੰ ਤੇਜ਼ ਕਰਨ ਲਈ ਹਦਾਇਤ ਕੀਤੀ ਗਈ ਅਤੇ ਉਨਾਂ੍ਹ ਵੱਲੋਂ ਬਕਾਏ ਜਮਾਂ੍ਹ ਨਾ ਕਰਵਾਏ ਜਾਣ ਦੀ ਸੂਰਤ 'ਚ ਉਨਾਂ੍ਹ ਦੇ ਲਾਇਸੈਂਸ ਨਵੀਨੀਕਰਨ ਰੋਕਣ ਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਜ਼ਿਲ੍ਹੇ 'ਚ ਹੜ੍ਹ ਰੋਕੂ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦਿੱਤੀ ਹਦਾਇਤ 'ਤੇ ਡਰੇਨੇਜ਼ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਇਸ ਸਬੰਧੀ ਲੋੜੀਂਦੇ ਤਖਮੀਨੇ ਬਣਾ ਕੇ ਸਰਕਾਰ ਨੂੰ ਮਨਜ਼ੂਰੀ ਲਈ ਭੇਜੇ ਜਾ ਚੁੱਕੇ ਹਨ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਡਾ. ਗੁਰਲੀਨ, ਡੀ ਐਸ ਪੀ ਸੁਰਿੰਦਰ ਚਾਂਦ, ਕਾਰਜਕਾਰੀ ਇੰਜੀਨੀਅਰ ਕਮ ਜ਼ਿਲ੍ਹਾ ਮਾਈਨਿੰਗ ਅਫ਼ਸਰ ਹੈਪੀ ਕੁਮਾਰ, ਐੱਸਡੀਓ ਮਾਈਨਿੰਗ ਗੁਰਜੀਤ ਸਿੰਘ, ਐੱਸਡੀਓ ਬਿਸਤ ਦੁਆਬ ਨਵਜੋਤ ਸਿੰਘ ਬੁਤਾਲੀਆ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।