ਪ੍ਰਦੀਪ ਭਨੋਟ, ਨਵਾਂਸ਼ਹਿਰ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅਨਾਜ ਮੰਡੀਆਂ ਦੇ ਲੇਬਰ ਕਾਰਟੇਜ਼ ਤੇ ਢੋਆ-ਢੁਆਈ (ਟਰਾਂਸਪੋਰਟ) ਦੇ ਟੈਂਡਰਾਂ ਅਤੇ ਕੰਮਾਂ 'ਚ ਘੁਟਾਲਾ ਕਰਨ ਸਬੰਧੀ ਕੀਤੀ ਪੜਤਾਲ ਦੌਰਾਨ ਮਹਿਕਮਾ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਸ਼ਹੀਦ ਭਗਤ ਸਿੰਘ ਨਗਰ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਅਤੇ ਖਰੀਦ ਏਜੰਸੀਆਂ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੀ ਠੇਕੇਦਾਰਾਂ ਨਾਲ ਆਪਸੀ ਮਿਲੀਭੁਗਤ ਰਾਹੀਂ ਘਪਲੇਬਾਜ਼ੀ ਸਾਹਮਣੇ ਆਈ, ਜਿਸ 'ਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਦੇ ਦੋਸ਼ਾਂ ਤਹਿਤ ਅੱਜ ਤਿੰਨ ਠੇਕੇਦਾਰਾਂ ਵਿਰੁੱਧ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਇਸ ਬਾਰੇ ਸ਼ਿਕਾਇਤ ਵਿੱਚ ਦਰਜ ਬਾਕੀ ਦੋਸ਼ਾਂ ਅਤੇ ਜ਼ਿਲ੍ਹੇ ਦੇ ਹੋਰ ਟੈਂਡਰਕਾਰਾਂ ਅਤੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀ ਭੂਮਿਕਾ ਨੂੰ ਮੁਕੱਦਮੇ ਦੀ ਤਫਤੀਸ਼ ਦੌਰਾਨ ਵਿਚਾਰਿਆ ਜਾਵੇਗਾ।

ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿੱਚ ਮਜ਼ਦੂਰੀ ਤੇ ਢੋਆ-ਢੁਆਈ ਦੇ ਟੈਂਡਰਾਂ ਅਤੇ ਕੰਮਾਂ ਵਿੱਚ ਮਿਲੀਭੁਗਤ ਰਾਹੀਂ ਹੋਈ ਘਪਲੇਬਾਜ਼ੀ ਸਬੰਧੀ ਪੜਤਾਲ ਕੀਤੀ ਉਪਰੰਤ ਦੋਸ਼ ਸਾਬਤ ਹੋਣ ਪਿੱਛੋਂ ਠੇਕੇਦਾਰ ਤੇਲੂ ਰਾਮ, ਠੇਕੇਦਾਰ ਯਸ਼ਪਾਲ ਅਤੇ ਠੇਕੇਦਾਰ ਅਜੈਪਾਲ ਵਾਸੀਆਨ ਪਿੰਡ ਊਧਣਵਾਲ, ਤਹਿਸੀਲ ਬਲਾਚੌਰ ਖਿਲਾਫ਼ ਥਾਣਾ ਵਿਜੀਲੈਂਸ ਬਿਊਰੋ ਜਲੰਧਰ ਵਿਖੇ ਦਰਜ ਕੀਤਾ ਗਿਆ।

ਦੱਸਣਯੋਗ ਹੈ ਕਿ ਉਪਰੋਕਤ ਮੁਕੱਦਮੇ ਦੇ ਮੁਲਜ਼ਮ ਤੇਲੂ ਰਾਮ, ਯਸ਼ਪਾਲ ਅਤੇ ਅਜੈਪਾਲ ਵੱਲੋਂ ਇਸ ਤਰ੍ਹਾਂ ਦੀਆਂ ਘਪਲੇਬਾਜ਼ੀਆਂ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਨਾਮ ਉਪਰ ਕਾਫੀ ਜਾਇਦਾਦਾਂ ਬਣਾਈਆਂ ਹੋਈਆਂ ਹਨ, ਜਿਨ੍ਹਾਂ ਬਾਰੇ ਤਫਤੀਸ਼ ਦੌਰਾਨ ਡੂੰਘਾਈ ਨਾਲ ਘੋਖ ਕੀਤੀ ਜਾਵੇਗੀ। ਇਹ ਵੀ ਵਰਨਣਯੋਗ ਹੈ ਕਿ ਉਪਰੋਕਤ ਕਥਿਤ ਦੋਸ਼ੀ ਠੇਕੇਦਾਰ ਤੇਲੂ ਰਾਮ ਨੂੰ ਪਹਿਲਾਂ ਹੀ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵੱਲੋਂ ਦਰਜ ਮੁਕੱਦਮੇ 'ਚ ਗਿ੍ਫਤਾਰ ਹੋਣ ਕਰਕੇ ਜੇਲ੍ਹ ਵਿੱਚ ਬੰਦ ਹੈ। ਬਾਕੀ ਰਹਿੰਦੇ ਦੋ ਕਥਿਤ ਦੋਸ਼ੀਆਂ ਠੇਕੇਦਾਰ ਯਸ਼ਪਾਲ ਅਤੇ ਠੇਕੇਦਾਰ ਅਜੈਪਾਲ ਨੂੰ ਗਿ੍ਫਤਾਰ ਕਰਨ ਲਈ ਬਿਊਰੋ ਵੱਲੋਂ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦ ਹੀ ਗਿ੍ਫਤਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਗਿ੍ਫਤਾਰੀ ਤੋਂ ਬਾਅਦ ਕਈ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਖੁਰਾਕ ਵਿਭਾਵ ਵੱਲੋਂ ਕਣਕ/ਝੋਨਾ/ਸਟਾਕ ਆਰਟੀਕਲਜ਼ ਲਈ ਅਨਾਜ ਮੰਡੀਆਂ ਵਿੱਚ ਲੇਬਰ ਕਾਰਟੇਜ਼ ਤੇ ਟਰਾਂਸਪੋਰਟ ਦੇ ਟੈਂਡਰਾਂ ਮੌਕੇ ਆਰਐੱਸ ਕੋ-ਆਪ੍ਰੇਟਿਵ ਕਿਰਤ ਤੇ ਉਸਾਰੀ ਸਭਾ ਨਵਾਂਸ਼ਹਿਰ ਦੇ ਪ੍ਰਧਾਨ ਹਨੀ ਕੁਮਾਰ ਦੀ ਸਭਾ ਵੱਲੋਂ ਸਾਲ 2020-2021 ਵਿੱਚ ਨਵਾਂਸ਼ਹਿਰ ਅਤੇ ਰਾਂਹੋ ਕਲੱਸਟਰ ਅਤੇ ਪੀਜੀ ਗਡਾਊਨ ਨਵਾਂਸ਼ਹਿਰ ਵਿੱਚ ਕੇਵਲ ਲੇਬਰ ਦੇ ਟੈਂਡਰ ਬੇਸਿਕ ਰੇਟ ਤੇ ਪਾਏ ਗਏ ਸਨ ਪਰ ਮਹਿਕਮੇ ਵੱਲੋਂ ਬਿਨਾਂ ਕਿਸੇ ਆਧਾਰ ਉਤੇ ਸ਼ਰਤਾਂ ਲਗਾ ਕੇ ਰੱਦ ਕਰ ਦਿੱਤੇ ਗਏ ਅਤੇ ਨਵਾਂਸ਼ਹਿਰ ਕਲੱਸਟਰ ਦੇ ਇਹ ਟੈਂਡਰ ਠੇਕੇਦਾਰ ਤੇਲੂ ਰਾਮ ਨੂੰ 71 ਫ਼ੀਸਦ ਵੱਧ ਤੇ ਅਤੇ ਰਾਂਹੋਂ ਕਲੱਸਟਰ ਦੇ 72 ਫ਼ੀਸਦ ਵੱਧ ਰੇਟ ਉਤੇ ਦੇ ਦਿੱਤੇ ਗਏ। ਉਪਰੰਤ ਸਾਲ 2022-23 ਦੇ ਮੰਗੇ ਗਏ ਟੈਂਡਰਾਂ ਵਿੱਚ ਹਨੀ ਕੁਮਾਰ ਨੇ ਆਪਣੀ ਉਕਤ ਸਭਾ ਵੱਲੋਂ ਲੇਬਰ ਦੇ ਕੰਮ ਲਈ ਰਾਂਹੋਂ ਕਲੱਸਟਰ ਅਤੇ ਨਵਾਂਸ਼ਹਿਰ ਕਲਸੱਟਰ ਵਿੱਚ ਬੇਸਕ ਰੇਟ ਤੇ ਟੈਂਡਰ ਪਾਏ ਸਨ ਪਰ ਜਿਲਾ ਅਲਾਟਮੈਂਟ ਕਮੇਟੀ ਵੱਲੋਂ ਉਨਾਂ ਟੈਂਡਰਾਂ ਨੂੰ ਰੱਦ ਕਰਕੇ ਠੇਕੇਦਾਰ ਅਜੇਪਾਲ ਨੂੰ ਨਵਾਂਸ਼ਹਿਰ ਕਲੱਸਟਰ ਵਿੱਚ ਲੇਬਰ ਦੇ ਕੰਮਾਂ ਲਈ 73 ਫ਼ੀਸਦ ਵੱਧ ਅਤੇ ਰਾਂਹੋ ਕਲੱਸਟਰ ਵਿੱਚ 72 ਫ਼ੀਸਦ ਵੱਧ ਉਤੇ ਟੈਂਡਰ ਦੇ ਦਿੱਤਾ ਗਿਆ।

ਬੁਲਾਰੇ ਨੇ ਦੱਸਿਆ ਕਿ ਸਾਲ 2020-21 ਦੇ ਟੈਂਡਰ ਭਰਨ ਸਮੇਂ ਠੇਕੇਦਾਰ ਤੇਲੂ ਰਾਮ ਤੇ ਠੇਕੇਦਾਰ ਯਸ਼ਪਾਲ ਜਦਕਿ ਸਾਲ 2020-21 ਅਤੇ 2022-23 ਦੌਰਾਨ ਠੇਕੇਦਾਰ ਅਜੇਪਾਲ ਵੱਲੋਂ ਜਿਣਸ ਦੀ ਢੋਆ ਢਆਈ ਲਈ ਵਹੀਕਲਾਂ ਸਬੰਧੀ ਪੇਸ਼ ਕੀਤੀਆਂ ਆਨਲਾਈਨ ਸੂਚੀਆਂ ਦਾ ਰਿਕਾਰਡ ਸਬੰਧਤ ਜ਼ਿਲ੍ਹਾ ਟਰਾਂਸਪੋਰਟ ਅਥਾਰਟੀਆਂ ਪਾਸੋਂ ਤਸਦੀਕ ਕਰਵਾਇਆ ਗਿਆ ਜਿਸ ਵਿੱਚ ਵਹੀਕਲਾਂ ਦੇ ਕਾਫੀ ਨੰਬਰ ਸਕੂਟਰ, ਮੋਟਰ ਸਾਈਕਲ, ਕਾਰ, ਪਿਕਅੱਪ, ਟਰੈਕਟਰ ਟਰੇਲਰ, ਕਲੋਜ਼ ਬਾਡੀ ਟਰੱਕ, ਐਲਪੀ.ਜੀ. ਟੇੈਂਕਰ ਅਤੇ ਹਾਰਵੈਸਟਰਾਂ ਆਦਿ ਦੇ ਸ਼ਾਮਲ ਸਨ ਜਦ ਕਿ ਇਨਾਂ ਵਹੀਕਲਾਂ ਉਤੇ ਜਿਣਸ ਦੀ ਢੋਆ-ਢੋਆਈ ਨਹੀਂ ਕੀਤੀ ਜਾ ਸਕਦੀ। ਇਸ ਪ੍ਰਕਾਰ ਇਨਾਂ ਗੇਟ ਪਾਸਾਂ ਵਿੱਚ ਫ਼ਰਜ਼ੀ ਵਹੀਕਲਾਂ ਦੇ ਨੰਬਰਾਂ ਦੇ ਨਾਲ ਨਾਲ ਜਿਣਸ ਦੀ ਮਿਕਦਾਰ ਦਾ ਦਿੱਤਾ ਵੇਰਵਾ ਪਹਿਲੀ ਨਜ਼ਰੇ ਫਰਜ਼ੀ ਰਿਪੋਰਟਿੰਗ ਦਾ ਮਾਮਲਾ ਦਿਖਾਈ ਦਿੰਦਾ ਹੈ ਅਤੇ ਇਨਾਂ ਗੇਟ ਪਾਸਾਂ ਵਿੱਚ ਦਰਸਾਈ ਜਿਣਸ ਦੇ ਗਬਨ ਹੋਣ ਦਾ ਮਾਮਲਾ ਵੀ ਉਜਾਗਰ ਹੁੰਦਾ ਹੈ। ਉਨਾਂ ਦੱਸਿਆ ਕਿ ਵਿਭਾਗ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਇਨਾਂ ਗੇਟ ਪਾਸਾਂ ਨੂੰ ਬਿਨਾਂ ਜਾਂਚ ਕੀਤੇ ਹੀ ਉਕਤ ਠੇਕੇਦਾਰਾਂ ਨੂੰ ਕੀਤੇ ਗਏ ਕੰਮਾਂ ਬਦਲੇ ਅਦਾਇਗੀ ਵੀ ਕਰ ਦਿੱਤੀ ਗਈ ਹੈ।

ਉਨਾਂ ਇਹ ਵੀ ਖੁਲਾਸਾ ਕੀਤਾ ਕਿ ਇਸ ਤੋਂ ਇਲਾਵਾ ਟੈਂਡਰ ਭਰਨ ਸਮੇਂ ਉਕਤ ਠੇਕੇਦਾਰਾਂ ਵੱਲੋਂ ਮਜ਼ਦੂਰੀ ਦੇ ਕੰਮ ਸਬੰਧੀ ਮੁਹੱਈਆ ਕਰਵਾਏ ਗਏ ਮਜ਼ਦੂਰਾਂ ਦੇ ਅਧਾਰ ਕਾਰਡਾਂ ਦੀਆਂ ਫੋਟੋ ਕਾਪੀਆਂ ਨੂੰ ਜਾਂਚਣ ਤੋਂ ਪਾਇਆ ਗਿਆ ਕਿ ਇਨਾਂ ਵਿੱਚੋਂ ਕਈ ਅਧਾਰ ਕਾਰਡ ਨਾਬਾਲਗ ਮਜ਼ਦੂਰਾਂ ਦੇ, ਕਈ ਅਧਾਰ ਕਾਰਡ 60 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਦੇ ਅਤੇ ਕਈ ਅਧਾਰ ਕਾਰਡ ਪੜਨ ਯੋਗ ਹੀ ਨਹੀਂ।

ਇਸ ਕਰਕੇ ਤੱਥਾਂ ਮੁਤਾਬਿਕ ਜ਼ਿਲ੍ਹਾ ਟੈਂਡਰ ਕਮੇਟੀ ਵੱਲੋਂ ਸਬੰਧਤ ਠੇਕੇਦਾਰਾਂ ਦੀ ਤਕਨੀਕੀ ਬਿੱਡ ਹੀ ਖਾਰਜ ਕਰਨੀ ਬਣਦੀ ਸੀ, ਜੋ ਕਿ ਨਹੀਂ ਕੀਤੀ ਗਈ, ਜਿਸ ਤੋਂ ਸਾਬਤ ਹੋਇਆ ਹੈ ਕਿ ਉਕਤ ਠੇਕੇਦਾਰਾਂ ਵੱਲੋਂ ਮਹਿਕਮਾ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ, ਸ਼ਹੀਦ ਭਗਤ ਸਿੰਘ ਨਗਰ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਅਤੇ ਸਬੰਧਤ ਖਰੀਦ ਏਜੰਸੀਆਂ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਅਨਾਜ ਮੰਡੀਆਂ ਵਿੱਚ ਅਨਾਜ ਦੀ ਢੋਆ-ਢੁਆਈ ਲਈ ਹੋਏ ਲੇਬਰ ਕਾਰਟੇਜ਼ ਅਤੇ ਟਰਾਂਸਪੋਰਟ ਦੇ ਟੈਂਡਰਾਂ ਵਿੱਚ ਘਪਲੇਬਾਜ਼ੀ ਕੀਤੀ ਗਈ ਹੈ, ਜਿਸ ਦੇ ਆਧਾਰ 'ਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।

Posted By: Shubham Kumar