ਜਗਤਾਰ ਮਹਿੰਦੀਪੁਰੀਆ, ਬਲਾਚੌਰ : ਕੋਰੋਨਾ ਮਹਾਮਾਰੀ ਦੌਰਾਨ ਆਈ ਆਰਥਿਕ ਮੰਦੀ ਦੀ ਬਦੌਲਤ ਗਰੀਬ ਮੱਧਵਰਗੀ ਪਰਿਵਾਰਾਂ ਤੋਂ ਹੋਰ ਬਿਮਾਰੀਆਂ ਦਾ ਇਲਾਜ਼ ਕਰਵਾਉਣਾ ਪਹੁੰਚ ਤੋਂ ਬਾਹਰ ਦੀ ਗੱਲ ਹੋ ਰਹੀ ਹੈ ਜਿਸ ਪ੍ਰਤੀ ਸਮਾਜ ਸੇਵੀ ਚੈਰੀਟੇਬਲ ਸੰਸਥਾਵਾਂ ਹੀ ਗਰੀਬ ਲੋਕਾਂ ਨੂੰ ਘੱਟ ਖਰਚੇ 'ਤੇ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਵੱਡੀ ਭੂਮਿਕਾ ਨਿਭਾ ਸਕਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਗਰਾਂ ਕੁੱਲਪੁਰ ਦੇ ਮੁੱਖ ਸੇਵਾਦਾਰ ਬੀਬੀ ਸੁਸ਼ੀਲ ਕੌਰ ਨੇ ਜਾਣਕਾਰੀ ਦਿੰਦੇ ਹੋਏ ਕੀਤਾ। ਉਨ੍ਹਾਂ ਦੱਸਿਆ ਕਿ ਬਾਬਾ ਬੁੱਧ ਸਿੰਘ ਜੀ ਢਾਹਾਂ ਵੱਲੋਂ ਕੰਢੀ ਬੀਤ ਦੇ ਲੋਕਾਂ ਲਈ ਬੁੱਧ ਸਿੰਘ ਨਗਰ ਕੁੱਕੜਮਾਜਰਾ ਨੇੜੇ (ਚਾਂਦਪੁਰ ਰੁੜਕੀ ਮੋੜ) ਵਿਖੇ ਸਥਾਪਿਤ ਕੀਤੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਦੇ ਸਮੁੱਚੇ ਡਾਕਟਰੀ ਪੈਰਾਮੈਡੀਕਲ ਸਟਾਫ ਨੇ ਕੋਰੋਨਾ ਮਹਾਂਮਾਰੀ ਦੀ ਪ੍ਰਵਾਹ ਕੀਤੇ ਬਿਨਾਂ ਲਗਾਤਾਰ ਦਿਨ ਰਾਤ ਦਿੱਤੀਆਂ ਸੇਵਾਵਾਂ ਨਾਲ ਹਰ ਵਰਗ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਚੰਗੀਆਂ ਸਿਹਤ ਅਤੇ ਵਿਦਿਅਕ ਸਹੂਲਤਾਂ ਦਾ ਹੋਣਾ ਲਾਜ਼ਮੀ ਹੈ ਜੋ ਕਿ ਆਮ ਲੋਕਾਂ ਦੀ ਪਹੁੰਚ ਵਿਚ ਹੋਣ। ਕੋਰੋਨਾ ਮਹਾਂਮਾਰੀ ਦੇ ਇਸ ਚੱਲ ਰਹੇ ਦੌਰ 'ਚ ਆਮ ਲੋਕਾਂ 'ਚ ਸਿਹਤ ਪ੍ਰਤੀ ਜਾਗਰੁਕਤਾ ਦੀ ਘਾਟ ਅਤੇ ਬਹੁਤੇ ਮਰੀਜ਼ਾਂ ਕੋਲ ਅਜਿਹੇ ਸਾਧਨ ਨਹੀਂ ਹਨ ਜੋ ਮਹਿੰਗੇ ਹਸਪਤਾਲਾਂ ਵਿਚ ਆਪਣਾ ਇਲਾਜ਼ ਕਰਵਾ ਸਕਣ। ਉਨ੍ਹਾਂ ਇਸ ਗੱਲ 'ਤੇ ਤਸੱਲੀ ਪ੍ਰਗਟਾਈ ਕਿ ਟਰੱਸਟ ਵੱਲੋਂ ਅਜਿਹੇ ਮਰੀਜ਼ਾਂ ਦੇ ਇਲਾਜ਼ ਲਈ ਜਿੱਥੇ ਪਹਿਲਾਂ ਵਾਂਗ ਹੋਰ ਵੀ ਜ਼ਿੰਮੇਵਾਰੀ ਨਾਲ ਕੀਤੇ ਉਪਰਾਲੇ ਨਾਲ ਬਹੁਤ ਘੱਟ ਖਰਚੇ ਤੇ ਅਤੇ ਲੋੜਵੰਦ ਲੋਕਾਂ ਦਾ ਬਿਲਕੁਲ ਮੁਫ਼ਤ ਇਲਾਜ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਹਸਪਤਾਲ 'ਚ ਛੇ ਵੱਖ-ਵੱਖ ਮੈਡੀਕਲ ਵਿਭਾਗ ਮਾਹਰ ਡਾਕਟਰਾਂ ਦੀ ਦੇਖ ਰੇਖ ਹੇਠ ਚੱਲ ਰਹੇ ਹਨ। ਜਿਨ੍ਹਾਂ ਵਿਚ ਮੈਡੀਕਲ ਵਿਭਾਗ, ਅੱਖਾਂ, ਅੌਰਤਾਂ, ਦੰਦਾਂ, ਜਨਰਲ ਤੇ ਲੈਪ੍ਰਰੋਸਕਪਿਕ ਸਰਜਰੀ ਅਤੇ ਅਤਿ ਆਧੁਨਿਕ ਡਾਇਲਸਿਸ ਸੈਂਟਰ ਦੇ ਨਾਲ ਨਾਲ ਹਾਈ ਟੈਕ ਲੈਬ ਐਕਸਰੇ ਈਸੀਜੀ ਅਤੇ 24 ਘੰਟੇ ਐਂਬੂਲੈਂਸ ਦੀ ਸਹੂਲਤ ਵੀ ਮਹੱੁਈਆ ਹੈ। ਜਿਸ ਦਾ ਕੰਢੀ/ਬੀਤ ਦੇ ਲੋਕਾਂ ਨੂੰ ਲਾਭ ਲੈਣਾ ਚਾਹੀਦਾ ਹੈ।