ਪ੍ਰਦੀਪ ਭਨੋਟ, ਨਵਾਂਸ਼ਹਿਰ : ਕੁੜੀਆਂ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਹਨ। ਇਵੇਂ ਹੀ ਸੰਚਿਤਾ ਨੇ ਯੂਪੀ ਪੀਸੀਐੱਸ ਪ੍ਰੀਖਿਆ ਟਾਪ ਕਰ ਕੇ ਪ੍ਰਤਿਭਾ ਸਾਬਿਤ ਕਰ ਕੇ ਵਿਖਾਈ ਹੈ। ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਕਿ ਉਸ ਨੇ 5ਵੀਂ ਤਕ ਦੀ ਪੜ੍ਹਾਈ ਕਿਰਪਾਲ ਸਾਗਰ ਅਕੈਡਮੀ ਤੋਂ ਕੀਤੀ। 6ਵੀਂ ਤੋਂ 8ਵੀਂ ਕੇਸੀ ਪਬਲਿਕ ਸਕੂਲ ਨਵਾਂਸ਼ਹਿਰ, 9ਵੀਂ, 10ਵੀਂ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਤੋਂ, 11ਵੀਂ, 12ਵੀਂ ਚੰਡੀਗੜ੍ਹ ਤੋਂ ਕੀਤੀ।

2013 'ਚ ਉਸ ਨੇ ਪੰਜਾਬ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਪਾਸ ਆਉਟ ਕੀਤੀ ਸੀ। 2016 ਤੋਂ ਉਹ ਯੂਪੀ ਪੀਸੀਐੱਸ ਦੀ ਪੜ੍ਹਾਈ ਕਰ ਰਹੀ ਸੀ। ਉਸ ਨੇ ਕਿਹਾ ਕਿ ਉਹ ਆਪਣੇ ਮਾਤਾ ਪਿਤਾ ਦੀ ਗਾਈਡਲਾਈਨ ਵਿਚ ਆਈਏਐੱਸ ਜਾਂ ਹੋਰਨਾਂ ਉੱਚ ਪੱਧਰੀ ਪ੍ਰੀਖਿਆਵਾਂ ਦੀ ਤਿਆਰੀ ਕਰਦੀ ਰਹੇਗੀ।

ਉਸ ਨੇ ਦੱਸਿਆ ਕਿ ਉਸ ਦੇ ਅਧਿਆਪਕ ਪਿ੍ੰ. ਐੱਸ ਕੇ ਸ਼ਰਮਾ ਦੀ ਇੱਛਾ ਸੀ ਕਿ ਉਹ ਲੋਕ ਸੇਵਾ ਲਈ ਅੱਗੇ ਆਵੇ। ਜ਼ਿਕਰਯੋਗ ਹੈ ਕਿ ਸੰਚਿਤਾ ਦੇ ਪਿਤਾ ਚੰਦਰ ਸ਼ੇਖਰ ਸਹਿਜਪਾਲ ਨਵਾਂਸ਼ਹਿਰ ਵਿਚ ਜਨ ਔਸ਼ਧੀ ਕੇਂਦਰ ਚਲਾ ਰਹੇ ਹਨ ਜਦਕਿ ਮਾਤਾ ਜੋਤੀ ਬਤੌਰ ਲੈਕਚਰਾਰ ਸੇਵਾਵਾਂ ਨਿਭਾਅ ਰਹੀ ਹੈ। ਸੰਚਿਤਾ ਦੀ ਭੈਣ ਡਾ. ਨਿਵੇਦਿਤਾ ਡੈਂਟਲ ਡਾਕਟਰ ਹੈ ਤੇ ਭਰਾ ਵਕਾਲਤ ਦੇ ਆਖ਼ਰੀ ਸਾਲ ਦੀ ਪੜ੍ਹਾਈ ਕਰਦਾ ਹੈ।

ਪ੍ਰਾਈਵੇਟ ਸੈਕਟਰ 'ਚ ਪੈਸਾ ਤਾਂ ਹੈ ਪਰ ਸ਼ਾਂਤੀ ਨਹੀਂ

ਸੰਚਿਤਾ ਮੁਤਾਬਕ ਪ੍ਰਾਈਵੇਟ ਸੈਕਟਰ ਵਿਚ ਪੈਸਾ ਤਾਂ ਹੈ ਪਰ ਮਨ ਦੀ ਸ਼ਾਂਤੀ ਨਹੀਂ ਹੈ। ਇੰਜੀਨੀਅਰਿੰਗ ਕਰਨ ਤੋਂ ਬਾਅਦ ਉਸ ਨੂੰ ਲੱਗਿਆ ਸੀ ਕਿ ਉਹ ਪੜ੍ਹਾਈ ਰਾਹੀਂ ਵੱਡੇ ਪੈਕੇਜ ਤਾਂ ਲੈ ਸਕਦੀ ਹੈ ਪਰ ਉਸ ਦੇ ਮਨ ਨੂੰ ਸ਼ਾਂਤੀ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਫ਼ਕੀਰੀ ਵਿਚ ਰਹਿਣ ਵਾਲੇ ਲੋਕ ਜ਼ਿਆਦਾ ਸੁਖੀ ਰਹਿੰਦੇ ਹਨ। ਇਸੇ ਲਈ ਉਨ੍ਹਾਂ ਇਹ ਖੇਤਰ ਚੁਣਿਆ ਹੈ।