ਹਰਵਿੰਦਰ ਸਿੰਘ, ਨਵਾਂਸ਼ਹਿਰ

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅੱਜ ਨਿੱਜੀ ਕਾਲਜ ਵੱਲੋਂ ਫੀਸਾਂ ਦੀ ਵਸੂਲੀ ਵਿਚ ਕੀਤੀ ਜਾ ਰਹੀ ਜਬਰਦਸਤੀ ਤੋਂ ਨਾਰਾਜ਼ ਵਿਦਿਆਰਥੀਆਂ ਨੇ ਅੱਜ ਬੀਐੱਲਐੱਮ ਗਰਲਜ਼ ਕਾਲਜ ਵਿਖੇ ਨਾਅਰੇਬਾਜੀ ਕੀਤੀ ਗਈ। ਪੀਐੱਸਯੂ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਮਲਦੀਪ ਮੱਲੂਪੋਤਾ, ਜ਼ਿਲ੍ਹਾ ਆਗੂ ਰਾਜੂ ਬਰਨਾਲਾ, ਰੋਹਿਤ ਚੌਹਾਨ ਨੇ ਕਿਹਾ ਕਿ ਇਕ ਲੜਕੀਆਂ ਦੇ ਨਿੱਜੀ ਕਾਲਜ ਦੀ ਪਿ੍ਰੰਸੀਪਲ ਨੇ ਸਮਝੌਤੇ ਦੀ ਉਲੰਘਣਾ ਕਰਕੇ ਵਿਦਿਆਰਥੀਆਂ ਤੋਂ ਜਬਰੀ ਫੀਸ ਵਸੂਲਣ ਲਈ ਦਬਾਅ ਪਾਇਆ ਜਾ ਰਿਹਾ ਅਤੇ ਵਿਦਿਆਰਥੀ ਪਰੇਸ਼ਾਨ ਹੋ ਕੇ ਪੜ੍ਹਾਈ ਛੱਡਣ ਲਈ ਮਜਬੂਰ ਹੋ ਰਹੇ ਹਨ। ਜਿਸ ਕਰਕੇ ਰੋਸ ਵੱਜੋਂ ਵਿਦਿਆਰਥੀਆਂ ਨੇ ਕਾਲਜ ਦੇ ਬਾਹਰ ਰੈਲੀ ਕਰਕੇ ਰੋਸ ਜਤਾਇਆ ਅਤੇ ਸੰਘਰਸ਼ ਦਾ ਐਲਾਨ ਕੀਤਾ। ਆਗੂਆਂ ਨੇ ਕਿਹਾ ਕਿ ਕਾਲਜ ਪਿ੍ਰੰਸੀਪਲ ਪਹਿਲਾ ਮੀਟਿੰਗ ਵਿਚ ਮੰਨ ਕੇ ਆਈ, ਅਸੀਂ ਸਮਝੌਤੇ ਨੂੰ ਕਾਲਜ ਵਿਚ ਲਾਗੂ ਕਰਾਂਗੇ। ਪਰ ਹੁਣ ਪਿ੍ਰੰਸੀਪਲ ਨੇ ਸਮਝੌਤੇ ਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕਾਲਜ ਦੇ ਬਹੁਤ ਸਾਰੇ ਐੱਸਸੀ ਵਿਦਿਆਰਥੀ ਪੂਰੀ ਫੀਸ ਨਹੀਂ ਦੇ ਸਕਦੇ। ਜਿਸ ਕਰਕੇ ਉਹ ਪੜ੍ਹਾਈ ਛੱਡਣ ਲਈ ਮਜਬੂਰ ਹਨ ਪਰ ਪਿ੍ਰੰਸੀਪਲ ਆਪਣੇ ਵਤੀਰੇ 'ਤੇ ਅੜੀ ਹੋਈ ਹੈ। ਨਵਾਂਸ਼ਹਿਰ ਦਾ ਪ੍ਰਸ਼ਾਸਨ ਵੀ ਜ਼ਿਲ੍ਹੇ ਵਿਚ ਪੋਸਟ ਮੈਟਿ੍ਕ ਸਕਾਲਰਸ਼ਿੱਪ ਸਕੀਮ ਨੂੰ ਲਾਗੂ ਕਰਵਾਉਣ ਵਿਚ ਫੇਲ੍ਹ ਰਿਹਾ ਤੇ ਸੰਘਰਸ਼ ਨੂੰ ਦਬਾਉਣ ਲਈ ਵਿਦਿਆਰਥੀਆਂ 'ਤੇ ਪਰਚੇ ਕਰ ਰਿਹਾ ਹੈ। ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇ ਜ਼ਿਲ੍ਹੇ ਵਿਚ ਪੋਸਟ ਮੈਟਿ੍ਕ ਸਕਾਲਰਸ਼ਿੱਪ ਸਕੀਮ ਨੂੰ ਪੂਰਨ ਤੌਰ 'ਤੇ ਲਾਗੂ ਨਹੀਂ ਕੀਤਾ ਤਾਂ ਬਹੁਤ ਜਲਦੀ ਹੀ ਡੀਸੀ ਰਿਹਾਇਸ਼ ਦਾ ਿਘਰਾਓ ਕੀਤਾ ਜਾਵੇਗਾ। ਇਸ ਮੌਕੇ ਵਿਦਿਆਰਥੀ ਨਿਸ਼ਾ, ਅੰਜਲੀ, ਅਮਰਿੰਦਰ ਕੌਰ, ਮਨਪ੍ਰਰੀਤ, ਨਵਦੀਪ ਕੌਰ, ਰੀਤਿਕਾ, ਸਪਨਾ, ਸੁਨੀਤਾ, ਹਰਦੀਪ ਆਦਿ ਵੀ ਹਾਜ਼ਰ ਸਨ।

ਡੀਸੀ, ਪੀਐੱਸਯੂ ਤੇ ਕਾਲਜ ਮੈਨੇਜਮੈਂਟ ਵਿਚਾਲੇ ਹੋਇਆ ਸੀ ਫੈਸਲਾ

ਜ਼ਿਕਰਯੋਗ ਹੈ ਕਿ 1 ਅਕਤੂਬਰ 2020 ਨੂੰ ਡੀਸੀ ਡਾ. ਸ਼ੇਨਾ ਅਗਰਵਾਲ ਦੀ ਅਗਵਾਈ ਹੇਠ ਕਾਲਜ ਮੈਨਜਮੈਟਾਂ ਅਤੇ ਪੀਐੱਸਯੂ ਆਗੂਆ ਅਤੇ ਮੈਬਰਾਂ ਸਮੇਤ ਕਾਲਜ ਦੇ ਵਿਦਿਆਰਥੀਆਂ ਦੀ ਹਾਜ਼ਰੀ ਵਿਚ ਇਹ ਫੈਸਲਾ ਹੋਇਆ ਸੀ। ਜਿਸ ਤਹਿਤ ਐੱਸਸੀ ਵਿਦਿਆਰਥੀ ਤੋਂ ਕਾਲਜ ਵਾਲੇ ਸਿਰਫ ਪੰਜ ਹਜ਼ਾਰ ਰੁਪਏ ਕਾਲਜ ਫੀਸ ਅਤੇ ਯੂਨੀਵਰਸਿਟੀ ਦੀ ਜੋ ਬਣਦੀ ਫੀਸ ਹੀ ਲੈਣਗੇ। ਇਸ ਤੋਂ ਇਲਾਵਾ ਕੋਈ ਫੀਸ ਅਤੇ ਫੰਡ ਨਹੀਂ ਲੈਣਗੇ।