ਅਸ਼ਵਨੀ ਵਰਮਾ, ਕਾਠਗੜ੍ਹ : ਹੈੱਲਥ ਕੈਂਪਸ ਫੈਕਟਰੀ ਪ੍ਰਬੰਧਕਾਂ ਦੀ ਧੱਕੇਸ਼ਾਹੀ ਤੇ ਪੁਲਿਸ ਦੀ ਗੈਰ ਜ਼ਿੰਮੇਵਾਰੀ ਵਿਰੁੱਧ ਲਗਾਤਾਰ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਨ ਸਿੰਘ ਰਾਣਾ ਜਨਰਲ ਸਕੱਤਰ ਕੰਢੀ ਸੰਘਰਸ਼ ਕਮੇਟੀ ਨੇ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੱਕਾ ਮੋਰਚਾ ਅਗਲੇ ਹਫਤੇ ਸ਼ੁਰੂ ਕੀਤਾ ਜਾਵੇਗਾ ਤੇ ਸਮੂਹ ਜਥੇਬੰਦੀਆਂ ਆਪਣੇ ਪੱਧਰ 'ਤੇ ਤਿਆਰੀ ਵਿਚ ਲੱਗ ਜਾਣ। ਬਾਕੀ ਸਾਰੇ ਹੋਰ ਐਲਾਨ ਹੋਰ ਜਥੇਬੰਦੀਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਮੰਗਲਵਾਰ ਨੂੰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹੈੱਲਥ ਕੈਂਪਸ ਦੇ ਪ੍ਰਬੰਧਕ ਲਿਖਤ ਕੀਤੇ ਸਮਝੌਤੇ ਨੂੰ ਤੁਰੰਤ ਲਾਗੂ ਕਰਕੇ ਗੇਟ ਬੰਦ ਕੀਤੇ ਕਿਰਤੀਆਂ ਨੂੰ ਸਮੇਤ ਉਜ਼ਰਤ ਕੰਮ 'ਤੇ ਵਾਪਸ ਲੈਣ ਅਤੇ ਕਿਰਤ ਕਾਨੂੰਨਾਂ ਦੀ ਪਾਲਨਾ ਕਰਨ। ਸਾਥੀ ਕੁਲਵਿੰਦਰ ਸਿੰਘ 'ਤੇ ਜਾਨ ਲੇਵਾ ਹਮਲਾ ਕਰਕੇ ਅਪਾਹਜ ਬਣਾਉਣ ਵਾਲੇ ਮੁਲਜ਼ਮਾਂ ਨੂੰ ਪੁਲਿਸ ਤੁਰੰਤ ਗਿ੍ਫ਼ਤਾਰ ਕਰੇ। ਇਸ ਮਾਮਲੇ 'ਚ ਪੁਲਿਸ ਮੁਲਜ਼ਮਾਂ ਨੂੰ ਬਚਾਉਣ ਲਈ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ ਅਤੇ ਜ਼ਿੰਮੇਵਾਰੀ ਨਹੀਂ ਨਿਭਾ ਰਹੀ। ਡੀਐੱਸਪੀ ਬਲਾਚੌਰ ਨੇ ਪੜਤਾਲ ਮੁਕੰਮਲ ਕਰ ਲਈ ਪਰ ਕੇਸ ਕਿਸੇ ਹੋਰ ਅਧਿਕਾਰੀ ਹਵਾਲੇ ਕਰ ਦਿੱਤਾ। ਉਸ ਅਧਿਕਾਰੀ ਨੇ ਤਿੰਨ ਹਫ਼ਤੇ ਬੀਤ ਜਾਣ ਤੋਂ ਬਾਅਦ ਵੀ ਮੁਲਜ਼ਮਾਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਅਤੇ ਪੀੜਤ ਧਿਰ ਨੂੰ ਜਾਣਬੁੱਝ ਕੇ ਇਨਸਾਫ ਦੇਣ ਵਿਚ ਦੇਰੀ ਕੀਤੀ ਜਾ ਰਹੀ ਹੈ। ਯੂਨੀਅਨ ਦੇ ਆਗੂ ਜਗਦੀਸ਼ ਰਾਮ ਤੇ ਹੋਰ ਸੀਨੀਅਰ ਆਗੂਆਂ ਤੇ ਬਣਾਏ ਝੂਠੇ ਕੇਸ ਵਾਪਸ ਲਏ ਜਾਣ। ਉਨ੍ਹਾਂ ਕਿਹਾ ਕਿ ਕਿਰਤੀ ਧਿਰ ਦੇ ਆਗੂਆਂ ਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਧਮਕਾਉਣ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਸੇ ਤਰ੍ਹਾਂ ਮਾਈਨਿੰਗ ਮਾਫੀਆ ਅਤੇ ਨਸ਼ਾ ਮਾਫੀਆ ਖ਼ਿਲਾਫ਼ ਸਖਤ ਕਦਮ ਪੁੱਟੇ ਜਾਣ ਤੇ ਸਨਅਤੀ ਖੇਤਰ ਵਿਚ ਪੈਦਾ ਹੋ ਰਹੇ ਹਵਾ-ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਦੀ ਵੀ ਮੰਗ ਕੀਤੀ। ਇਸ ਮੌਕੇ ਸਾਥੀ ਕਰਨੈਲ ਸਿੰਘ ਭਅਲਾ, ਸਵਰਨ ਸਿੰਘ ਨੰਗਲ, ਸੁਖਜਿੰਦਰ ਸਿੰਘ ਰਾਏਪੁਰ, ਜਗਦੀਸ਼ ਰਾਮ, ਪਰਮਜੀਤ ਸਿੰਘ, ਸਤਪਾਲ ਬਣਾ ਆਦਿ ਵੀ ਹਾਜ਼ਰ ਸਨ।