ਨਰਿੰਦਰ ਮਾਹੀ, ਬੰਗਾ : ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਨਵਾਂਸਹਿਰ ਵੱਲੋਂ ਹੋਰ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਲੋਕ ਮੁਕਤੀ ਦੀ ਕ੍ਰਾਂਤੀਕਾਰੀ ਲਹਿਰ, ਸ਼ਹੀਦ ਭਗਤ ਸਿੰਘ ਅਤੇ ਟੋਡੀਪੁਣੇ ਦੀ ਨਿਰੰਤਰਤਾ ਵਿਸ਼ੇ 'ਤੇ ਸਮਾਗਮ ਕਰਵਾਇਆ। ਇਹ ਸਮਾਗਮ ਬੀਬੀ ਅਮਰ ਕੌਰ ਯਾਦਗਾਰੀ ਹਾਲ ਖਟਕੜ ਕਲਾਂ ਵਿਖੇ ਹੋਇਆ। ਮੁੱਖ ਬੁਲਾਰੇ ਪ੍ਰਗਤੀਸੀਲ ਲੇਖਕ ਸੰਘ ਭਾਰਤ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਾਮਰਾਜੀਆਂ ਵਿਰੁੱਧ ਲੜਨ ਵਾਲਾ ਨਿਧੜਕ ਯੋਧਾ ਸੀ। ਉਨਾਂ੍ਹ ਦੀ ਵਿਚਾਰਧਾਰਾ ਅੱਜ ਦੇ ਦੌਰ ਵਿਚ ਬੇਹੱਦ ਪ੍ਰਸੰਗਿਕ ਹੈ। ਪੋ੍. ਸੁਰਜੀਤ ਜੱਜ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜੋ ਲੋਕਤਾ ਲਈ ਅਤੇ ਲੋਕਾਂ ਦੇ ਹੱਕਾਂ ਦੀ ਬਹਾਲੀ ਲਈ ਆਪਣੀ ਜਾਨ ਕੁਰਬਾਨ ਕਰਦਾ ਹੈ ਉਹ ਕ੍ਰਾਂਤੀਕਾਰੀ ਹੁੰਦਾ ਹੈ ਅੱਤਵਾਦੀ ਨਹੀਂ। ਉਨਾਂ੍ਹ ਕਿਹਾ ਕਿ ਅੱਤਵਾਦੀ ਹੋਣ ਅਤੇ ਕ੍ਰਾਂਤੀਕਾਰੀ ਹੋਣ ਵਿਚ ਜੋ ਫਰਕ ਹੈ ਅੱਜ ਦੇ ਨੌਜਵਾਨ ਨੂੰ ਇਹ ਫਰਕ ਸਮਝਣ ਦੀ ਜ਼ਰੂਰਤ ਹੈ। ਪੋ੍. ਜਗਮੋਨਣ ਸਿੰਘ ਨੇ ਕਿਹਾ ਕਿ ਭਗਤ ਸਿੰਘ ਨੇ ਜਿੰਦਗੀ ਅਤੇ ਅਸੂਲ ਵਿੱਚੋਂ ਅਸੂਲਾਂ ਦੀ ਚੋਣ ਕੀਤੀ। ਭਗਤ ਸਿੰਘ ਨੇ ਹਮੇਸ਼ਾ ਪੂਰਨ ਅਜ਼ਾਦੀ ਦੀ ਗੱਲ ਕੀਤੀ। ਉਨਾਂ੍ਹ ਕਿਹਾ ਕਿ ਭਗਤ ਸਿੰਘ ਨੂੰ ਲੈ ਕੇ ਹੋ ਰਹੀ ਦੂਸ਼ਣਬਾਜੀ ਅਸਲ ਵਿਚ ਅੱਜ ਦੇ ਨੌਜਵਾਨਾਂ ਦੀ ਪ੍ਰਰੀਖਿਆ ਹੈ ਕਿ ਉਹ ਭਗਤ ਸਿੰਘ ਨੂੰ ਕਿੰਨਾ ਕੁ ਸਮਝ ਸਕੇ ਨੇ। ਮੰਚ ਸੰਚਾਲਨਾ ਤਲਵਿੰਦਰ ਸ਼ੇਰਗਿੱਲ ਨੇ ਕੀਤੀ। ਇਸ ਮੌਕੇ ਬੂਟਾ ਸਿੰਘ ਮਹਿਮੂਦਪੁਰ, ਗੁਰਬਚਨ ਸਿੰਘ ਸੈਣੀ, ਨੰਦ ਲਾਲ ਰਾਏਪੁਰ ਡੱਬਾ, ਹਰੀ ਰਾਮ ਰਸੂਲਪੁਰੀ, ਰਾਮਜੀ ਲਾਲ, ਬਲਜੀਤ ਖਟਕੜ, ਮਨਜੀਤ ਕੌਰ ਬੋਲਾ, ਨਰਿੰਦਰਜੀਤ ਖਟਕੜ, ਸੁਨੀਤਾ ਸ਼ਰਮਾ, ਧਰਮਿੰਦਰ ਮਸਾਣੀ, ਕਸ਼ਮੀਰੀ ਲਾਲ ਮੰਗੂਵਾਲ, ਖੁਸ਼ੀ ਰਾਮ ਗੁਣਾਚੌਰ, ਸਰਬਜੀਤ ਮੰਗੂਵਾਲ, ਸ਼ੀਤਲ ਰਾਮ ਬੰਗਾ, ਦੀਪ ਕਲੇਰ, ਪਰਮਜੀਤ ਚਾਹਲ, ਜਸਵੰਤ ਖਟਕੜ, ਗੁਰਦੀਪ ਸੈਣੀ, ਕ੍ਰਿਸ਼ਨ ਹੀਓਂ, ਸ਼ਿੰਗਾਰਾ ਲੰਗੇਰੀ, ਵਿੰਦ ਰਸਨ ਆਦਿ ਹਾਜ਼ਰ ਸਨ।