ਹਰਜਿੰਦਰ ਕੌਰ ਚਾਹਲ, ਬੰਗਾ : ਬੰਗਾ ਸਬ ਡਵੀਜ਼ਨ ’ਚ ਐਸ ਡੀ ਐਮ ਗੌਤਮ ਜੈਨ ਵੱਲੋਂ ਕਰਫ਼ਿਊ ਦੌਰਾਨ ਲੋੜਵੰਦ ਲੋਕਾਂ ਤੱਕ ਲੋੜੀਂਦਾ ਰਾਸ਼ਨ ਪਹੁੰਚਾਉਣ ਦੇ ਕਾਰਜ ਵਿੱਚ ਤੇਜ਼ੀ ਲਿਆਂਦੀ ਗਈ ਹੈ। ਸਬ ਡਵੀਜ਼ਨ ਪ੍ਰਸ਼ਾਸਨ ਵੱਲੋਂ ਅੱਜ ਸ਼ਾਮ ਤੱਕ 71 ਪਿੰਡਾਂ ’ਚ ਪਹੁੰਚ ਕਰ ਲਈ ਗਈ ਹੈ।

ਇਹ ਜਾਣਕਾਰੀ ਦਿੰਦਿਆਂ ਬੀਡੀਪੀਓ ਪ੍ਰਵੇਸ਼ ਗੋਇਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈਆਂ ਸੁੱਕੇ ਰਾਸ਼ਨ ਦੀਆਂ ਕਿੱਟਾਂ ਅਤੇ ਪੰਚਾਇਤਾਂ ਰਾਹੀਂ ਆਈ ਹੋਰ ਰਾਹਤ ਸਮੱਗਰੀ ਨੂੰ ਲੋੜਵੰਦ ਤੇ ਗਰੀਬ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਵੀ ਪਿਛਲੇ ਦਿਨਾਂ ’ਚ ਸਮੂਹ ਸਰਪੰਚਾਂ ਨੂੰ ਆਪੋ-ਆਪਣੇ ਪਿੰਡ ਦੇ ਗਰੀਬ ਤੇ ਲੋੜਵੰਦ ਲੋਕਾਂ ਜਿਨ੍ਹਾਂ ਨੂੰ ਕਰਫ਼ਿਊ ਕਾਰਨ ਰੋਟੀ-ਰੋਜ਼ੀ ਕਮਾਉਣ ਤੋਂ ਵਾਂਝੇ ਹੋਣਾ ਪਿਆ ਹੈ, ਤੱਕ ਤੁਰੰਤ ਪਹੁੰਚ ਕਰਨ ਦੇ ਹੁਕਮ ਦਿੱਤੇ ਗਏ ਹਨ।

ਡੀ ਡੀ ਪੀ ਓ ਸ਼ਹੀਦ ਭਗਤ ਸਿੰਘ ਨਗਰ ਜੋ ਕਿ ਅੱਜ ਲੋੜਵੰਦਾਂ ਨੂੰ ਸਮੱਗਰੀ ਦੀ ਵੰਡ ਕਰਨ ਬੰਗਾ ’ਚ ਪੁੱਜੇ ਹੋਏ ਸਨ, ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੁੱਚੇ ਪਿੰਡਾਂ ’ਚ ਸੈਨੀਟਾਈਜ਼ੇਸ਼ਨ ਦੀ ਮੁਹਿੰਮ ਨੂੰ ਸਫ਼ਲਤਾਪੂਰਵਕ ਚਲਾਉਣ ਬਾਅਦ ਹੁਣ ਇਨ੍ਹਾਂ ਪਿੰਡਾਂ ਦੇ ਲੋੜਵੰਦ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਦੀ ਜ਼ਿੰਮੇਂਵਾਰੀ ਨੂੰ ਤੇਜ਼ੀ ਨਾਲ ਨਿਭਾਇਆ ਜਾ ਰਿਹਾ ਹੈ।

ਐਸਡੀਐਮ ਬੰਗਾ ਗੌਤਮ ਜੈਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਿੱਥੇ ਸਮਰੱਥਾਵਾਨ ਲੋਕਾਂ ਲਈ ਰਾਸ਼ਨ ਦੀ ਸਪਲਾਈ ਯਕੀਨੀ ਬਣਾਉਣ ਲਈ ਪਿੰਡਾਂ ਦੇ ਸਰਪੰਚਾਂ ਨੂੰ ਨੇੜਲੇ ਰਾਸ਼ਨ ਸਟੋਰਾਂ/ਦੁਕਾਨਾਂ ਦੇ ਨੰਬਰ ਆਪੋ-ਆਪਣੇ ਪਿੰਡ ’ਚ ਲੋਕਾਂ ਨੂੰ ਅਨਾਊਂਸਮੈਂਟ ਜਾਂ ਹੋਰ ਢੰਗਾਂ ਰਾਹੀਂ ਦੱਸਣ ਦੀ ਹਦਾਇਤ ਕੀਤੀ ਗਈ ਹੈ, ਉੱਥੇ ਖੁਦ ਵੀ ਪੁਲਿਸ ਜਾਂ ਹੋਰ ਢੰਗਾਂ ਰਾਹੀਂ ਅਜਿਹੇ ਲੋਕਾਂ ਦੀ ਪਛਾਣ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਬੰਗਾ ਸਬ ਡਵੀਜ਼ਨ ’ਚ ਹਾਲਾਤ ਸਾਜ਼ਗਾਰ ਹੋਣ ਤੱਕ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਮੁੱਚਾ ਤਹਿਸੀਲ ਪ੍ਰਸ਼ਾਸਨ ਲੋਕਾਂ ਦੀ ਮੱਦਦ ’ਤੇ ਖੜ੍ਹਾ ਹੈ।

Posted By: Rajnish Kaur