ਜਸਵਿੰਦਰ ਕੌਰ ਗੁਣਾਚੌਰ, ਮੁਕੰਦਪੁਰ : ਸਿਵਲ ਸਰਜਨ ਡਾ:ਆਰਪੀ ਭਾਟੀਆ ਦੇ ਦਿਸ਼ਾ ਨਿਰਦੇਸ਼ ਅਤੇ ਡਾ: ਰਵਿੰਦਰ ਸਿੰਘ ਐੱਸਐੱਮਓ ਮੁਕੰਦਪੁਰ ਦੀ ਅਗਵਾਈ ਅਧੀਨ ਆਂਗਣਵਾੜੀ ਸੈਂਟਰ ਮੁਕੰਦਪੁਰ ਵਿਖੇ ਵਿਸ਼ਵ ਸ਼ੂਗਰ ਦਿਵਸ ਮਨਾਇਆ ਗਿਆ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਬੀਈਈ ਹਰਪ੍ਰਰੀਤ ਸਿੰਘ ਅਤੇ ਹੈਲਥ ਇੰਸਪੈਕਟਰ ਰਾਜ ਕੁਮਾਰ ਹੰਸ ਨੇ ਦੱਸਿਆ ਕਿ ਸ਼ੂਗਰ ਦੀ ਬਿਮਾਰੀ ਮਨੁੱਖਤਾ ਲਈ ਜ਼ਹਿਰ ਹੈ ਅਤੇ ਇਹ ਸਿਉਂਕ ਦੀ ਤਰ੍ਹਾਂ ਮਨੁੱਖੀ ਸਰੀਰ ਨੂੰ ਖੋਖਲਾ ਕਰ ਦਿੰਦੀ ਹੈ। ਇਕ ਸਰਵੇ ਮੁਤਾਬਕ ਇਕੱਲੇ ਪੰਜਾਬ 'ਚ 50 ਲੱਖ ਤੋਂ ਵੱਧ ਲੋਕ ਇਸ ਬਿਮਾਰੀ ਨਾਲ ਪੀੜਤ ਹਨ। ਉਨ੍ਹਾਂ ਲੋਕਾਂ ਨੂੰ ਸ਼ੂਗਰ ਤੋਂ ਬਚਾਅ ਲਈ ਤਣਾਅ ਮੁਕਤ ਜੀਵਨ ਸ਼ੈਲੀ ਦੇ ਨਾਲ ਨਾਲ ਖਾਣ ਪੀਣ ਦੇ ਢੰਗਾਂ ਵਿਚ ਤਬਦੀਲੀ ਲਿਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਹੈ, ਨੂੰ ਦਿਲ ਦਾ ਦੌਰਾ ਪੈਣ ਦਾ ਖਤਰਾ ਚਾਰ ਗੁਣਾ ਵੱਧ ਰਹਿੰਦਾ ਹੈ। ਇਸ ਤੋਂ ਇਲਾਵਾ ਇਹ ਵਿਅਕਤੀ ਅਧਰੰਗ, ਕਿਡਨੀ ਦੀ ਬਿਮਾਰੀ ਅਤੇ ਅੱਖਾਂ ਦੇ ਅੰਨ੍ਹੇਪਨ ਦਾ ਸ਼ਿਕਾਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੀਵਨ ਸ਼ੈਲੀ ਵਿਚ ਬਦਲਾਅ ਲਿਆ ਕੇ ਸੰਤੁਲਿਤ ਭੋਜਨ ਦੀ ਵਰਤੋਂ ਕਰਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਆਮ ਤੌਰ 'ਤੇ ਡਾਇਬੀਟੀਜ਼ ਦੇ ਰੋਗੀ ਦਾ ਖਾਲੀ ਪੇਟ ਸ਼ੂਗਰ ਦਾ ਲੈਵਲ 90 ਤੋਂ 120 ਐੱਮਜੀ ਅਤੇ ਖਾਣ ਤੋਂ ਬਾਅਦ 2 ਘੰਟੇ ਬਾਅਦ 200 ਐੱਮਜੀ ਤੋਂ ਘੱਟ ਹੋਣਾ ਚਾਹੀਦਾ ਹੈ। ਇਸ ਮੌਕੇ ਡਾ: ਬਲਜੀਤ ਕਮਲ, ਕੁਲਵਰਨਦੀਪ ਸਿੰਘ, ਰਤਨ ਦੇਵੀ, ਵਿਨੋਦ ਕੁਮਾਰ, ਸਤਿੰਦਰਪਾਲ ਕੌਰ ਅਤੇ ਪਿੰਡ ਵਾਸੀ ਵੀ ਹਾਜ਼ਰ ਸਨ।