ਰੇਸ਼ਮ ਕਲੇਰ, ਕਟਾਰੀਆਂ

ਭਾਰਤੀ ਜਨਤਾ ਪਾਰਟੀ ਅਤੇ ਆਰਐੱਸਐੱਸ ਲੰਬੇ ਸਮੇਂ ਤੋਂ ਜਿਨਾਂ੍ਹ ਨਦੀਆਂ ਦੇ ਪਵਿੱਤਰ ਹੋਣ ਦਾ ਪ੍ਰਚਾਰ ਕਰਦੀ ਆ ਰਹੀਆਂ ਹਨ। ਉਨਾਂ੍ਹ ਦੀ ਪਵਿੱਤਰਤਾ ਖ਼ੁਦ ਇਨਾਂ੍ਹ ਨੇ ਹੀ ਭੰਗ ਕੀਤੀ ਹੈ। ਸੀਪੀਆਈ ਐੱਮ ਦੇ ਸੂਬਾਈ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਨਦੀਆਂ ਵਿੱਚੋਂ ਮਿਲੀਆਂ ਲਾਸ਼ਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਕਾ. ਸੇਖੋਂ ਨੇ ਕਿਹਾ ਕਿ ਸਦੀਆਂ ਤੋਂ ਗੰਗਾ ਅਤੇ ਜਮੁਨਾ ਨਦੀਆਂ ਨੂੰ ਪਵਿੱਤਰ ਮੰਨਿਆਂ ਜਾਂਦਾ ਹੈ ਅਤੇ ਇਨਾਂ੍ਹ ਦੇ ਪਵਿੱਤਰ ਹੋਣ ਬਾਰੇ ਲੰਬੇ ਸਮੇਂ ਤੋਂ ਭਾਜਪਾ ਅਤੇ ਆਰਐੱਸਐੱਸ ਪ੍ਰਚਾਰ ਕਰਦੀਆਂ ਆ ਰਹੀਆਂ ਹਨ। ਮੌਜੂਦਾ ਕੋਰੋਨਾ ਮਹਾਂਮਾਰੀ ਦੌਰਾਨ ਭਾਜਪਾ ਦੀ ਸਰਕਾਰ ਵਾਲੇ ਰਾਜਾਂ ਵਿਚ ਇਨਾਂ੍ਹ ਨਦੀਆਂ ਵਿੱਚੋਂ ਮਿਲੀਆਂ ਲਾਸ਼ਾਂ ਸਦਕਾ ਪਵਿੱਤਰਤਾ ਭੰਗ ਹੋਈ ਹੈ। ਜਿਸ ਲਈ ਭਾਜਪਾ ਤੇ ਆਰ ਐੱਸ ਐੱਸ ਪੂਰੀ ਤਰਾਂ੍ਹ ਜਿੰਮੇਵਾਰ ਹਨ। ਉਨਾਂ੍ਹ ਕਿਹਾ ਕਿ ਜਦੋਂ ਕੋਰੋਨਾ ਮਰੀਜ ਦੇ ਸੰਸਕਾਰ ਕਰਨ ਲਈ ਕਿੱਟਾਂ ਪਹਿਨ ਦੇ ਬਹੁਤ ਸਾਵਧਾਨੀ ਨਾਲ ਸੰਸਕਾਰ ਕੀਤੇ ਜਾ ਰਹੇ ਹਨ, ਉਸ ਸਮੇਂ ਨਦੀਆਂ ਵਿਚ ਲਾਸ਼ਾਂ ਤੈਰਦੀਆਂ ਵੇਖੀਆਂ ਗਈਆਂ। ਸੂਬਾ ਸਕੱਤਰ ਨੇ ਮੰਗ ਕੀਤੀ ਕਿ ਨਦੀਆਂ ਵਿਚ ਲਾਸ਼ਾ ਸੁੱਟਣ ਅਤੇ ਉਸ ਨਾਲ ਭਿਆਨਕ ਬੀਮਾਰੀ ਫੈਲਣ ਸਬੰਧੀ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਪੜਤਾਲ ਕਰਵਾ ਕੇ ਜ਼ਿੰਮੇਵਾਰ ਸਰਕਾਰਾਂ ਤੇ ਅਧਿਕਾਰੀਆਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇ। ਸੂਬਾਈ ਸਕੱਤਰ ਨੇ ਕਿਹਾ ਕਿ ਇਸ ਭਿਆਨਕ ਦੌਰ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਜੋ ਜ਼ਿੰਮੇਵਾਰੀਆਂ ਸਨ, ਉਨਾਂ੍ਹ ਨਹੀਂ ਨਿਭਾਈਆਂ। ਨਕਲੀ ਵੈਟੀਲੇਟਰ ਤੇ ਜਾਅਲੀ ਦਵਾਈਆਂ ਸਪਲਾਈ ਹੁੰਦੀਆਂ ਰਹੀਆਂ, ਜਿੰਦਗੀ ਮੌਤ ਨਾਲ ਘੋਲ ਕਰਦੇ ਮਰੀਜ਼ਾਂ ਨੂੰ ਲੋੜੀਂਦੀ ਆਕਸੀਜਨ ਨਾ ਮਿਲ ਸਕੀ। ਬੀਮਾਰੀ ਰੋਕਣ ਲਈ ਲੋੜ ਅਨੁਸਾਰ ਵੈਕਸੀਨ ਨਹੀਂ ਦਿੱਤੀ ਗਈ। ਕਿਸਾਨ ਅੰਦੋਲਨ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿਚ ਕਾ. ਸੇਖੋਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨ ਸੰਘਰਸ ਕਮਜੋਰ ਹੋਣ ਦਾ ਭੁਲੇਖਾ ਦੂਰ ਕਰਕੇ ਤੁਰੰਤ ਸਾਫ਼ ਮਨ ਨਾਲ ਗੱਲਬਾਤ ਅਰੰਭ ਕਰੇ। ਉਨਾਂ੍ਹ ਕਿਹਾ ਖੇਤੀ ਨੂੰ ਬਚਾਉਣ ਲਈ ਤਿੰਨੇ ਕਾਲੇ ਕਾਨੂੰਨ ਰੱਦ ਕੀਤੇ ਜਾਣ ਅਤੇ ਘੱਟੋ ਘੱਟ ਸਮਰਥਨ ਮੁੱਲ ਲਾਗੂ ਕਰਨ ਬਾਰੇ ਸਖ਼ਤ ਕਾਨੂੰਨ ਬਣਾਇਆ ਜਾਵੇ। ਉਨਾਂ੍ਹ ਕਿਹਾ ਕਿ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਗੋਲਡਨ ਹੱਟ ਢਾਬੇ ਨੂੰ ਫੇਲ੍ਹ ਕਰਨ ਦੇ ਮਨਸੂਬੇ ਨਾਲ ਕੀਤੀ ਕਾਰਵਾਈ ਇੱਕ ਹਲਕੀ ਕੋਝੀ ਹਰਕਤ ਹੈ, ਜੋ ਕਿਸਾਨ ਅੰਦੋਲਨ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਗਈ ਹੈ, ਪਰ ਅਜਿਹੀਆਂ ਸਾਜਿਸ਼ਾਂ ਸਫ਼ਲ ਨਹੀਂ ਹੋਣਗੀਆਂ। ਪੰਜਾਬ ਦੀ ਕੈਪਟਨ ਸਰਕਾਰ ਤੇ ਵਰ੍ਹਦਿਆਂ ਉਨਾਂ੍ਹ ਕਿਹਾ ਕਿ ਅੱਜ ਦੇ ਭਿਆਨਕ ਦੌਰ ਵਿਚ ਗੁਜਰ ਰਹੇ ਪੰਜਾਬ ਵਾਸੀਆਂ ਨੂੰ ਰਾਹਤ ਦੇਣ ਲਈ ਰਾਜ ਸਰਕਾਰ ਨੂੰ ਆਪਣੀ ਜੁਮੇਵਾਰੀ ਤੇ ਫ਼ਰਜ ਨਿਭਾਉਣ ਵੱਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਲੋਕਾਂ ਦਾ ਧਿਆਨ ਲਾਂਭੇ ਕਰਨ ਵਾਲੇ ਬੇਫਾਇਦੇ ਮੁੱਦੇ ਨਹੀਂ ਉਛਾਲਣੇ ਚਾਹੀਦੇ, ਪੰਜਾਬ ਦੇ ਲੋਕ ਜਾਗਰੂਕ ਹਨ ਹੁਣ ਗੱਲਾਂ ਵਿਚ ਨਹੀਂ ਆਉਣ ਵਾਲੇ।