ਪ੍ਰਦੀਪ ਭਨੋਟ, ਨਵਾਂਸ਼ਹਿਰ : ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦੇ ਨਿਰਦੇਸ਼ਾਂ 'ਤੇ ਐੱਸਡੀਐੱਮ ਨਵਾਂਸ਼ਹਿਰ ਜਗਦੀਸ਼ ਸਿੰਘ ਜੋਹਲ ਵਲੋਂ ਤਹਿਸੀਲਦਾਰ ਨਵਾਂਸ਼ਹਿਰ ਅਦਿੱਤਿਆ ਗੁਪਤਾ ਤੇ ਨਾਇਬ ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ ਨੂੰ ਨਾਲ ਲੈ ਕੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਖੇਤ ਮਾਲਕਾਂ ਦੇ ਖੇਤੀਬਾੜੀ ਅਧਿਕਾਰੀਆਂ ਨੂੰ ਮੌਕੇ 'ਤੇ ਚਲਾਨ ਕਰਨ ਦੇ ਹੁਕਮ ਦਿੱਤੇ ਗਏ। ਇਸ ਮੌਕੇ ਜੋਹਲ ਨੇ ਕਿਹਾ ਕਿ ਸੁਪਰੀਮ ਕੋਰਟ ਅਤੇ ਨੈਸ਼ਨਲ ਗਰੀਨ ਟਿ੍ਬਿਊਨਲ ਵਲੋਂ ਪਰਾਲੀ ਨੂੰ ਅੱਗ ਨਾ ਲਾਉਣ ਦੀ ਰੋਕ ਲਾਈ ਗਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਧਾਰਾ 144 ਦੇ ਤਹਿਤ ਪਰਾਲੀ ਨੂੰ ਅੱਗ ਨਾ ਲਾਉਣ ਦੇ ਮਨਾਹੀ ਦੇ ਹੁਕਮ ਵੀ ਜਾਰੀ ਕੀਤੇ ਹੋਏ ਹਨ, ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਬਹੁਤ ਸਾਰੇ ਕਿਸਾਨ ਫਿਰ ਵੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ, ਜਿਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਮਹਿਰਮਪੁਰ, ਗਰਚਾ, ਗੜ੍ਹੀ ਭਾਰਟੀ, ਚਕਦਾਨਾ, ਕਮਾਮ, ਧਰਮਕੋਟ, ਧੈਂਗੜਪੁਰ, ਦੋਪਾਲਪੁਰ, ਕਾਜ਼ਮਪੁਰ, ਰਾਣੇਵਲ, ਸਲੇਮਪੁਰ, ਸੁਲਤਾਨਪੁਰ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਮੌਕੇ 'ਤੇ ਕਾਰਵਾਈ ਕਰਵਾਈ ਗਈ। ਇਸ ਤੋਂ ਇਲਾਵਾ ਖੇਤ ਮਾਲਕਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।