ਪ੍ਰਦੀਪ ਭਨੋਟ, ਨਵਾਂਸ਼ਹਿਰ : ਸ਼ਹੀਦ ਭਗਤ ਸਿੰਘ ਨਗਰ ਦੇ ਜੱਦੀ ਪਿੰਡ ਖਟਕੜ ਕਲਾਂ 'ਚ ਸ਼ਹੀਦ ਦੀ ਯਾਦ 'ਚ ਸਮਾਰਕ ਤਾਂ ਬਣਾ ਦਿੱਤਾ ਹੈ ਪਰ ਕੇਂਦਰ ਦੀ ਭਾਜਪਾ ਤੇ ਸੂਬੇ ਦੀ ਕਾਂਗਰਸ ਸਰਕਾਰ ਦੀ ਲਾਪਰਵਾਹੀ ਕਾਰਨ ਸਾਢੇ 11 ਸਾਲ ਪੂਰੇ ਹੋਣ 'ਤੋਂ ਬਾਅਦ ਵੀ ਇਸ ਦਾ ਪਹਿਲੇ ਪੜਾਅ ਦਾ ਕੰਮ ਵੀ ਪੂਰਾ ਨਹੀਂ ਹੋ ਸਕਿਆ ਹੈ।

ਸ਼ਹੀਦ ਦੀ ਸਮਾਰਕ ਨੂੰ ਨੇਪਰੇ ਚੜ੍ਹਾਉਣ 'ਚ ਦਿਖਾਈ ਜਾ ਰਹੀ ਢਿੱਲੀ ਕਾਰਗੁਜ਼ਾਰੀ ਆਪ ਮੁਹਾਰੇ ਸ਼ਹੀਦਾਂ ਦੇ ਸਨਮਾਨ ਦੀ ਸਥਿਤੀ ਬਿਆਨ ਕਰਦੀ ਹੈ। 18 ਕਰੋੜ ਰੁਪਏ ਦੀ ਲਾਗਤ ਨਾਲ ਸ਼ਹੀਦ ਭਗਤ ਸਿੰਘ ਸਮਾਰਕ ਤੇ ਮਿਊਜ਼ੀਅਮ ਅੱਠ ਸਾਲ ਦੇ ਲੰਮੇ ਸਮੇਂ ਤੋਂ ਬਾਅਦ ਤਿਆਰ ਹੋਇਆ ਹੈ। ਇਹ ਸਮਾਰਕ ਤੇ ਮਿਊਜ਼ੀਅਮ ਸਾਡੀ ਨੌਜਵਾਨ ਪੀੜੀ ਨੂੰ ਸ਼ਹੀਦ ਦੇ ਜੀਵਨ ਬਾਰੇ ਪੰਛੀ ਝਾਤ ਮਾਰਦਾ ਹੈ, ਜਿਸ 'ਚ ਉਨ੍ਹਾਂ ਦੀਆਂ ਯਾਦਾਂ ਨੂੰ ਸੰਭਾਲਿਆ ਗਿਆ ਹੈ।

ਪ੍ਰਾਜੈਕਟ ਦੇ ਤਿੰਨ ਮੁੱਖ ਹਿੱਸੇ ਹਨ

ਇਸ ਪ੍ਰਾਜੈਕਟ ਦੇ ਤਿੰਨ ਮੁੱਖ ਹਿੱਸੇ ਹਨ। ਪਹਿਲੇ ਹਿੱਸੇ 'ਚ ਮਿਊਜ਼ੀਅਮ 'ਚ ਉਨ੍ਹਾਂ ਵੱਲੋਂ ਦੇਸ਼ ਦੀ ਆਜ਼ਾਦੀ ਸਬੰਧੀ ਕੀਤੇ ਸੰਘਰਸ਼ ਨਾਲ ਸਬੰਧਤ ਚੀਜ਼ਾਂ ਵੇਖਣਯੋਗ ਹਨ, ਉੱਥੇ ਹੀ ਆਜ਼ਾਦੀ ਅੰਦੋਲਨ ਤੇ ਅਜ਼ਾਦੀ ਸੰਗਰਾਮੀਆਂ, ਯੋਧਿਆਂ ਦੀਆਂ ਤਸਵੀਰਾਂ, ਦਸਤਾਵੇਜ ਤੇ ਆਰਟ ਗੈਲਰੀ ਦੀ ਵਰਤੋਂ ਕੀਤੀ ਗਈ ਹੈ।

ਮਹਾਰਾਜਾ ਰਣਜੀਤ ਸਿੰਘ ਦੀ ਰੋਪੜ ਸੰਧੀ ਦੀਆਂ ਤਸਵੀਰਾਂ, ਕੂਕਾ ਲਹਿਰ, ਕਾਮਾ ਗਾਟਾ ਮਾਰੂ ਦੀ ਤਸਵੀਰ, ਭਗਤ ਸਿਘ ਦੇ ਜਨਮ ਸਬੰਧੀ ਤਸਵੀਰਾਂ ਤੋਂ ਇਲਾਵਾ ਉਨ੍ਹਾਂ ਦੀ ਜਨਮ ਕੁੰਡਲੀ, ਉਨ੍ਹਾਂ ਦੇ ਜੀਵਨ ਨਾਲ ਸਬੰਧਤ ਲਾਹੌਰ ਨੈਸ਼ਨਲ ਕਾਲਜ, ਲਾਹੌਰ ਦਾ ਪੁਲਿਸ ਹੈੱਡ ਕੁਆਟਰ ਜਿੱਥੇ ਭਗਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਪੁਲਿਸ ਅਧਿਕਾਰੀ ਸਾਂਡਰਸ ਗੋਲੀ ਕਾਂਡ ਤਹਿਤ ਸਾਂਡਰਸ ਨੂੰ ਮਾਰ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ, ਲਾਹੌਰ ਰੇਲਵੇ ਸਟੇਸ਼ਨ ਤੋਂ ਆਪਣੀ ਪਛਾਣ ਬਦਲ ਕੇ ਹੈਟ (ਟੋਪੀ) ਪਾ ਕੇ ਉੱਥੋਂ ਬਚ ਕੇ ਬਾਹਰ ਆਉਂਦੇ ਹੋਏ, ਇਸ ਦੇ ਨਾਲ ਹੀ ਆਪਣੇ ਗੁਪਤ ਟਿਕਾਣੇ 'ਤੇ ਆਜ਼ਾਦੀ ਅੰਦੋਲਨ ਲਈ ਬਣਾਈ ਯੋਜਨਾ ਦਾ ਮਾਡਲ ਨਾਲ ਦਰਸਾਇਆ ਗਿਆ ਹੈ। ਇਸ ਮਿਊਜ਼ੀਅਮ 'ਚ ਅਜ਼ਾਦੀ ਘੁਲਾਟੀਏ ਗੇਟ ਵੇਅ ਬਣਾਇਆ ਗਿਆ ਹੈ, ਜਿਸ 'ਚ 32 ਇੰਚ ਦੀਆਂ 124 ਐੱਲਈਡੀ ਰਾਹੀਂ ਦੇਸ਼ ਦੇ ਸ਼ਹੀਦਾਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ।

ਅਜੇ ਪਹਿਲਾ ਹਿੱਸਾ ਹੀ ਹੋਇਆ ਹੈ ਪੂਰਾ : ਮੈਨੇਜਰ ਯੋਧ ਸਿੰਘ

ਸ਼ਹੀਦ ਭਗਤ ਸਿੰਘ ਯਾਦਗਾਰੀ ਸਮਾਰਕ ਤੇ ਮਿਊਜ਼ੀਅਮ ਦੇ ਮੈਨੇਜਰ ਯੋਧ ਸਿੰਘ ਦਾ ਕਹਿਣਾ ਹੈ ਕਿ ਮਿਊਜ਼ਅਮ ਤੇ ਸਮਾਰਕ ਦੇ ਤਿੰਨ ਹਿੱਸੇ ਸੀ, ਜਿਸ 'ਚ ਹਾਲੇ ਤਕ ਪਹਿਲਾ ਹਿੱਸਾ ਹੀ ਪੂਰਾ ਹੋਇਆ ਹੈ। ਉਨ੍ਹਾਂ ਕਿਹਾ ਕਿ ਦੂਸਰਾ ਤੇ ਤੀਜਾ ਹਿੱਸਾ ਪੂਰਾ ਕਰਨ ਦਾ ਫ਼ੈਸਲਾ ਵਿਭਾਗ ਨੇ ਕਰਨਾ ਹੈ ਕਿ ਇਹ ਕਦੋਂ ਬਣੇਗਾ। ਵਿਭਾਗ ਹੀ ਇਸ ਦਾ ਨਿਰਮਾਣ ਕਰਵਾਏਗਾ। ਪ੍ਰਰਾਜੈਕਟ ਪੂਰਾ ਹੋਣ ਤੋਂ ਬਾਅਦ ਹੀ ਇਹ ਲੋਕਾਂ ਲਈ ਖਿੱਚ ਦਾ ਕੇਂਦਰ ਬਣੇਗਾ। ਪ੍ਰਰਾਜੈਕਟ ਅਨੁਸਾਰ ਦੂਜੇ 'ਚ ਭੂ ਦਿ੍ਸ਼ ਤੇ ਤੀਜੇ ਹਿੱਸੇ 'ਚ ਖੋਜ ਕੇਂਦਰ ਬਣੇਗਾ।

ਕੋਵਿਡ-19 ਕਾਰਨ ਬੰਦ ਹੈ ਸੈਲਾਨੀਆਂ ਦੀ ਆਮਦ

ਸ਼ਹੀਦ ਭਗਤ ਸਿੰਘ ਯਾਦਗਾਰੀ ਸਮਾਰਕ ਤੇ ਮਿਊਜ਼ੀਅਮ ਦੇ ਮੈਨੇਜਰ ਯੋਧ ਸਿੰਘ ਦਾ ਕਹਿਣਾ ਹੈ ਕਿ ਦੇਸ਼ ਦੀ ਅਜ਼ਾਦੀ ਲਈ ਆਪਣੇ ਜੀਵਨ ਦਾ ਬਲੀਦਾਨ ਦੇਣ ਵਾਲੇ ਸ਼ਹੀਦ ਦੀ ਸਮਾਰਕ ਤੇ ਮਿਊਜ਼ੀਅਮ ਨੂੰ ਦੇਖਣ ਵਾਲਿਆਂ ਦੀ ਆਮਦ ਕੋਵਿਡ-19 ਕਾਰਨ 17 ਮਾਰਚ 2020 ਤੋਂ ਬੰਦ ਹੋ ਗਈ ਹੈ। ਜ਼ਿਕਰਯੋਗ ਹੈ ਕਿ ਉਦਘਾਟਨ ਤੋਂ ਬਾਅਦ ਇੱਥੇ ਪਹਿਲਾਂ 100 ਤੋਂ 150 ਦੇ ਕਰੀਬ ਰੋਜ਼ਾਨਾ ਲੋਕ ਆਉਂਦੇ ਸਨ ਤੇ ਸ਼ਨਿਚਰਵਾਰ ਤੇ ਐਤਵਾਰ ਨੂੰ ਜ਼ਿਆਦਾ ਭੀੜ ਹੁੰਦੀ ਸੀ। ਹੁਣ ਮਿਊਜ਼ੀਅਮ ਨੂੰ ਦੇਖਣ ਲਈ ਸਿਰਫ 50/60 ਲੋਕਾਂ ਦੇ ਕਰੀਬ ਹੀ ਆਉਂਦੇ ਸਨ।

ਸਰਕਾਰੀ ਤੇ ਨਿੱਜੀ ਕੰਪਨੀਆਂ ਦੀ ਬੱਸਾਂ ਨਹੀਂ ਰੁਕਦੀਆਂ

ਸੈਲਾਨੀਆਂ ਦੀ ਘਟ ਆਮਦ ਦਾ ਵੱਡਾ ਕਾਰਨ ਇਹ ਵੀ ਹੈ ਕਿ ਇੱਥੇ ਹੁਣ ਸਰਕਾਰੀ ਜਾਂ ਨਿੱਜੀ ਕੰਪਨੀ ਦੀਆਂ ਬੱਸਾਂ ਨਹੀਂ ਰੁਕਦੀਆਂ। ਇੱਥੇ ਹੀ ਬੱਸ ਨਹੀਂ ਸੁਵਿਧਾਵਾਂ ਦੇ ਨਾਮ 'ਤੇ ਵਿਭਾਗ ਵੱਲੋਂ ਸ਼ਹੀਦ ਦੇ ਮਿਊਜ਼ੀਅਮ 'ਚ ਬਣਾਈ ਕੰਟੀਨ ਵੀ ਠੇਕੇ 'ਤੇ ਨਹੀਂ ਦਿੱਤੀ ਗਈ, ਜਿਸ ਕਾਰਨ ਬਾਹਰ ਤੋਂ ਆਉਣ ਵਾਲੇ ਸੈਲਾਨੀਆਂ ਦਾ ਝੁਕਾਅ ਘਟਿਆ ਹੈ। ਹਾਲਾਂਕਿ ਜਿਸ ਸਮੇਂ 23 ਮਾਰਚ ਨੂੰ ਮਿਊਜ਼ੀਅਮ ਦਾ ਉਦਘਾਟਨ ਹੋਇਆ ਸੀ, ਤਾਂ ਇਸ ਇਤਿਹਾਸਕ ਸਥਾਨ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਉਣ ਦੀਆਂ ਗੱਲਾਂ ਕੀਤੀਆਂ ਗਈਆਂ ਸਨ। ਮਿਊਜ਼ੀਅਮ 'ਚ ਲੱਗੇ ਬੋਰਡ 'ਤੇ ਸ਼ਹੀਦ ਦਾ ਨਾਮ ਪੰਜਾਬੀ 'ਚ ਗਲਤ ਲਿਖਿਆ ਹੋਇਆ। ਜੋ ਕਿ ਠੀਕ ਕਰਵਾਉਣ ਵੱਲ ਕਿਸੇ ਦਾ ਧਿਆਨ ਨਹੀਂ ਹੈ।

55 ਹਜ਼ਾਰ ਸੈਲਾਨੀ ਮਿਊਜ਼ੀਅਮ 'ਚ ਆ ਚੁੱਕੇ ਹਨ

ਸ਼ਹੀਦਾਂ ਨਾਲ ਜੁੜੀਆਂ ਯਾਦਗਾਰਾਂ ਤੇ ਨਿਸ਼ਾਨੀਆਂ ਨੂੰ ਵੇਖਣ ਲਈ ਔਸਤਨ ਲੋਕ ਰੋਜ਼ਾਨਾ ਆ ਰਹੇ ਹੈ। ਹੁਣ ਤਕ ਕਰੀਬ ਕਰੀਬ 55 ਹਜ਼ਾਰ ਸੈਲਾਨੀ ਮਿਊਜ਼ੀਅਮ ਵਿਚ ਆ ਚੁੱਕੇ ਹੈ। ਮਿਊਜ਼ੀਅਮ ਦੇ ਸੰਚਾਲਕ ਯੋਧ ਪਾਲ ਸਿੰਘ ਨੇ ਦੱਸਿਆ ਕਿ ਛੁੱਟੀ ਵਾਲੇ ਦਿਨਾਂ 'ਚ ਮਿਊਜ਼ੀਅਮ 'ਚ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵੱਧ ਜਾਂਦੀ ਹੈ। ਜਦ ਕਿ ਸ਼ਹੀਦ ਦੇ ਸ਼ਹੀਦੀ ਦਿਵਸ, ਗਣਤੰਤਰ ਦਿਵਸ ਤੇ ਜਨਮ ਦਿਵਸ ਸਮਾਗਮਾਂ 'ਤੇ ਲੋਕਾਂ ਦੀ ਆਮਦ ਆਮ ਦਿਨਾਂ ਨਾਲੋਂ ਵੱਧ ਹੁੰਦੀ ਹੈ।

2009 'ਚ ਪੀ ਚਿਦੰਬਰਮ ਨੇ ਰੱਖਿਆ ਸੀ ਨੀਂਹ ਪੱਥਰ

ਸ਼ਹੀਦ ਭਗਤ ਸਿੰਘ ਸਮਾਰਕ ਤੇ ਮਿਊਜ਼ੀਅਮ ਦੇ ਨਿਰਮਾਣ ਪ੍ਰਾਜਕੈਟ ਦਾ ਨੀਂਹ ਪੱਥਰ ਫਰਵਰੀ 2009 'ਚ ਉਸ ਵੇਲੇ ਦੇ ਕੇਂਦਰੀ ਮੰਤਰੀ ਪੀ ਚਿਦੰਬਰਮ ਵੱਲੋਂ ਰੱਖਿਆ ਗਿਆ ਸੀ। ਇਸ ਪ੍ਰਾਜੈਕਟ ਲਈ 16 ਕਰੋੜ ਮਨਜੂਰ ਕੀਤੇ ਗਏ ਸਨ। ਸਮਾਰਕ ਨੂੰ 11 ਏਕੜ ਜ਼ਮੀਨ 'ਚ ਦੋ ਸਾਲਾ 'ਚ ਬਣਾਇਆ ਜਾਣਾ ਸੀ ਪਰ ਪ੍ਰਾਜੈਕਟ ਪ੍ਰਤੀ ਸਰਕਾਰ ਦੀ ਲਾਪਰਵਾਹੀ ਕਾਰਨ ਇਹ ਪ੍ਰਾਜੈਕਟ 9ਵੇਂ ਸਾਲ 'ਚ ਜਾ ਕੇ ਪੂਰਾ ਹੋਇਆ। ਇਸ ਪ੍ਰਾਜੈਕਟ 'ਚ ਸਾਲ 2017 'ਚ ਤੇਜੀ ਲਿਆਂਦੀ ਗਈ, ਜਦੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਤੇ ਸੰਸਕਿ੍ਤੀ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿਧੂ ਇੱਥੇ ਆਏ।

ਸੈਰ ਸਪਾਟਾ ਮੰਤਰੀ ਵੱਲੋਂ ਇਸ ਪਾਰਕ ਦੇ ਬਿਜਲੀ ਦਾ ਬਿੱਲ ਦੀ ਅਦਾਇਗੀ ਆਪਣੇ ਕੋਲੋਂ ਕੀਤੀ ਤੇ ਫੰਡ ਜਲਦੀ ਜਾਰੀ ਕਰਵਾਉਣ ਦਾ ਯਕੀਨ ਦਵਾਇਆ। ਇਸ ਤੋਂ ਬਾਅਦ 23 ਮਾਰਚ 2018 ਨੂੰ ਪ੍ਰਾਜੈਕਟ ਬਣ ਕੇ ਤਿਆਰ ਹੋਇਆ ਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ 'ਤੇ ਇਸ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਕਰ-ਕਮਲਾ ਨਾਲ ਕੀਤਾ ਗਿਆ ਸੀ।