ਪ੍ਰਦੀਪ ਭਨੋਟ, ਨਵਾਂਸ਼ਹਿਰ

ਨਗਰ ਕੌਂਸਲ ਦਫ਼ਤਰ ਨਵਾਂਸ਼ਹਿਰ ਵਿਖੇ ਨਵੇਂ ਚੁਣੇ ਗਏ ਸਮੂਹ ਮੈਂਬਰਾਂ ਦੀ ਅੱਜ ਹੋਈ ਵਿਸ਼ੇਸ਼ ਇਕੱਤਰਤਾ ਦੌਰਾਨ ਸਚਿਨ ਦੀਵਾਨ ਨੂੰ ਨਗਰ ਕੌਂਸਲ ਨਵਾਂਸ਼ਹਿਰ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਜਦਕਿ ਪਿ੍ਰਥਵੀ ਚੰਦ ਸੀਨੀਅਰ ਮੀਤ ਪ੍ਰਧਾਨ ਅਤੇ ਸੀਸ ਕੌਰ ਮੀਤ ਪ੍ਰਧਾਨ ਚੁਣੇ ਗਏ। ਕਨਵੀਨਰ-ਕਮ-ਐੱਸਡੀਐੱਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਦੀ ਦੇਖ-ਰੇਖ ਹੋਈ ਇਸ ਚੋਣ ਦੌਰਾਨ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਅਤੇ ਨਗਰ ਕੌਂਸਲ ਨਵਾਂਸ਼ਹਿਰ ਦੇ ਕਾਰਜ ਸਾਧਕ ਅਫ਼ਸਰ ਰਾਮ ਪ੍ਰਕਾਸ਼ ਅਤੇ ਸਮੂਹ ਕੌਸਲਰ ਵੀ ਮੌਜੂਦ ਰਹੇ। ਚੋਣ ਤੋਂ ਪਹਿਲਾਂ ਐੱਸਡੀਐੱਮ ਜਗਦੀਸ਼ ਸਿੰਘ ਜੌਹਲ ਵੱਲੋਂ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਸਮੂਹ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਨਗਰ ਕੌਂਸਲ ਪ੍ਰਧਾਨ ਦੀ ਚੋਣ ਲਈ ਮੈਂਬਰ ਕੁਲਵੰਤ ਕੌਰ ਵੱਲੋਂ ਸਚਿਨ ਦੀਵਾਨ ਦਾ ਨਾਂਅ ਪ੍ਰਧਾਨ ਦੇ ਅਹੁਦੇ ਲਈ ਤਜਵੀਜ਼ ਕੀਤਾ ਗਿਆ। ਜਿਸ ਦੀ ਤਾਈਦ ਮੈਂਬਰ ਚੇਤ ਰਾਮ ਰਤਨ ਵੱਲੋਂ ਕੀਤੀ ਗਈ। ਇਸ ਉਪਰੰਤ ਮੈਂਬਰ ਸੀਸ ਕੌਰ ਵੱਲੋਂ ਕਮਲਜੀਤ ਲਾਲ ਦਾ ਨਾਂਅ ਪ੍ਰਧਾਨ ਦੇ ਅਹੁਦੇ ਲਈ ਤਜਵੀਜ਼ ਕੀਤਾ ਗਿਆ। ਪਰੰਤੂ ਮੈਂਬਰ ਕਮਲਜੀਤ ਲਾਲ ਵੱਲੋਂ ਆਪਣੇ ਨਾਂਅ ਦੀ ਤਜਵੀਜ਼ ਵਾਪਸ ਲੈਂਦੇ ਹੋਏ ਤਜਵੀਜ਼ ਰੱਦ ਕੀਤੀ ਗਈ। ਇਸ ਤਰ੍ਹਾਂ ਸਚਿਨ ਦੀਵਾਨ ਦੇ ਮੁਕਾਬਲੇ 'ਤੇ ਪ੍ਰਧਾਨ ਦੇ ਅਹੁਦੇ ਦਾ ਕੋਈ ਹੋਰ ਉਮੀਦਵਾਰ ਨਾ ਹੋਣ ਕਾਰਨ ਸਚਿਨ ਦੀਵਾਨ ਨੂੰ ਜੇਤੂ ਕਰਾਰ ਦਿੱਤਾ ਗਿਆ। ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦੇ ਲਈ ਮੈਂਬਰਾਂ ਤੋਂ ਤਜਵੀਜ਼ ਮੰਗਣ 'ਤੇ ਮੈਂਬਰ ਕਮਲਜੀਤ ਲਾਲ ਵੱਲੋਂ ਪਿ੍ਰਥਵੀ ਚੰਦ ਦਾ ਨਾਂਅ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਤਜਵੀਜ਼ ਕੀਤਾ ਗਿਆ ਅਤੇ ਇਸ ਦੀ ਤਾਈਦ ਮੈਂਬਰ ਪਰਵੀਨ ਕੁਮਾਰ ਵੱਲੋਂ ਕੀਤੀ ਗਈ। ਇਸੇ ਤਰ੍ਹਾਂ ਮੈਂਬਰ ਲਲਿਤ ਮੋਹਨ ਪਾਠਕ ਵੱਲੋਂ ਸੀਸ ਕੌਰ ਦਾ ਨਾਂਅ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਤਜਵੀਜ਼ ਕੀਤਾ ਗਿਆ। ਜਿਸ ਦੀ ਤਾਈਦ ਮੈਂਬਰ ਪਰਮ ਸਿੰਘ ਵੱਲੋਂ ਕੀਤੀ ਗਈ, ਪਰੰਤੂ ਕਨਵੀਨਰ ਵੱਲੋਂ ਵੋਟਿੰਗ ਦਾ ਐਲਾਨ ਕਰਨ 'ਤੇ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪਿ੍ਰਥਵੀ ਚੰਦ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸੀਸ ਕੌਰ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਵਿਧਾਇਕ ਅੰਗਦ ਸਿੰਘ ਨੇ ਨਵੇਂ ਚੁਣੇ ਗਏ ਪ੍ਰਧਾਨ ਸਚਿਨ ਦੀਵਾਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਮਿਹਨਤ ਤੇ ਲਗਨ ਨਾਲ ਕੰਮ ਕਰਨ ਦੀ ਤਾਕੀਦ ਕੀਤੀ। ਇਸ ਦੌਰਾਨ ਪ੍ਰਧਾਨ ਸਚਿਨ ਦੀਵਾਨ ਨੇ ਉਨ੍ਹਾਂ 'ਤੇ ਪ੍ਰਗਟਾਏ ਭਰੋਸੇ ਲਈ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਤਨਦੇਹੀ ਨਾਲ ਕੰਮ ਕਰਨਗੇ ਅਤੇ ਸਭਨਾਂ ਦੇ ਸਹਿਯੋਗ ਨਾਲ ਨਵਾਂਸ਼ਹਿਰ ਨੂੰ ਤਰੱਕੀ ਦੀਆਂ ਬੁਲੰਦੀਆਂ 'ਤੇ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ।

-------------

ਸਾਰੇ ਕੌਂਸਲਰ ਸਨ ਹਾਜ਼ਰ

ਐੱਸਡੀਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਦੀ ਦੇਖ-ਰੇਖ ਹੋਈ ਇਸ ਚੋਣ ਦੌਰਾਨ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਅਤੇ ਨਗਰ ਕੌਂਸਲ ਨਵਾਂਸ਼ਹਿਰ ਦੇ ਕਾਰਜ ਸਾਧਕ ਅਫ਼ਸਰ ਰਾਮ ਪ੍ਰਕਾਸ਼ ਦੀ ਅਗਵਾਈ ਹੇਠ ਹੋਈ ਇਕਤਰਤਾ ਵਿਚ ਵਾਰਡ 1 ਤੋਂ ਬਲਵਿੰਦਰ ਕੌਰ, 2 ਤੋਂ ਬਲਵਿੰਦਰ ਭੂੰਬਲਾ, 3 ਤੋਂ ਜਿੰਦਰਜੀਤ ਕੌਰ, 4 ਤੋਂ ਪਰਮ ਸਿੰਘ ਖ਼ਾਲਸਾ, 5 ਤੋਂ ਪਰਮਜੀਤ ਕੌਰ, 6 ਤੋਂ ਸਚਿਨ ਦੀਵਾਨ, 7 ਤੋਂ ਕੁਲਵੰਤ ਕੌਰ, 8 ਤੋਂ ਪ੍ਰਵੀਨ ਭਾਟੀਆ, 9 ਤੋਂ ਮੋਨਿਕਾ ਗੋਗਾ, 10 ਤੋਂ ਮੱਖਣ ਗਰੇਵਾਲ, 11 ਤੋਂ ਨੀਸ਼ੂ ਚੋਪੜਾ, 12 ਤੋਂ ਲਲਿਤ ਮੋਹਨ ਪਾਠਕ, 13 ਤੋਂ ਜਸਪ੍ਰਰੀਤ ਕੌਰ ਬਖਸ਼ੀ, 14 ਤੋਂ ਪਿਰਥੀ ਚੰਦ, 15 ਤੋਂ ਸੀਸ ਕੌਰ ਬੀਕਾ, 16 ਤੋਂ ਕਮਲਜੀਤ ਲਾਲ, 17 ਤੋਂ ਚੇਤ ਰਾਮ ਰਤਨ, 18 ਤੋਂ ਗੁਰਮੁੱਖ ਸਿੰਘ ਨੌਰਥ, 19 ਤੋਂ ਜਸਵੀਰ ਕੌਰ ਹਾਜ਼ਰ ਸਨ।